ਭਵਾਨੀਗੜ੍ਹ : ਬਰਸਾਤੀ ਪਾਣੀ ਨੇ ਧਾਰਨ ਕੀਤਾ ਝੀਲ ਦਾ ਰੂਪ, ਪਰੇਸ਼ਾਨ ਦੁਕਾਨਦਾਰਾਂ ਨੇ ਕੀਤੀ ਨਾਅਰੇਬਾਜ਼ੀ

Sunday, Jul 12, 2020 - 04:50 PM (IST)

ਭਵਾਨੀਗੜ੍ਹ (ਕਾਂਸਲ) - ਸਥਾਨਕ ਸ਼ਹਿਰ ਤੋਂ ਨਾਭਾ ਨੂੰ ਜਾਂਦੀ ਮੁੱਖ ਸੜਕ ਉਪਰ ਬਰਸਾਤੀ ਪਾਣੀ ਦੀ ਨਿਕਾਸੀ ਦਾ ਕੋਈ ਵੀ ਪੁਖਤਾ ਪ੍ਰਬੰਧ ਨਾ ਹੋਣ ਕਾਰਨ ਬਰਸਾਤ ਦਾ ਪਾਣੀ ਭਰ ਜਾਣ ’ਤੇ ਸੜਕ ਦੇ ਝੀਲ ਦਾ ਰੂਪ ਧਾਰਨ ਕਰ ਜਾਣ ਕਾਰਨ ਇਥੇ ਦੁਕਾਨਦਾਰਾਂ ਦੇ ਕਾਰੋਬਾਰ ਪੂਰੀ ਤਰ੍ਹਾਂ ਠੱਪ ਹੋ ਜਾਣ ਅਤੇ ਰਾਹਗੀਰਾਂ ਅਤੇ ਵਾਹਨਾਂ ਚਾਲਕਾਂ ਨੂੰ ਪੇਸ਼ ਆ ਰਹੀਆਂ ਵੱਡੀਆਂ ਪ੍ਰੇਸ਼ਾਨੀਆਂ ਤੋਂ ਦੁਖੀ ਹੋਏ ਦੁਕਾਨਦਾਰਾਂ ਅਤੇ ਰਾਹਗੀਰਾਂ ਨੇ ਸੜਕ ਉਪਰ ਆਵਾਜਾਈ ਠੱਪ ਕਰਕੇ ਰੋਸ ਧਰਨਾ ਦਿੰਦਿਆਂ ਪੰਜਾਬ ਸਰਕਾਰ, ਸੜਕੀ ਵਿਭਾਗ ਅਤੇ ਟੋਲ ਪਲਾਜਾ ਮੈਨੇਜਮੈਂਟ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ।

ਇਸ ਮੌਕੇ ਰੋਸ ਪ੍ਰਦਰਸ਼ਨ ਕਰ ਰਹੇ ਦੁਕਾਨਦਾਰਾਂ ਅਤੇ ਰਾਹਗੀਰਾਂ ਜਿਨ੍ਹਾਂ ’ਚ ਜੰਮੂ ਰਾਮ ਪ੍ਰਧਾਨ ਕਬਾੜੀਆਂ ਐਸੋ., ਧਰਮਪਾਲ ਸਿੰਘ ਪ੍ਰਧਾਨ ਜਬਰ ਜ਼ੁਲਮ ਵਿਰੋਧੀ ਫ਼ਰੰਟ ਪੰਜਾਬ, ਨਿਰਮਲ ਸਿੰਘ ਭੜ੍ਹੋ ਮੀਤ ਪ੍ਰਧਾਨ, ਨਰਿੰਦਰ ਕੌਰ ਭਰਾਜ ਆਮ ਆਦਮੀ ਪਾਰਟੀ, ਜਸਵਿੰਦਰ ਚੋਪੜਾ , ਦਲੀਪ ਸਿੰਘ, ਸੰਦੀਪ ਲਾਲਕਾ,  ਜਸਵੰਤ ਸਿੰਘ, ਮੱਖਣ ਸਿੰਘ ਅਤੇ ਹਰਜਿੰਦਰ ਸਿੰਘ ਸ਼ਾਮਿਲ ਸਨ ਨੇ ਦੱਸਿਆ ਕਿ ਭਵਾਨੀਗੜ੍ਹ ਤੋਂ ਪਟਿਆਲਾ ਨੂੰ ਜਾਣ ਵਾਲੀ ਨੈਸ਼ਨਲ ਹਾਈਵੇ ਦਾ ਨਿਰਮਾਣ ਹੋਣ ਤੋਂ ਬਾਅਦ ਭਵਾਨੀਗੜ੍ਹ ਤੋਂ ਨਾਭਾ ਨੂੰ ਜਾਣ ਵਾਲੀ ਸੜਕ ਬਹੁਤ ਜਿਆਦਾ ਨੀਵੀ ਹੋ ਜਾਣ ਅਤੇ ਇਥੇ ਸੜਕ ਉਪਰ ਬਰਸਾਤੀ ਪਾਣੀ ਦੇ ਨਿਕਾਸ ਲਈ ਕੋਈ ਵੀ ਪੁਖਤਾ ਪ੍ਰਬੰਧ ਨਾ ਹੋਣ ਕਾਰਨ ਬਰਸਾਤਾਂ ਦੇ ਦਿਨਾਂ ਵਿਚ ਥੋੜੀ ਜਿਹੀ ਬਰਸਾਤ ਹੋਣ ’ਤੇ ਹੀ ਸੜਕ ਪਾਣੀ ਨਾਲ ਭਰ ਕੇ ਅੱਧ ਕਿਲੋਂਮੀਟਰ ਤੱਕ ਝੀਲ ਦਾ ਰੂਪ ਧਾਰਨ ਕਰ ਜਾਂਦੀ ਹੈ ਅਤੇ ਕਰੀਬ ਇਕ ਮਹੀਨੇ ਤੱਕ ਇਹ ਪਾਣੀ ਨਹੀਂ ਸੁੱਕਦਾ। ਇਥੇ ਪਾਣੀ ਖੜਾ ਰਹਿਣ ਕਾਰਨ ਜਿਥੇ ਸੜਕ ਵਿਚਕਾਰ ਡੂੰਘੇ ਡੂੰਘੇ ਟੌਏ ਪੈ ਜਾਣ ਕਾਰਨ ਸੜਕ ਦੀ ਹਾਲਤ ਬਹੁਤ ਖਸਤਾ ਹੋ ਗਈ ਹੈ ਉਥੇ ਨਾਲ ਹੀ ਇਥੇ ਗੰਦੇ ਪਾਣੀ ਵਿਚ ਮੱਛਰ ਮੱਖੀਆਂ ਅਤੇ ਗੰਦਗੀ ਕਾਰਨ ਬੀਮਾਰੀਆਂ ਫੈਲਣ ਦਾ ਵੀ ਖਾਦਸਾ ਰਹਿੰਦਾ ਹੈ ਅਤੇ ਨਾਲ ਹੀ ਇਥੇ ਨਾਭਾ ਰੋਡ ਉਪਰ ਸਥਿਤ ਮਾਰਕਿਟ ਵਿਚਲੀਆਂ ਦੁਕਾਨਾਂ ਉਪਰ ਆਉਣ ਜਾਣ ਲਈ ਕੋਈ ਵੀ ਰਸਤਾ ਨਾ ਹੋਣ ਕਾਰਨ ਇਥੇ ਗਹਾਕਾਂ ਦੇ ਨਾ ਆਉਣ ਕਾਰਨ ਇਕ ਮਹੀਨੇ ਤੱਕ ਉਨ੍ਹਾਂ ਦੇ ਕਾਰੋਬਾਰ ਪੂਰੀ ਤਰ੍ਹਾਂ ਠੱਪ ਰਹਿੰਦੇ ਹਨ। ਇਸ ਦੇ ਨਾਲ ਹੀ ਇਥੋਂ ਨਾਭਾ ਨੂੰ ਆਉਣ ਜਾਣ ਸਮੇਂ ਵੀ ਵਾਹਨ ਚਾਲਕਾਂ ਨੂੰ ਇਸ ਪਾਣੀ ’ਚੋਂ ਬਹੁਤ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਕੇ ਵਾਹਨ ਲਗਾਉਂਣੇ ਪੈਂਦੇ ਹਨ ਅਤੇ ਅਕਸਰ ਪਾਣੀ ਵਿਚ ਨਾ ਨਜ਼ਰ ਆਉਣ ਵਾਲੇ ਟੌਇਆਂ ਵਿਚ ਡਿੱਗਣ ਕਾਰਨ ਇਥੇ ਹਾਦਸੇ ਵੀ ਵਾਪਰ ਰਹੇ ਹਨ।

ਦੁਕਾਨਦਾਰਾਂ ਨੇ ਰੋਸ ਜਾਹਿਰ ਕੀਤਾ ਕਿ ਭਵਾਨੀਗੜ੍ਹ ਤੋਂ ਨਾਭਾ ਨੂੰ ਜਾਂਦੀ ਮੁੱਖ ਸੜਕ ਉਪਰ ਪੰਜਾਬ ਸਰਕਾਰ ਵਲੋਂ ਟੋਲ ਪਲਾਜਾ ਲਗਾ ਕੇ ਇਥੋਂ ਲੰਘਣ ਵਾਲੇ ਹਰ ਵਾਹਨ ਤੋਂ ਟੋਲ ਟੈਕਸ ਦੀ ਲੰਬੇ ਸਮੇਂ ਤੋਂ ਵਸੂਲੀ ਕੀਤੀ ਜਾ ਰਹੀ ਹੈ। ਪਰ ਇਥੇ ਟੋਲ ਟੈਕਸ ਵਸੂਲਣ ਦੇ ਬਾਵਜੂਦ ਨਾ ਹੀ ਇਸ ਸੜਕ ਦੀ ਸਮੇਂ ਸਿਰ ਕੋਈ ਮੁਰੰਮਤ ਕੀਤੀ ਜਾਂਦੀ ਹੈ ਅਤੇ ਨਾ ਇਸ ਉਪਰ ਖੜਣ ਵਾਲੇ ਬਰਸਾਤੀ ਪਾਣੀ ਦੇ ਨਿਕਾਸ ਦਾ ਕੋਈ ਠੋਸ ਪ੍ਰਬੰਧ ਕੀਤਾ ਗਿਆ ਹੈ। ਉੁਨ੍ਹਾਂ ਕਿਹਾ ਕਿ ਸੜਕੀ ਵਿਭਾਗ ਅਤੇ ਟੋਲ ਟੈਕਸ ਕੰਪਨੀ ਦੇ ਨਾਲ ਨਾਲ ਸਥਾਨਕ ਪ੍ਰਸਾਸ਼ਨ ਵੱਲੋਂ ਵੀ ਇਸ ਸੜਕ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਮੰਗ ਕੀਤੀ ਕਿ ਜਲਦ ਇਸ ਸੜਕ ਉਪਰ ਪਾਣੀ ਦੀ ਨਿਕਾਸ਼ੀ ਦਾ ਕੋਈ ਠੋਸ ਪ੍ਰਬੰਧ ਕਰਕੇ ਲੋਕਾਂ ਨੂੰ ਇਸ ਪੇ੍ਰਸ਼ਾਨੀ ਤੋਂ ਮੁਕਤ ਕੀਤਾ ਜਾਵੇ। ਜਾਂ ਫਿਰ ਇਸ ਸੜਕ ਤੋਂ ਟੋਲ ਪਲਾਜਾਂ ਚੁੱਕ ਕੇ ਲੋਕਾਂ ਨੂੰ ਟੋਲ ਟੈਕਸ ਤੋਂ ਮੁਕਤ ਕੀਤਾ ਜਾਵੇ।


Harinder Kaur

Content Editor

Related News