ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ 40 ਏਕੜ ''ਚ ਗੋਭੀ ਹੋਈ ਖਰਾਬ

Monday, Sep 04, 2017 - 07:58 AM (IST)

ਬਨੂੜ (ਗੁਰਪਾਲ) - ਬਨੂੜ ਤੋਂ ਰਾਜਪੁਰਾ ਨੂੰ ਜਾਂਦੇ ਕੌਮੀ ਰਾਜ ਮਾਰਗ 'ਤੇ ਸੜਕ ਦਾ ਨਿਰਮਾਣ ਕਰਨ ਵਾਲੀ ਕੰਪਨੀ ਵੱਲੋਂ ਪੁਲੀਆਂ ਨਾ ਬਣਾਉਣ ਕਾਰਨ ਨੇੜਲੇ ਪਿੰਡ ਜੰਗਪੁਰਾ ਦੇ ਕਿਸਾਨਾਂ ਦੀ 40 ਏਕੜ ਦੇ ਕਰੀਬ ਗੋਭੀ ਦੀ ਫਸਲ ਬਰਸਾਤੀ ਪਾਣੀ ਦੀ ਭੇਟ ਚੜ੍ਹ ਗਈ ਹੈ। ਜਾਣਕਾਰੀ ਦਿੰਦਿਆਂ ਕਿਸਾਨ ਮਲਕੀਤ ਸਿੰਘ, ਪਾਲ ਸਿੰਘ, ਕੁਲਵੰਤ ਸਿੰਘ, ਸਤਵਿੰਦਰ ਸਿੰਘ, ਮਨਦੀਪ ਸਿੰਘ ਅਤੇ ਅਮਰਜੀਤ ਸਿੰਘ ਨੇ ਦੱਸਿਆ ਕਿ ਸੜਕ ਦਾ ਨਿਰਮਾਣ ਕਰ ਰਹੀ ਕੰਪਨੀ ਨੇ ਪਾਣੀ ਦੀ ਨਿਕਾਸੀ ਲਈ ਬਣਾਈਆਂ ਗਈਆਂ ਪੁਲੀਆਂ ਬੰਦ ਕਰ ਦਿੱਤੀਆਂ ਸਨ। ਕੁੱਝ ਥਾਵਾਂ 'ਤੇ ਪੁਲੀਆਂ ਦਾ ਨਿਰਮਾਣ ਨਹੀਂ ਕੀਤਾ, ਜਿਸ ਕਾਰਨ ਪਾਣੀ ਦੀ ਨਿਕਾਸੀ ਬੰਦ ਹੋ ਗਈ ਤੇ ਬੀਤੇ ਦਿਨੀਂ ਇਲਾਕੇ ਵਿਚ ਹੋਈ ਬਰਸਾਤ ਕਾਰਨ ਗੋਭੀ ਦੀ ਫਸਲ ਵਿਚੋਂ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਹੋਈ 40 ਏਕੜ ਦੇ ਕਰੀਬ ਗੋਭੀ ਦੀ ਫਸਲ ਕੰਪਨੀ ਦੀ ਨਾਲਾਇਕੀ ਕਾਰਨ ਪਾਣੀ ਦੀ ਭੇਟ ਚੜ੍ਹ ਗਈ।  ਇਸੇ ਤਰ੍ਹਾਂ ਪਿੰਡ ਜੰਗਪੁਰਾ ਦੇ ਨੇੜੇ ਪੈਟਰੋਲ ਪੰਪ ਦੇ ਪ੍ਰਬੰਧਕਾਂ ਵੱਲੋਂ ਬੰਦ ਕੀਤੀ ਗਈ ਪੁਲੀ ਨੂੰ ਪਿੰਡ ਦੇ ਸਮਾਜ-ਸੇਵੀ ਨੌਜਵਾਨ ਬਿੱਲਾ ਦੀ ਅਗਵਾਈ ਵਿਚ ਕਿਸਾਨਾਂ ਨੇ ਆਪਣੇ ਖਰਚੇ 'ਤੇ ਜੇ. ਸੀ. ਬੀ. ਮਸ਼ੀਨ ਦੀ ਮਦਦ ਨਾਲ ਖੁਲ੍ਹਵਾਇਆ। ਕਿਸਾਨਾਂ ਨੇ ਪ੍ਰਸ਼ਾਸਨ ਤੋਂ ਗਿਰਦਾਵਰੀ ਕਰਵਾ ਕੇ ਮੁਆਵਜ਼ੇ ਦੀ ਮੰਗ ਕੀਤੀ ਹੈ। ਕੰਪਨੀ ਦੇ ਪ੍ਰਬੰਧਕਾਂ ਖਿਲਾਫ਼ ਮੁਕੱਦਮਾ ਦਰਜ ਕਰਨ ਦੀ ਮੰਗ  : ਕਿਸਾਨਾਂ ਦੀ ਮਹਿੰਗੇ ਭਾਅ ਦਾ ਬੀਜ ਖਰੀਦ ਕੇ ਲਾਈ ਹੋਈ ਗੋਭੀ ਦੀ ਫਸਲ ਖਰਾਬ ਹੋਣ 'ਤੇ ਕੰਪਨੀ ਦੇ ਪ੍ਰਬੰਧਕਾਂ ਖਿਲਾਫ਼ ਮੁਕੱਦਮਾ ਦਰਜ ਕਰਨ ਦੀ ਮੰਗ ਕਰਦਿਆਂ ਕਿਸਾਨ ਯੂਨੀਅਨ ਦੇ ਜ਼ਿਲਾ ਪ੍ਰਧਾਨ ਬਲਵੰਤ ਸਿੰਘ ਨੰਡਿਆਲੀ ਨੇ ਪ੍ਰਸ਼ਾਸਨ ਤੋਂ ਸੜਕ ਵਿਚ ਦੁਬਾਰਾ ਪੁਲੀਆਂ ਦਾ ਨਿਰਮਾਣ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਆਰਥਿਕ ਮੰਦਹਾਲੀ ਕਾਰਨ ਕਿਸਾਨ ਆਤਮ-ਹੱਤਿਆਵਾਂ ਕਰਨ ਲਈ ਮਜਬੂਰ ਹਨ।


Related News