740 ਫੁੱਟ 'ਤੇ ਵਹਿ ਰਿਹੈ ਘੱਗਰ ਦਰਿਆ, 751 'ਤੇ ਹੈ ਖਤਰਾ

09/25/2018 5:38:30 PM

ਖਨੌਰੀ (ਜ.ਬ.) : ਪਿਛਲੇ 3 ਦਿਨਾਂ ਤੋਂ ਪੂਰੇ ਉੱਤਰੀ ਭਾਰਤ 'ਚ ਪੈ ਰਹੇ ਮੀਂਹ ਅਤੇ ਹਿਮਾਚਲ 'ਚ ਪੈਂਦੇ ਪਹਾੜਾਂ ਤੋਂ ਇਲਾਵਾ ਕਾਲਕਾ, ਚੰਡੀਗੜ੍ਹ, ਪਟਿਆਲਾ, ਰਾਜਪੁਰਾ, ਅੰਬਾਲਾ ਆਦਿ ਸ਼ਹਿਰਾਂ ਅਤੇ ਨਾਲ ਲੱਗਦੇ ਇਲਾਕਿਆਂ 'ਚ ਪਏ ਮੀਂਹ ਕਾਰਨ ਘੱਗਰ ਦਰਿਆ 'ਚ ਤੇਜ਼ੀ ਨਾਲ ਪਾਣੀ ਦਾ ਪੱਧਰ ਵਧਣਾ ਸ਼ੁਰੂ ਹੋ ਗਿਆ ਹੈ, ਜਿਸ ਕਾਰਨ ਪ੍ਰਸ਼ਾਸਨ ਇਕ ਦਮ ਹਰਕਤ 'ਚ ਆ ਗਿਆ ਹੈ। ਘੱਗਰ ਦਰਿਆ ਦੇ ਨਾਲ ਲੱਗਦੇ ਪਿੰਡਾਂ 'ਚ ਲੋਕਾਂ ਨੂੰ ਅਲਰਟ ਕਰਨ ਲਈ ਅਨਾਊਂਸਮੈਂਟ ਕਰਵਾਈ ਜਾ ਰਹੀ ਹੈ। ਆਉਣ ਵਾਲੇ 24 ਤੋਂ 36 ਘੰਟੇ ਅਤਿ ਨਾਜ਼ੁਕ ਦੱਸੇ ਜਾ ਰਹੇ ਹਨ। ਘੱਗਰ ਦਰਿਆ ਦੇ ਪਾਣੀ 'ਤੇ ਨਜ਼ਰ ਰੱਖਣ ਲਈ ਖਨੌਰੀ ਵਿਖੇ ਆਰ. ਡੀ. 460 'ਤੇ ਫਲੱਡ ਕੰਟਰੋਲ ਰੂਮ ਸਥਾਪਤ ਕਰ ਦਿੱਤਾ ਗਿਆ ਹੈ।

ਫਲੱਡ ਕੰਟਰੋਲ ਰੂਮ ਖਨੌਰੀ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਖ਼ਬਰ ਲਿਖੇ ਜਾਣ ਤੱਕ ਘੱਗਰ ਦਰਿਆ 740 'ਤੇ ਚੱਲ ਰਿਹਾ ਸੀ ਅਤੇ ਆਰ. ਡੀ. 460 ਖਨੌਰੀ 'ਤੇ ਲੱਗੀ ਗੇਜ ਅਨੁਸਾਰ 751 ਫੁੱਟ ਨੂੰ ਖ਼ਤਰੇ ਦਾ ਨਿਸ਼ਾਨ ਮੰਨਿਆ ਜਾਂਦਾ ਹੈ ਅਤੇ ਇਸ ਵੇਲੇ ਘੱਗਰ ਦਰਿਆ ਖ਼ਤਰੇ ਦੇ ਨਿਸ਼ਾਨ ਤੋਂ 11 ਫੁੱਟ ਹੇਠਾਂ ਚੱਲ ਰਿਹਾ ਹੈ ਅਤੇ ਅੱਧਾ ਫੁੱਟ (6 ਇੰਚ) ਪ੍ਰਤੀ ਘੰਟੇ ਦੀ ਰਫ਼ਤਾਰ ਨਾਲ  ਦਰਿਆ ਦਾ ਪਾਣੀ ਖ਼ਤਰੇ ਦੇ ਨਿਸ਼ਾਨ ਵੱਲ ਵੱਧ ਰਿਹਾ ਹੈ।


Related News