ਰੇਲਵੇ ਹੈੱਡਕੁਆਰਟਰ ਨੇ ਹੁਣ ਰਿਆਇਤੀ ਟਿਕਟਾਂ ਲੈਣ ਵਾਲਿਆਂ ''ਤੇ ਟਿਕਾਈਆਂ ਨਜ਼ਰਾਂ
Wednesday, Aug 09, 2017 - 04:59 PM (IST)

ਜਲੰਧਰ(ਗੁਲਸ਼ਨ)— ਰੇਲਵੇ ਹੈੱਡਕੁਆਰਟਰ ਨੇ ਰੇਲ ਟਿਕਟ ਬੁਕਿੰਗ ਦੌਰਾਨ ਮਿਲਣ ਵਾਲੀ ਰਿਆਇਤ ਦਾ ਸਾਰੇ ਮੰਡਲਾਂ ਤੋਂ ਬਿਊਰਾ ਮੰਗਿਆ ਹੈ। ਜ਼ਿਕਰਯੋਗ ਹੈ ਕਿ ਰੇਲਵੇ ਆਪਣੇ ਕਰਮਚਾਰੀਆਂ, ਰਿਟਾਇਰਡ ਰੇਲਵੇ ਕਰਮਚਾਰੀਆਂ, ਅਪਾਹਜਾਂ, ਕੈਂਸਰ ਪੀੜਤਾਂ, ਖਿਡਾਰੀਆਂ ਅਤੇ ਪੱਤਰਕਾਰਾਂ ਆਦਿ ਨੂੰ ਰਿਆਇਤੀ ਰੇਲ ਟਿਕਟਾਂ ਜਾਰੀ ਕਰਦਾ ਹੈ, ਜਿਸ ਨਾਲ ਕਿਰਾਏ ਵਿਚ 50 ਫੀਸਦੀ ਤੱਕ ਛੋਟ ਦਿੱਤੀ ਜਾਂਦੀ ਹੈ। ਹੁਣ ਰੇਲਵੇ ਨੇ ਅਜਿਹੇ ਲੋਕਾਂ 'ਤੇ ਵੀ ਨਜ਼ਰਾਂ ਟਿਕਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ।
ਜਾਣਕਾਰੀ ਮੁਤਾਬਕ ਆਉਣ ਵਾਲੇ ਸਮੇਂ ਦੌਰਾਨ ਰੇਲਵੇ ਰਿਆਇਤੀ ਟਿਕਟਾਂ ਵਿਚ ਕਟੌਤੀ ਕਰ ਸਕਦਾ ਹੈ। ਰੇਲਵੇ ਹੈੱਡਕੁਆਰਟਰ ਨੇ ਸਾਰੇ ਮੰਡਲਾਂ ਤੋਂ ਪਿਛਲੇ 3 ਸਾਲਾਂ 'ਚ ਬਣੀਆਂ ਰਿਆਇਤੀ ਟਿਕਟਾਂ ਦਾ ਪੂਰਾ ਬਿਊਰਾ ਮੰਗਿਆ ਹੈ। ਜ਼ਿਕਰਯੋਗ ਹੈ ਕਿ ਰੇਲਵੇ ਹਰ ਸਾਲ ਹੋਣ ਵਾਲੇ ਘਾਟੇ ਤੋਂ ਉਭਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸੇ ਲਈ ਹੀ ਰੇਲਵੇ ਨੇ ਸੁਵਿਧਾ ਟਰੇਨਾਂ ਤੇ ਫਲੈਕਸੀ ਫੇਅਰ ਸਿਸਟਮ ਸ਼ੁਰੂ ਕੀਤਾ ਸੀ ਤਾਂ ਜੋ ਰੇਲਵੇ ਦੀ ਇਨਕਮ 'ਚ ਵਾਧਾ ਕੀਤਾ ਜਾ ਸਕੇ। ਇਸ 'ਚ ਰੇਲਵੇ ਕਾਫੀ ਹੱਦ ਤੱਕ ਕਾਮਯਾਬ ਵੀ ਹੋ ਗਿਆ ਪਰ ਇਸ ਨਾਲ ਕਿਰਾਇਆ ਇੰਨਾ ਵੱਧ ਗਿਆ ਕਿ ਰੇਲ ਯਾਤਰੀਆਂ ਨੇ ਟਰੇਨਾਂ ਦੀ ਬਜਾਏ ਦੂਜੇ ਸਾਧਨਾਂ ਵੱਲ ਰੁਖ ਕਰਨਾ ਸ਼ੁਰੂ ਕਰ ਦਿੱਤਾ।
ਇਸੇ ਕਾਰਨ ਸ਼ਤਾਬਦੀ ਵਰਗੀਆਂ ਕਈ ਹੋਰ ਟਰੇਨਾਂ 'ਚ ਰੋਜ਼ਾਨਾ ਸੀਟਾਂ ਖਾਲੀ ਜਾ ਰਹੀਆਂ ਹਨ। ਹੁਣ ਰੇਲਵੇ ਨੇ ਰਿਆਇਤੀ ਟਿਕਟਾਂ 'ਤੇ ਨਜ਼ਰ ਟਿਕਾਉਣੀ ਸ਼ੁਰੂ ਕਰ ਦਿੱਤੀ ਹੈ। ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਰਿਆਇਤੀ ਟਿਕਟਾਂ ਦਾ ਲਾਭ ਲੈਣ ਵਾਲੇ ਯਾਤਰੀਆਂ ਲਈ ਆਉਣ ਵਾਲਾ ਸਮਾਂ ਮੁਸ਼ਕਿਲ ਵਾਲਾ ਹੋ ਸਕਦਾ ਹੈ।