ਘਟੀਆ ਖੋਏ ਦੀ ਰੋਕਥਾਮ ਲਈ ਕੋਲਡ ਸਟੋਰਾਂ ਅਤੇ ਰੇਲਵੇ ਸਟੇਸ਼ਨਾਂ ''ਤੇ ਜਾਂਚ ਦੀ ਹਦਾਇਤ
Saturday, Oct 26, 2019 - 04:10 PM (IST)
ਚੰਡੀਗੜ੍ਹ (ਰਮਨਜੀਤ) : ਸੂਬੇ 'ਚ ਘਟੀਆ ਮਿਆਰ ਦੇ ਖੋਏ ਨੂੰ ਚੋਰੀ-ਛਿਪੇ ਲਿਆਉਣ ਦੀ ਕੋਸ਼ਿਸ਼ ਕਰ ਰਹੇ ਫੂਡ ਬਿਜ਼ਨਸ ਆਪਰੇਟਰਾਂ 'ਤੇ ਨੁਕੇਲ ਕੱਸਦਿਆਂ ਫੂਡ ਸੇਫਟੀ ਅਧਿਕਾਰੀਆਂ ਨੂੰ ਰੇਲਵੇ ਸਟੇਸ਼ਨਾਂ, ਅੰਤਰਰਾਜੀ ਬੱਸਾਂ, ਟਰੱਕਾਂ ਅਤੇ ਕੋਲਡ ਸਟੋਰਾਂ 'ਤੇ ਤਿੱਖੀ ਨਜ਼ਰ ਰੱਖਣ ਦੀ ਹਦਾਇਤ ਕੀਤੀ ਗਈ ਹੈ। ਇਹ ਜਾਣਕਾਰੀ ਪੰਜਾਬ ਦੇ ਖੁਰਾਕ ਅਤੇ ਡਰੱਗ ਪ੍ਰਬੰਧਕ ਕਮਿਸ਼ਨਰ ਕਾਹਨ ਸਿੰਘ ਪੰਨੂੰ ਨੇ ਦਿੱਤੀ। ਉਨ੍ਹਾਂ ਕਿਹਾ ਕਿ ਨਿਯਮਤ ਜਾਂਚ ਸਦਕਾ ਸੂਬੇ 'ਚ ਵੱਡੇ ਪੱਧਰ 'ਤੇ ਘਟੀਆ ਮਿਆਰ ਦੇ ਭੋਜਨ ਪਦਾਰਥਾਂ ਦੇ ਉਤਪਾਦਨ 'ਚ ਕਮੀ ਆਈ ਹੈ ਪਰ ਵਧੇਰੇ ਮੁਨਾਫਾ ਕਮਾਉਣ ਦੇ ਲਾਲਚ ਲਈ ਕੁਝ ਫੂਡ ਬਿਜ਼ਨੈੱਸ ਆਪਰੇਟਰ ਗੁਆਂਢੀ ਸੂਬਿਆਂ ਤੋਂ ਘਟੀਆ ਕੁਆਲਟੀ ਦਾ ਕੱਚਾ ਮਾਲ ਖਰੀਦ ਸਕਦੇ ਹਨ।
ਇਸ ਲਈ ਘਟੀਆ ਮਿਆਰ ਦੇ ਭੋਜਨ ਪਦਾਰਥਾਂ ਦੀ ਆਮਦ ਨੂੰ ਰੋਕਣ ਲਈ, ਫੂਡ ਸੇਫਟੀ ਟੀਮਾਂ ਨੂੰ ਰੇਲਵੇ ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰਨ ਦੀ ਹਦਾਇਤ ਕੀਤੀ ਗਈ ਹੈ ਤਾਂ ਜੋ ਉਹ ਰੇਲਵੇ ਰਾਹੀਂ ਖੋਆ ਜਾਂ ਪਨੀਰ ਆਉਣ 'ਤੇ ਫੂਡ ਸੇਫਟੀ ਟੀਮਾਂ ਨੂੰ ਸੂਚਿਤ ਕਰ ਸਕਣ। ਉਨ੍ਹਾਂ ਨੂੰ ਆਪਣੇ ਅਧਿਕਾਰ ਖੇਤਰ 'ਚ ਆਉਂਦੇ ਕੋਲਡ ਸਟੋਰਾਂ ਦੀ ਜਾਂਚ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਹਨ। ਪੰਨੂੰ ਨੇ ਦੱਸਿਆ ਕਿ ਬੱਸਾਂ ਦੀ ਚੈਕਿੰਗ ਵੀ ਚੱਲ ਰਹੀ ਹੈ ਅਤੇ ਚੈਕਿੰਗ ਕਾਰਨ ਲੁਧਿਆਣੇ 'ਚ ਮਹੱਤਵਪੂਰਨ ਸਫਲਤਾ ਮਿਲੀ ਹੈ, ਜਿੱਥੇ ਚੋਰੀ ਖੋਏ ਨੂੰ ਇਕ ਅੰਤਰਰਾਜੀ ਬੱਸ ਰਾਹੀਂ ਲਿਆਇਆ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਦੀਵਾਲੀ ਦੇ ਮੱਦੇਨਜ਼ਰ ਭੋਜਨ ਸੁਰੱਖਿਆ ਜਾਂਚ ਦੇ ਘੇਰੇ ਨੂੰ ਵਧਾਇਆ ਗਿਆ ਹੈ ਅਤੇ ਹੁਣ ਪਿੰਡਾਂ ਦੀਆਂ ਮਠਿਆਈ ਦੀਆਂ ਦੁਕਾਨਾਂ ਨੂੰ ਵੀ ਨਿਯਮਤ ਜਾਂਚ ਅਧੀਨ ਲਿਆਂਦਾ ਗਿਆ ਹੈ।
