ਨਹੀਂ ਪਿਆ ਕਿਸਾਨ ਦੀ ਮਿਹਨਤ ਦਾ ਮੁੱਲ! MSP ਤੋਂ ਵੀ ਘੱਟ ਰੇਟ ''ਤੇ ਵਿਕ ਰਹੀ ਮੱਕੀ

Thursday, Jun 18, 2026 - 11:30 AM (IST)

ਨਹੀਂ ਪਿਆ ਕਿਸਾਨ ਦੀ ਮਿਹਨਤ ਦਾ ਮੁੱਲ! MSP ਤੋਂ ਵੀ ਘੱਟ ਰੇਟ ''ਤੇ ਵਿਕ ਰਹੀ ਮੱਕੀ

ਖੰਨਾ (ਵਿਪਨ): ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਖੰਨਾ ਵਿਚ ਮੱਕੀ ਦੀ ਆਮਦ ਲਗਾਤਾਰ ਵਧ ਰਹੀ ਹੈ। ਪੰਜਾਬ ਦੀਆਂ ਵੱਖ-ਵੱਖ ਮੰਡੀਆਂ ਵਿਚ ਮੱਕੀ ਦੀ ਫਸਲ ਪੁੱਜਣ ਦਾ ਸਿਲਸਿਲਾ ਤੇਜ਼ ਹੋ ਗਿਆ ਹੈ ਅਤੇ ਖੰਨਾ ਮੰਡੀ ਵਿਚ ਵੀ ਕਿਸਾਨ ਵੱਡੀ ਗਿਣਤੀ ਵਿਚ ਆਪਣੀ ਫਸਲ ਲੈ ਕੇ ਪਹੁੰਚ ਰਹੇ ਹਨ। ਹੁਣ ਤੱਕ ਮੰਡੀ ਵਿਚ ਕਰੀਬ 84 ਹਜ਼ਾਰ ਕੁਇੰਟਲ ਮੱਕੀ ਦੀ ਆਮਦ ਦਰਜ ਕੀਤੀ ਜਾ ਚੁੱਕੀ ਹੈ। ਹਾਲਾਂਕਿ ਮੱਕੀ ਦੀ ਖਰੀਦ ਸਰਕਾਰੀ ਏਜੰਸੀਆਂ ਦੀ ਬਜਾਏ ਪ੍ਰਾਈਵੇਟ ਵਪਾਰੀਆਂ ਵੱਲੋਂ ਕੀਤੀ ਜਾਂਦੀ ਹੈ, ਜਿਸ ਕਾਰਨ ਕਿਸਾਨਾਂ ਨੂੰ ਉਮੀਦ ਅਨੁਸਾਰ ਭਾਅ ਨਹੀਂ ਮਿਲ ਰਹੇ।

ਮੰਡੀ ਵਿਚ ਇਸ ਸਮੇਂ ਮੱਕੀ ਦੀ ਬੋਲੀ ਦਿਨ ਵਿਚ ਦੋ ਵਾਰ ਲਗਾਈ ਜਾਂਦੀ ਹੈ। ਸਵੇਰੇ ਗਿੱਲੀ ਫਸਲ ਅਤੇ ਸ਼ਾਮ ਵੇਲੇ ਸੁੱਕੀ ਫਸਲ ਦੀ ਬੋਲੀ ਹੁੰਦੀ ਹੈ। ਕਿਸਾਨਾਂ ਨੂੰ ਮੱਕੀ ਦਾ ਭਾਅ ਲਗਭਗ 1050 ਰੁਪਏ ਤੋਂ 2200 ਰੁਪਏ ਪ੍ਰਤੀ ਕੁਇੰਟਲ ਤੱਕ ਮਿਲ ਰਿਹਾ ਹੈ, ਜਦਕਿ ਕੇਂਦਰ ਸਰਕਾਰ ਵੱਲੋਂ ਮੱਕੀ ਦਾ ਘੱਟੋ-ਘੱਟ ਸਮਰਥਨ ਮੁੱਲ (MSP) 2410 ਰੁਪਏ ਪ੍ਰਤੀ ਕੁਇੰਟਲ ਨਿਰਧਾਰਤ ਕੀਤਾ ਗਿਆ ਹੈ। MSP ਤੋਂ ਘੱਟ ਭਾਅ ਮਿਲਣ ਕਾਰਨ ਕਿਸਾਨਾਂ ਵਿਚ ਨਿਰਾਸ਼ਾ ਦੇਖਣ ਨੂੰ ਮਿਲ ਰਹੀ ਹੈ।

ਮੰਡੀ ਵਿਚ ਫਸਲ ਵੇਚਣ ਆਏ ਪਿੰਡ ਭੂਖੜੀ ਦੇ ਕਿਸਾਨ ਲਖਵਿੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਸਰਕਾਰ ਇਕ ਪਾਸੇ ਕਿਸਾਨਾਂ ਨੂੰ ਰਵਾਇਤੀ ਫਸਲੀ ਚੱਕਰ ਤੋਂ ਬਾਹਰ ਨਿਕਲ ਕੇ ਮੱਕੀ ਵਰਗੀਆਂ ਵਿਕਲਪਕ ਫਸਲਾਂ ਅਪਣਾਉਣ ਲਈ ਪ੍ਰੇਰਿਤ ਕਰ ਰਹੀ ਹੈ, ਪਰ ਦੂਜੇ ਪਾਸੇ ਉਨ੍ਹਾਂ ਨੂੰ ਆਪਣੀ ਉਪਜ ਦਾ ਵਾਜਬ ਮੁੱਲ ਨਹੀਂ ਮਿਲ ਰਿਹਾ। ਕਿਸਾਨਾਂ ਦਾ ਕਹਿਣਾ ਹੈ ਕਿ ਜੇ ਮੱਕੀ ਦੀ ਫਸਲ MSP ਤੋਂ ਘੱਟ ਭਾਅ 'ਤੇ ਵਿਕੇਗੀ ਤਾਂ ਉਨ੍ਹਾਂ ਨੂੰ ਲਾਗਤ ਵੀ ਪੂਰੀ ਨਹੀਂ ਪਵੇਗੀ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਮੱਕੀ ਦੀ ਵੀ ਸਰਕਾਰੀ ਖਰੀਦ ਯਕੀਨੀ ਬਣਾਈ ਜਾਵੇ ਤਾਂ ਜੋ ਕਿਸਾਨਾਂ ਨੂੰ ਆਰਥਿਕ ਨੁਕਸਾਨ ਤੋਂ ਬਚਾਇਆ ਜਾ ਸਕੇ।

ਦੂਜੇ ਪਾਸੇ ਆੜਤੀ ਐਸੋਸੀਏਸ਼ਨ ਖੰਨਾ ਦੇ ਪ੍ਰਧਾਨ ਹਰਬੰਸ ਸਿੰਘ ਰੋਸ਼ਾ ਨੇ ਦੱਸਿਆ ਕਿ ਮੱਕੀ ਦੀ ਖਰੀਦ ਪੂਰੀ ਤਰ੍ਹਾਂ ਪ੍ਰਾਈਵੇਟ ਵਪਾਰੀਆਂ ਵੱਲੋਂ ਕੀਤੀ ਜਾਂਦੀ ਹੈ। ਵਪਾਰੀ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਵੀ ਖੰਨਾ ਮੰਡੀ ਵਿਚ ਪਹੁੰਚਦੇ ਹਨ ਅਤੇ ਫਸਲ ਦੀ ਕੁਆਲਿਟੀ, ਨਮੀ ਅਤੇ ਬਾਜ਼ਾਰ ਦੀ ਮੰਗ ਦੇ ਅਧਾਰ 'ਤੇ ਬੋਲੀ ਲਗਾਉਂਦੇ ਹਨ।

ਇਸ ਸਬੰਧੀ ਮਾਰਕੀਟ ਕਮੇਟੀ ਦੇ ਅਧਿਕਾਰੀ ਹਰਜਿੰਦਰ ਸਿੰਘ ਨੇ ਕਿਹਾ ਕਿ ਮੰਡੀ ਵਿੱਚ ਕਿਸਾਨਾਂ ਲਈ ਪੀਣ ਵਾਲੇ ਪਾਣੀ, ਸਫਾਈ ਅਤੇ ਹੋਰ ਬੁਨਿਆਦੀ ਸਹੂਲਤਾਂ ਦੇ ਪੂਰੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਮੱਕੀ ਦੀ ਸਰਕਾਰੀ ਖਰੀਦ ਦੀ ਕੋਈ ਵਿਵਸਥਾ ਨਹੀਂ ਹੈ ਅਤੇ ਇਸ ਦੀ ਖਰੀਦ ਹਮੇਸ਼ਾ ਤੋਂ ਪ੍ਰਾਈਵੇਟ ਵਪਾਰੀਆਂ ਵੱਲੋਂ ਹੀ ਕੀਤੀ ਜਾਂਦੀ ਰਹੀ ਹੈ।

ਖੰਨਾ ਮੰਡੀ ਵਿੱਚ ਵਧ ਰਹੀ ਆਮਦ ਦੇ ਬਾਵਜੂਦ MSP ਤੋਂ ਘੱਟ ਮਿਲ ਰਹੇ ਭਾਅ ਕਿਸਾਨਾਂ ਲਈ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ, ਜਿਸ ਕਾਰਨ ਮੱਕੀ ਦੀ ਸਰਕਾਰੀ ਖਰੀਦ ਦੀ ਮੰਗ ਇਕ ਵਾਰ ਫਿਰ ਜ਼ੋਰ ਫੜਦੀ ਨਜ਼ਰ ਆ ਰਹੀ ਹੈ।
 


author

Anmol Tagra

Content Editor

Related News