ਪਹਿਲਾਂ ਜੇਲ੍ਹ ਤੇ ਫ਼ਿਰ ਨਸ਼ਾ ਛੁਡਾਊ ਕੇਂਦਰ ਤੋਂ ਨਿਕਲ ਕੇ ਸ਼ੁਰੂ ਕੀਤੀਆਂ ਚੋਰੀਆਂ, ਪੁਲਸ ਨੇ ਕੀਤਾ ਗ੍ਰਿਫ਼ਤਾਰ
Tuesday, Jun 23, 2026 - 12:21 PM (IST)
ਲੁਧਿਆਣਾ (ਤਰੁਣ): ਨਸ਼ੇ ਦੀ ਪੂਰਤੀ ਲਈ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇਕ ਮੁਲਜ਼ਮ ਨੂੰ ਥਾਣਾ ਕੋਤਵਾਲੀ ਦੀ ਪੁਲਸ ਨੇ ਕਾਬੂ ਕੀਤਾ ਹੈ। ਮੁਲਜ਼ਮ ਦੀ ਪਛਾਣ ਸ਼ਿਵ ਕੁਮਾਰ ਵਾਸੀ ਮੁਹੱਲਾ ਰਾਮ ਨਗਰ ਜਮਾਲਪੁਰ ਵਜੋਂ ਹੋਈ ਹੈ। ਪੁਲਸ ਨੂੰ ਮੁਲਜ਼ਮ ਤੋਂ ਚੋਰੀ ਦੇ 4 ਮੋਬਾਈਲ ਬਰਾਮਦ ਹੋਏ ਹਨ।
ਜਾਂਚ ਅਧਿਕਾਰੀ ਰਜਿੰਦਰ ਕੁਮਾਰ ਨੇ ਦੱਸਿਆ ਕਿ ਪੁਲਸ ਨੇ ਸੂਚਨਾ ਦੇ ਅਧਾਰ 'ਤੇ ਇਲਾਕੇ ਵਿਚ ਨਾਕਾਬੰਦੀ ਕੀਤੀ ਹੋਈ ਸੀ। ਲੱਕੜ ਪੁਲ਼ ਨੇਰੇ ਮੁਲਜ਼ਮ ਪੁਲਸ ਨੂੰ ਵੇਖ ਕੇ ਭੱਜਣ ਲੱਗਿਆ, ਜਿਸ ਨੂੰ ਪੁਲਸ ਨੇ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਮੁਲਜ਼ਮ ਤੋਂ 4 ਮੋਬਾਈਲ ਬਰਾਮਦ ਹੋਏ। ਮੁੱਢਲੀ ਪੁੱਛਗਿੱਛ ਦੌਰਾਨ ਪਤਾ ਲੱਗਿਆ ਕਿ ਮੁਲਜ਼ਮ ਚੋਰੀ ਦੇ ਮੋਬਾਈਲ ਨੂੰ ਵੇਚਣ ਦੇ ਇਰਾਦੇ ਨਾਲ ਮਾਤਾ ਰਾਣੀ ਚੌਕ ਮੋਬਾਈਲ ਮਾਰਕੀਟ ਵੱਲ ਜਾ ਰਿਹਾ ਸੀ।
ਜਾਂਚ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਚਿੱਟੇ ਦਾ ਨਸ਼ਾ ਕਰਨ ਦਾ ਆਦੀ ਹੈ, ਜੋ ਕੁਝ ਦਿਨ ਪਹਿਲਾਂ ਹੀ ਨਸ਼ਾ ਛੁਡਾਊ ਕੇਂਦਰ ਤੋਂ ਬਾਹਰ ਆਇਆ ਸੀ। ਨਸ਼ੇ ਦੀ ਤਲਬ ਕਾਰਨ ਮੁਲਜ਼ਮ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਹੈ। ਮੁਲਜ਼ਮ ਖ਼ਿਲਾਫ਼ ਪਹਿਲਾਂ ਵੀ ਚੋਰੀ ਤੇ ਕੁੱਟਮਾਰ ਦੇ ਦੋਸ਼ ਹੇਠ 3-4 ਕੇਸ ਹੋਰ ਥਾਣਿਆਂ ਵਿਚ ਦਰਜ ਹਨ। ਮੁਲਜ਼ਮ ਕਈ ਵਾਰ ਜੇਲ੍ਹ ਜਾ ਚੁੱਕਿਆ ਹੈ। ਪੁਲਸ ਨੇ ਮੁਲਜ਼ਮ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆਹੈ, ਜਿਸ ਨੂੰ ਅਦਾਲਤ 'ਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਜਾਵੇਗਾ।
