ਰੇਲਵੇ ਸਟੇਸ਼ਨ ''ਤੇ ਪੀਣ ਵਾਲੇ ਪਾਣੀ ਦੀ ਕਿੱਲਤ

06/28/2017 7:58:50 AM

ਗਿੱਦੜਬਾਹਾ (ਸੰਧਿਆ) - ਰੇਲਵੇ ਵਿਭਾਗ ਵੱਲੋਂ ਗਿੱਦੜਬਾਹਾ ਦੇ 50 ਹਜ਼ਾਰ ਦੀ ਆਬਾਦੀ ਵਾਲੇ ਸ਼ਹਿਰੀ ਲੋਕਾਂ ਅਤੇ ਵਿਧਾਨ ਸਭਾ ਹਲਕਾ ਗਿੱਦੜਬਾਹਾ ਦੀ ਡੇਢ ਲੱਖ ਦੀ ਜਨਸੰਖਿਆ ਵਾਲੇ ਲੋਕਾਂ  ਨੂੰ ਭਾਵੇਂ ਇਕ ਹੋਰ ਰੇਲਵੇ ਪਲੇਟ ਫਾਰਮ ਨੰਬਰ 2 ਬਹੁਤ ਹੀ ਸੋਹਣਾ ਬਣਾ ਕੇ ਦੇ ਦਿੱਤਾ ਗਿਆ ਹੈ ਪਰ ਉਕਤ ਪਲੇਟ ਫਾਰਮ 'ਤੇ ਯਾਤਰੀਆਂ ਲਈ ਮੁਕੰਮਲ ਸੁਵਿਧਾ ਨਾ ਹੋਣ ਕਾਰਨ ਯਾਤਰੀਆਂ ਨੂੰ ਕਈ ਮੁੱਢਲੀਆਂ ਸਹੂਲਤਾਂ ਤੋਂ ਵਾਂਝੇ ਹੋਣਾ ਪੈਂਦਾ ਹੈ। ਪਲੇਟ ਫਾਰਮ ਨੰਬਰ 1 ਅਤੇ 2 ਦੇ ਵਿਚਕਾਰ ਤਿੰਨ ਰੇਲਵੇ ਲਾਈਨਾਂ ਵਿਛੀਆਂ ਹਨ। ਜਦੋਂ ਪਲੇਟ ਫਾਰਮ ਨੰਬਰ 1 'ਤੇ ਗੱਡੀ ਆ ਕੇ ਖੜ੍ਹੀ ਹੋ ਜਾਂਦੀ ਅਤੇ ਕਰਾਸ ਕਰਨ ਲਈ ਪਲੇਟ ਫਾਰਮ ਨੰਬਰ 2 'ਤੇ ਰੇਲ ਗੱਡੀ ਆਉਣ ਵਾਲੀ ਹੁੰਦੀ ਹੈ ਤਾਂ ਯਾਤਰੀ ਰੇਲਵੇ ਪਲੇਟ ਫਾਰਮ ਨੰਬਰ 2 'ਤੇ ਆ ਜਾਂਦੇ ਹਨ ਤੇ ਕੁਝ ਰੇਲ ਗੱਡੀ 'ਚ ਸੀਟ ਮਿਲਣ ਦੀ ਲਾਲਸਾ ਲਈ ਦੋ ਰੇਲਵੇ ਲਾਈਨਾਂ ਦੇ ਵਿਚਕਾਰ ਵਾਲੀ ਰੇਲਵੇ ਲਾਈਨ 'ਤੇ ਖੜ੍ਹੇ ਹੋ ਜਾਂਦੇ ਹਨ। ਤੇਜ਼ ਗਰਮੀ ਅਤੇ ਧੁੱਪ ਤੋਂ ਬਚਾਅ ਲਈ ਇਕ ਛੋਟਾ ਜਿਹਾ ਬਣਿਆ ਸ਼ੈੱਡ ਯਾਤਰੀਆਂ ਨਾਲ ਭਰ ਜਾਂਦਾ ਹੈ। ਕਾਫੀ ਗਿਣਤੀ 'ਚ ਲੋਕ ਪੁਲ ਦੀਆਂ ਪੌੜੀਆਂ 'ਚ ਸ਼ਰਨ ਲਈ ਬੈਠੇ ਹੁੰਦੇ ਹਨ। ਭਾਰੀ ਗਿਣਤੀ 'ਚ ਯਾਤਰੀ ਧੁੱਪ 'ਚ ਖੜ੍ਹੇ ਹੋ ਕੇ ਰੇਲ ਗੱਡੀ ਦੀ ਉਡੀਕ ਕਰਦੇ ਹਨ, ਔਰਤਾਂ, ਬੱਚੇ, ਬਜ਼ੁਰਗ ਸਾਰੇ ਹੀ ਗਰਮੀ 'ਚ ਬੇਹਾਲ ਹੁੰਦੇ ਹਨ। ਰੇਲਵੇ ਸਟੇਸ਼ਨ ਦੇ ਪਲੇਟ ਫਾਰਮ ਨੰਬਰ 2 'ਤੇ ਪੀਣ ਵਾਲੇ ਪਾਣੀ ਦੀ ਵੀ ਸੁਵਿਧਾ ਨਹੀਂ ਹੈ। ਔਰਤਾਂ ਲਈ ਫਲੱਸ਼ਾ ਦਾ ਵੀ ਪ੍ਰਬੰਧ ਨਹੀਂ ਕੀਤਾ ਗਿਆ।
ਰੇਲਵੇ ਵਿਭਾਗ ਨੂੰ ਚਾਹੀਦਾ ਹੈ ਕਿ ਤੁਰੰਤ ਪਲੇਟ ਫਾਰਮ ਨੰਬਰ 2 'ਤੇ ਜਿਥੇ ਯਾਤਰੀਆਂ ਨੂੰ ਸਾਰੀਆਂ ਮੁੱਢਲੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ, ਉਥੇ ਹੀ ਦੋਵੇਂ ਪਲੇਟ ਫਾਰਮਾਂ 'ਤੇ ਸ਼ੈੱਡ ਵੀ ਵੱਡੇ ਕੀਤੇ ਜਾਣ ਤਾਂ ਜੋ ਯਾਤਰੀ ਮੀਂਹ ਅਤੇ ਧੁੱਪ ਤੋਂ ਆਪਣਾ ਬਚਾਅ ਕਰ ਸਕਣ।


Related News