262 ਰੇਲਵੇ ਸਟੇਸ਼ਨਾਂ ''ਤੇ ਬਿਜਲੀ ਬਚਾਉਣ ਦਾ ਕੀਤਾ ਜੁਗਾੜ

12/16/2019 2:57:47 PM

ਫਿਰੋਜ਼ਪੁਰ (ਆਨੰਦ) : ਫਿਰੋਜ਼ਪੁਰ ਮੰਡਲ ਦੇ ਰੇਲ ਪ੍ਰਬੰਧਕ ਰਾਜੇਸ਼ ਅਗਰਵਾਲ ਸਮੇਤ ਏ. ਡੀ. ਆਰ. ਐੱਮ. ਅਤੇ ਹੋਰ ਸੀਨੀਅਰ ਅਧਿਕਾਰੀਆਂ ਦੀ ਅਗਵਾਈ 'ਚ ਫਿਰੋਜ਼ਪੁਰ ਮੰਡਲ ਦੇ ਅਧੀਨ ਆਉਣ ਵਾਲੇ ਸਾਰੇ ਰੇਲਵੇ ਸਟੇਸ਼ਨਾਂ 'ਤੇ ਰਾਸ਼ਟਰੀ ਊਰਜਾ ਹਫਤਾ ਮਨਾਇਆ ਜਾਵੇਗਾ। ਫਿਰੋਜ਼ਪੁਰ ਮੰਡਲ ਅਧੀਨ ਪੈਣ ਵਾਲੇ ਬਡਗਾਮ, ਕਟਰਾ, ਊਧਮਪੁਰ, ਜੰਮੂਤਵੀ, ਪਠਾਨਕੋਟ, ਬੈਜਨਾਥ, ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਫਿਰੋਜ਼ਪੁਰ ਰੇਲਵੇ ਸਟੇਸ਼ਨਾਂ 'ਤੇ ਇਸ ਊਰਜਾ ਨੂੰ ਬਚਾਉਣ ਲਈ ਨਾ ਸਿਰਫ ਜਾਗ੍ਰਤ ਕੀਤਾ ਗਿਆ, ਸਗੋਂ ਇਸ ਲਈ ਉਨ੍ਹਾਂ ਨੂੰ ਸਾਕਾਰਾਤਮਕ ਸੰਦੇਸ਼ ਵੀ ਦਿੱਤਾ ਗਿਆ। ਇਸ ਦੌਰਾਨ ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਪੂਰੇ ਫਿਰੋਜ਼ਪੁਰ ਮੰਡਲ 'ਚ 262 ਰੇਲਵੇ ਸਟੇਸ਼ਨਾਂ, 313 ਸਰਵਿਸ ਬਿਲਡਿੰਗਾਂ, 9 ਹਜ਼ਾਰ ਰੇਲਵੇ ਕੁਆਰਟਰਾਂ 'ਚ ਸੀ. ਐੱਫ. ਐੱਲ. ਅਤੇ ਫਲੋਰਸੈਂਟ ਟਿਊਬਾਂ ਦੀ ਜਗ੍ਹਾ ਐੱਲ. ਈ. ਡੀ. ਲਾਈਟਸ ਲਾ ਕੇ ਬਿਜਲੀ ਬਚਾਉਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।  ਉਨ੍ਹਾਂ ਦੱਸਿਆ ਕਿ ਰੇਲਵੇ ਵੱਲੋਂ 1.8 ਮੈਗਾਵਾਟ ਦੇ ਸੋਲਰ ਪਲਾਂਟ ਲਾ ਕੇ ਕੁਲ ਕੁਨੈਕਟਡ ਲੋਡ ਦਾ 4 ਫੀਸਦੀ ਲੋਡ ਸੋਲਰ ਸਪਲਾਈ 'ਚ ਜੋੜ ਕੇ ਵੱਡੀ ਉਪਲੱਬਧੀ ਹਾਸਲ ਕੀਤੀ ਗਈ ਹੈ, ਨਾਲ ਹੀ 80 ਪੰਪਾਂ 'ਚ ਜੀ. ਐੱਸ. ਐੱਮ. ਤਕਨੀਕ ਦਾ ਇਸਤੇਮਾਲ ਅਤੇ ਬਿਜਲੀ ਅਤੇ ਪਾਣੀ ਦੀ ਬੱਚਤ ਕੀਤੀ ਜਾ ਰਹੀ ਹੈ।

ਇਸੇ ਤਰ੍ਹਾਂ 210 ਏ. ਸੀ. ਅਤੇ 766 ਨਾਨ ਏ. ਸੀ. ਕੋਚਾਂ 'ਚ ਵੀ ਸੀ. ਐੱਫ. ਐੱਲ. ਅਤੇ ਟਿਊਬਾਂ ਦੀ ਜਗ੍ਹਾ 'ਤੇ ਐੱਲ. ਈ. ਡੀ. ਲਾਈਟਸ ਦਾ ਇਸਤੇਮਾਲ ਕੀਤਾ ਗਿਆ ਹੈ, ਜਿਸ ਨਾਲ ਲੋਡ ਨੂੰ ਘੱਟ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਾਲ 2019-2020 'ਚ ਨਵੰਬਰ ਮਹੀਨੇ ਤਕ ਲਗਭਗ 115000 ਲਿਟਰ ਈਂਧਣ ਅਤੇ 80 ਲੱਖ ਰੁਪਏ ਦੀ ਬੱਚਤ ਕੀਤੀ ਹੈ। ਇਸ ਮੌਕੇ ਵੱਡੀ ਗਿਣਤੀ 'ਚ ਰੇਲਵੇ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ। ਰੇਲਵੇ ਦੇ ਸਕੂਲਾਂ 'ਚ ਬੱਚਿਆਂ ਨੂੰ ਵੀ ਬਿਜਲੀ ਬਚਾਉਣ ਦਾ ਸੰਦੇਸ਼ ਦਿੱਤਾ ਗਿਆ।


Anuradha

Content Editor

Related News