ਰੇਲ ਮੰਤਰਾਲਾ ਸ਼ਿਕਾਇਤਕਰਤਾ ਨੂੰ ਅਦਾ ਕਰੇਗਾ 10 ਹਜ਼ਾਰ ਰੁਪਏ ਮੁਆਵਜ਼ਾ
Friday, Apr 20, 2018 - 08:13 AM (IST)

ਚੰਡੀਗੜ੍ਹ (ਰਾਜਿੰਦਰ) - ਯਾਤਰੀ ਨੂੰ ਸ਼ਤਾਬਦੀ ਟਰੇਨ ਵਿਚ ਦਿੱਤੇ ਗਏ ਖਾਣੇ ਵਿਚ ਜਿਊਂਦਾ ਕੀੜਾ ਮਿਲਣ 'ਤੇ ਜ਼ਿਲਾ ਖਪਤਕਾਰ ਫੋਰਮ-1 ਨੇ ਸਖਤ ਰੁਖ਼ ਅਪਣਾਉਂਦਿਆਂ ਇੰਡੀਅਨ ਰੇਲਵੇ ਕੈਟਰਿੰਗ ਐਂਡ ਕਾਰਪੋਰੇਸ਼ਨ ਲਿਮਟਿਡ (ਆਈ. ਆਰ. ਸੀ. ਟੀ. ਸੀ.) ਨੂੰ 270 ਰੁਪਏ ਕੈਟਰਿੰਗ ਚਾਰਜ 18 ਫੀਸਦੀ ਸਾਲਾਨਾ ਵਿਆਜ ਦਰ ਨਾਲ ਅਦਾ ਕਰਨ ਦੇ ਹੁਕਮ ਦਿੱਤੇ ਹਨ। ਨਾਲ ਹੀ ਰੇਲਵੇ ਮੰਤਰਾਲੇ ਨੂੰ ਨਿਰਦੇਸ਼ ਵੀ ਜਾਰੀ ਕੀਤੇ ਹਨ ਕਿ ਉਹ ਸ਼ਿਕਾਇਤਕਰਤਾ ਨੂੰ 10 ਹਜ਼ਾਰ ਰੁਪਏ ਮੁਆਵਜ਼ਾ ਅਦਾ ਕਰੇ। ਫੋਰਮ ਨੇ ਨਿਰਦੇਸ਼ ਵਿਚ ਕਿਹਾ ਹੈ ਕਿ ਰੇਲਵੇ ਉਕਤ ਰਾਸ਼ੀ ਸਬੰਧਤ ਕੈਟਰਰ ਤੋਂ ਵਸੂਲ ਕਰਨ ਲਈ ਵੀ ਆਜ਼ਾਦ ਹੈ।
ਸ਼ਿਕਾਇਤਕਰਤਾ ਸ਼ਾਲਿਨੀ ਜੈਨ ਨਿਵਾਸੀ ਸੈਕਟਰ-21 ਡੀ ਨੇ ਨਵੀਂ ਦਿੱਲੀ ਤੇ ਚੰਡੀਗੜ੍ਹ ਸਥਿਤ ਆਈ. ਆਰ. ਸੀ. ਟੀ. ਸੀ. ਤੇ ਭਾਰਤ ਸਰਕਾਰ ਦੇ ਰੇਲਵੇ ਮੰਤਰਾਲੇ ਖਿਲਾਫ ਖਪਤਕਾਰ ਫੋਰਮ ਵਿਚ ਸ਼ਿਕਾਇਤ ਦਿੱਤੀ ਸੀ।
ਬ੍ਰੇਕਫਾਸਟ ਦੀ ਫਸਟ ਬਾਈਟ 'ਚ ਦਿਖਿਆ ਸੀ ਜ਼ਿੰਦਾ ਕੀੜਾ
ਸ਼ਾਲਿਨੀ ਨੇ ਸ਼ਿਕਾਇਤ ਵਿਚ ਕਿਹਾ ਸੀ ਕਿ ਉਹ ਤੇ ਉਨ੍ਹਾਂ ਦੇ ਦੋ ਬੇਟੇ 3 ਜੁਲਾਈ, 2016 ਨੂੰ ਕਾਲਕਾ ਸ਼ਤਾਬਦੀ ਟਰੇਨ ਨੰਬਰ 12006 ਰਾਹੀਂ ਚੰਡੀਗੜ੍ਹ ਤੋਂ ਦਿੱਲੀ ਦਾ ਸਫ਼ਰ ਕਰ ਰਹੇ ਸਨ। ਯਾਤਰਾ ਦਾ ਕਿਰਾਇਆ 1861 ਰੁਪਏ ਅਦਾ ਕੀਤਾ ਗਿਆ ਸੀ, ਜਿਸ ਵਿਚ 270 ਰੁਪਏ ਵੈੱਜ ਖਾਣੇ ਲਈ ਕੈਟਰਿੰਗ ਚਾਰਜ ਵੀ ਸੀ।
ਸ਼ਿਕਾਇਤਕਰਤਾ ਨੇ ਖਪਤਕਾਰ ਫੋਰਮ ਵਿਚ ਦੱਸਿਆ ਕਿ ਯਾਤਰਾ ਦੌਰਾਨ ਉਨ੍ਹਾਂ ਨੂੰ ਤੇ ਉਨ੍ਹਾਂ ਦੇ ਬੇਟਿਆਂ ਨੂੰ ਹਰੇ ਸਟਿਕਰ ਲੱਗੇ ਪੈਕਟਾਂ ਵਿਚ ਬ੍ਰੇਕਫਾਸਟ ਮਿਲਿਆ ਸੀ। ਬ੍ਰੇਕਫਾਸਟ ਦੀ ਪਹਿਲੀ ਹੀ ਬਾਈਟ ਵਿਚ ਉਨ੍ਹਾਂ ਨੇ ਦੇਖਿਆ ਕਿ ਇਕ ਪੈਕਟ ਦੇ ਅੰਦਰ ਜਿਊਂਦਾ ਕੀੜਾ ਸੀ। ਇਸ ਸਬੰਧੀ ਉਨ੍ਹਾਂ ਨੇ ਤੁਰੰਤ ਕੈਟਰਿੰਗ ਸਟਾਫ ਨੂੰ ਸੂਚਿਤ ਕੀਤਾ ਪਰ ਸਟਾਫ਼ ਨੇ ਕੋਈ ਜਵਾਬ ਨਹੀਂ ਦਿੱਤਾ। ਸ਼ਿਕਾਇਤਕਰਤਾ ਨੇ ਆਪਣੇ ਦੋਵਾਂ ਬੇਟਿਆਂ ਦਾ ਫੂਡ ਪੈਕ ਵਾਪਸ ਕਰ ਦਿੱਤਾ। ਉਨ੍ਹਾਂ ਕਿਹਾ ਕਿ ਕੈਟਰਿੰਗ ਸਟਾਫ ਨੇ ਦੂਸਰੇ ਖਾਣੇ ਦਾ ਆਫਰ ਦਿੱਤਾ ਪਰ ਉਨ੍ਹਾਂ ਨੇ ਖਾਣਾ ਖਾਣ ਤੋਂ ਇਨਕਾਰ ਕਰ ਦਿੱਤਾ ਤੇ ਖਾਣਾ ਖਾਧੇ ਬਿਨਾਂ ਹੀ ਸਫਰ ਕੀਤਾ।
ਸ਼ਿਕਾਇਤ ਲਈ ਮੰਗਿਆ ਰਜਿਸਟਰ ਪਰ ਨਹੀਂ ਦਿੱਤਾ ਗਿਆ
ਸ਼ਾਲਿਨੀ ਨੇ ਟੀ. ਟੀ. ਈ. ਤੋਂ ਕੰਪਲੇਂਟ ਰਜਿਸਟਰ ਸ਼ਿਕਾਇਤ ਲਿਖਣ ਲਈ ਮੰਗਿਆ, ਜੋ ਉਨ੍ਹਾਂ ਨੂੰ ਨਹੀਂ ਦਿੱਤਾ ਗਿਆ। ਅੰਤ ਵਿਚ ਸ਼ਿਕਾਇਤਕਰਤਾ ਨੇ 12 ਅਕਤੂਬਰ, 2016 ਨੂੰ ਰੇਲਵੇ ਮੰਤਰਾਲੇ ਨੂੰ ਸ਼ਿਕਾਇਤ ਭੇਜੀ ਪਰ ਰੇਲਵੇ ਵਲੋਂ ਵੀ ਜਵਾਬ ਨਹੀਂ ਦਿੱਤਾ ਗਿਆ। ਇੰਡੀਅਨ ਰੇਲਵੇ ਕੈਟਰਿੰਗ ਟੂਰਿਜ਼ਮ ਕਾਰਪੋਰੇਸ਼ਨ ਲਿਮਟਿਡ ਨੇ ਖਪਤਕਾਰ ਫੋਰਮ ਵਿਚ ਪੱਖ ਰੱਖਦਿਆਂ ਕਿਹਾ ਕਿ ਉਨ੍ਹਾਂ ਨੇ ਸੇਵਾ ਵਿਚ ਕੋਤਾਹੀ ਨਹੀਂ ਕੀਤੀ ਹੈ, ਜਦਕਿ ਰੇਲਵੇ ਮੰਤਰਾਲੇ ਵਲੋਂ ਪੱਖ ਨਾ ਰੱਖਣ 'ਤੇ ਉਸ ਨੂੰ ਖਪਤਕਾਰ ਫੋਰਮ ਨੇ ਇਕਤਰਫ਼ਾ ਕਰਾਰ ਦਿੱਤਾ ਹੈ।
Related News
ਪੰਜਾਬ ਦੇ ਇਸ ਜ਼ਿਲ੍ਹੇ ਲਈ ਖ਼ਤਰੇ ਦੀ ਘੰਟੀ ਤੇ ਸਰਕਾਰ ਨੇ ਕਾਰੋਬਾਰੀਆਂ ਨੂੰ ਦਿੱਤੀ ਵੱਡੀ ਰਾਹਤ, ਪੜ੍ਹੋ top-10 ਖ਼ਬਰਾਂ
