ਰੇਲਵੇ ’ਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ 8 ਲੱਖ ਰੁਪਏ ਦੀ ਠੱਗੀ, ਪਤੀ-ਪਤਨੀ ਖ਼ਿਲਾਫ਼ ਮਾਮਲਾ ਦਰਜ
Wednesday, Nov 10, 2021 - 12:47 PM (IST)
ਧਾਰੀਵਾਲ (ਜਵਾਹਰ) : ਰੇਲਵੇ ਵਿਭਾਗ ਵਿਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ 8 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ’ਚ ਧਾਰੀਵਾਲ ਪੁਲਸ ਨੇ ਪਤੀ-ਪਤਨੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ ਪਰ ਦੋਸ਼ੀ ਅਜੇ ਫਰਾਰ ਹਨ। ਇਸ ਸਬੰਧੀ ਸਹਾਇਕ ਸਬ ਇੰਸਪੈਕਟਰ ਬਲਬੀਰ ਸਿੰਘ ਨੇ ਦੱਸਿਆ ਕਿ ਗੁਰਪਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਉਧੋਵਾਲ ਨੇ ਐੱਸ.ਪੀ ਇੰਸਵੈਸਟੀਗੇਸ਼ਨ ਗੁਰਦਾਸਪੁਰ ਨੂੰ ਸ਼ਿਕਾਇਤ ਦਿੱਤੀ ਸੀ ਕਿ ਦੋਸ਼ੀਆਂ ਅਸ਼ਵਨੀ ਸ਼ਰਮਾ ਪੁੱਤਰ ਕਿਸ਼ਨ ਚੰਦ, ਮਮਤਾ ਸ਼ਰਮਾ ਪਤਨੀ ਅਸ਼ਵਨੀ ਸ਼ਰਮਾ ਵਾਸੀਆਨ ਚਵਿੰਡਾ ਦੇਵੀ ਥਾਣਾ ਕੱਥੂਨੰਗਲ ਜ਼ਿਲ੍ਹਾ ਅਮਿ੍ੰਤਸਰ ਦਿਹਾਤੀ ਨੇ ਉਸ ਨੂੰ ਰੇਲਵੇ ਵਿਭਾਗ ਵਿਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਉਸ ਨਾਲ 8 ਲੱਖ ਰੁਪਏ ਦੀ ਠੱਗੀ ਮਾਰੀ ਹੈ।
ਪੁਲਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀਆਂ ਨੇ ਬਾਅਦ ਵਿਚ ਗੁਰਪਿੰਦਰ ਸਿੰਘ ਨੂੰ ਪੈਸੇ ਵਾਪਸ ਦੇਣ ਦਾ ਭਰੋਸਾ ਦੇ ਕੇ ਐੱਚ.ਡੀ.ਐੱਫ.ਸੀ ਬੈਂਕ ਬ੍ਰਾਂਚ ਚਵਿੰਡਾ ਦੇਵੀ ਦਾ ਚੈਕ ਦਿੱਤਾ ਸੀ, ਜਦ ਇਹ ਚੈੱਕ ਉਸ ਨੇ ਬੈਂਕ ਵਿਚ ਲਗਾਇਆ ਤਾਂ ਅਕਾਊਂਟ ਵਿਚ ਪੈਸੇ ਨਾ ਹੋਣ ਕਰਕੇ ਚੈੱਕ ਬਾਊਂਸ ਹੋ ਗਿਆ। ਜਿਸ ’ਤੇ ਦੋਵਾਂ ਪਤੀ-ਪਤਨੀ ਦੇ ਖਿਲਾਫ 8 ਲੱਖ ਰੁਪਏ ਦੀ ਠੱਗੀ ਮਾਰਨ ਦੇ ਸਬੰਧ ’ਚ ਮਾਮਲਾ ਦਰਜ਼ ਕੀਤਾ ਗਿਆ।