ਰਾਏਕੋਟ ਵਿਚ ਸਦੀ ਪੁਰਾਣੀ ਹਵੇਲੀ ਸਮੇਤ ਮਕਾਨ ਤੇ ਦੁਕਾਨ ਡਿੱਗੇ
Wednesday, Sep 03, 2025 - 05:14 PM (IST)

ਹਲਵਾਰਾ (ਲਾਡੀ) : ਪਿਛਲੇ ਕਈ ਦਿਨਾਂ ਤੋਂ ਪੈ ਰਹੇ ਮੀਂਹ ਨੇ ਰਾਏਕੋਟ ਸ਼ਹਿਰ ਵਿਚ ਭਾਰੀ ਨੁਕਸਾਨ ਕੀਤਾ ਹੈ। ਰਾਏਕੋਟ ਸ਼ਹਿਰ ਦੇ ਅਗਰਵਾਲ ਮੁਹੱਲੇ ਵਿਚ ਮੌਜੂਦ ਲਗਭਗ ਸੌ ਸਾਲ ਪੁਰਾਣੀ ਦੋ ਮੰਜ਼ਿਲਾ ਹਵੇਲੀ ਦਾ ਇਕ ਵੱਡਾ ਹਿੱਸਾ ਡਿੱਗ ਪਿਆ, ਜਿਸ ਨਾਲ ਇਲਾਕੇ ਵਿਚ ਖ਼ੌਫ਼ ਦਾ ਮਾਹੌਲ ਬਣ ਗਿਆ। 1921 ਵਿਚ ਬਣੀ ਇਸ ਹਵੇਲੀ ਦੇ ਇਕ ਹਿੱਸੇ ਵਿਚ ਬਜ਼ੁਰਗ ਜੋੜਾ ਰਾਕੇਸ਼ ਗਰਗ ਅਤੇ ਸੁਦੇਸ਼ ਗਰਗ ਰਹਿੰਦੇ ਹਨ। ਗੁਆਂਢੀਆਂ ਨੇ ਦੱਸਿਆ ਕਿ ਇਸ ਅਸੁਰੱਖਿਅਤ ਹਵੇਲੀ ਬਾਰੇ ਨਗਰ ਕੌਂਸਲ ਨੂੰ ਕਈ ਵਾਰ ਜਾਣੂ ਕਰਾਇਆ ਗਿਆ ਸੀ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ।
ਦੂਜੇ ਪਾਸੇ, ਥਾਣਾ ਬਾਜ਼ਾਰ ਵਿਚ ਇਕ ਮਕਾਨ ਦਾ ਚੁਬਾਰਾ ਅਤੇ ਇਕ ਦੁਕਾਨ ਵੀ ਡਿੱਗ ਗਈ। ਖੁਸ਼ਕਿਸਮਤੀ ਨਾਲ ਕਿਸੇ ਵੀ ਘਟਨਾ ਵਿਚ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਮਿਲੀ। ਸ਼ਹਿਰ ਦੇ ਕਈ ਹੋਰ ਅੰਦਰੂਨੀ ਹਿੱਸਿਆਂ ਵਿਚ ਮਕਾਨਾਂ ਦੀਆਂ ਕੰਧਾਂ ਤੇ ਛੱਤਾਂ ਵਿਚ ਤਰੇੜਾਂ ਆ ਜਾਣ ਨਾਲ ਲੋਕਾਂ ਵਿੱਚ ਚਿੰਤਾ ਵਧ ਗਈ ਹੈ।
ਕੀ ਕਹਿਣਾ ਹੈ ਐੱਸਡੀਐੱਮ ਰਾਏਕੋਟ ਦਾ
ਐੱਸ.ਡੀ.ਐੱਮ ਉਪਿੰਦਰਜੀਤ ਕੌਰ ਬਰਾੜ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਰਾਹਤ ਤੇ ਬਚਾਅ ਕਾਰਜ ਲਈ ਟੀਮਾਂ ਜੁਟੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਤਹਿਸੀਲ ਦੇ ਕਈ ਪਿੰਡਾਂ ਵਿਚ ਛੱਪੜਾਂ ਦੇ ਉਫਾਨ ਕਾਰਨ ਘਰਾਂ ਨੂੰ ਨੁਕਸਾਨ ਹੋਇਆ ਹੈ ਅਤੇ ਨੇੜਲੇ ਵਸਨੀਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਭੇਜਿਆ ਜਾ ਰਿਹਾ ਹੈ।