ਪੰਜਾਬ ''ਚ ਵੱਡੀ RAID! ਇੱਕੋ ਵੇਲੇ 132 ਮੁਲਜ਼ਮ ਗ੍ਰਿਫ਼ਤਾਰ, 300 ਤੋਂ ਵੱਧ BANK ACCOUNT ਫ੍ਰੀਜ਼

Friday, May 15, 2026 - 02:45 PM (IST)

ਪੰਜਾਬ ''ਚ ਵੱਡੀ RAID! ਇੱਕੋ ਵੇਲੇ 132 ਮੁਲਜ਼ਮ ਗ੍ਰਿਫ਼ਤਾਰ, 300 ਤੋਂ ਵੱਧ BANK ACCOUNT ਫ੍ਰੀਜ਼

ਲੁਧਿਆਣਾ (ਰਾਜ): ਮਹਾਨਗਰ ਦੀ ਸਾਈਬਰ ਕ੍ਰਾਈਮ ਪੁਲਸ ਨੇ ਅੰਤਰਰਾਸ਼ਟਰੀ ਪੱਧਰ 'ਤੇ ਚੱਲ ਰਹੇ ਇਕ ਬਹੁਤ ਵੱਡੇ ਠੱਗ ਸਿੰਡੀਕੇਟ ਦਾ ਪਰਦਾਫਾਸ਼ ਕੀਤਾ ਹੈ। ਇਹ ਗਿਰੋਹ ਪੰਜਾਬ ਵਿਚ ਬੈਠ ਕੇ ਯੂਰਪ ਅਤੇ ਉੱਤਰੀ ਅਮਰੀਕਾ ਦੇ ਅਮੀਰ ਦੇਸ਼ਾਂ ਦੇ ਨਾਗਰਿਕਾਂ ਨੂੰ ਆਪਣੀ ਠਗੀ ਦਾ ਸ਼ਿਕਾਰ ਬਣਾ ਰਿਹਾ ਸੀ। ਪੁਲਸ ਨੇ ਇਸ ਮਾਮਲੇ ਵਿਚ ਇੱਕੋ ਸਮੇਂ ਕਈ ਥਾਵਾਂ 'ਤੇ ਛਾਪੇਮਾਰੀ ਕਰਕੇ 132 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਇਸ ਦੇ ਨਾਲ ਹੀ ਕਰੋੜਾਂ ਰੁਪਏ ਦੀ ਨਕਦੀ, 98 ਲੈਪਟਾਪ, 229 ਮੋਬਾਈਲ ਅਤੇ 19 ਲਗਜ਼ਰੀ ਗੱਡੀਆਂ ਬਰਾਮਦ ਕੀਤੀਆਂ ਗਈਆਂ ਹਨ। ਪੁਲਸ ਨੇ ਹੁਣ ਤੱਕ 300 ਤੋਂ ਵੱਧ ਬੈਂਕ ਖਾਤਿਆਂ ਨੂੰ ਫ੍ਰੀਜ਼ ਕਰ ਦਿੱਤਾ ਹੈ ਅਤੇ ਇਸ ਮਾਮਲੇ ਵਿਚ ਇਨਕਮ ਟੈਕਸ ਵਿਭਾਗ ਨੂੰ ਵੀ ਜਾਂਚ ਵਿਚ ਸ਼ਾਮਲ ਕਰ ਲਿਆ ਹੈ।

ਪੁਲਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਪੁਲਸ ਨੂੰ ਖੁਫੀਆ ਸੂਤਰਾਂ ਤੋਂ ਪੱਕੀ ਜਾਣਕਾਰੀ ਮਿਲੀ ਸੀ ਕਿ ਸੰਧੂ ਟਾਵਰ ਅਤੇ ਸਿਲਵਰ ਓਕ ਦੇ ਕੋਲ ਕੁਝ ਫਰਜ਼ੀ ਕਾਲ ਸੈਂਟਰ ਚੱਲ ਰਹੇ ਹਨ, ਜਿੱਥੋਂ ਵਿਦੇਸ਼ੀ ਨਾਗਰਿਕਾਂ ਨੂੰ ਆਨਲਾਈਨ ਚੂਨਾ ਲਗਾਇਆ ਜਾ ਰਿਹਾ ਹੈ। ਪੁਲਸ ਦੀਆਂ ਟੀਮਾਂ ਨੇ ਯੋਜਨਾਬੱਧ ਤਰੀਕੇ ਨਾਲ ਇਨ੍ਹਾਂ ਗੈਰ-ਕਾਨੂੰਨੀ ਕਾਲ ਸੈਂਟਰਾਂ 'ਤੇ ਇੱਕੋ ਸਮੇਂ ਰੇਡ ਕੀਤੀ ਅਤੇ ਮੌਕੇ ਤੋਂ ਭਾਰੀ ਤਾਮਝਾਮ ਦੇ ਨਾਲ 132 ਸ਼ਾਤਰਾਂ ਨੂੰ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ। ਮੌਕੇ ਤੋਂ 1 ਕਰੋੜ 7 ਲੱਖ ਰੁਪਏ ਦੀ ਭਾਰਤੀ ਕਰੰਸੀ ਵੀ ਬਰਾਮਦ ਹੋਈ ਹੈ। ਇਸ ਸਬੰਧੀ ਥਾਣਾ ਸਾਈਬਰ ਕ੍ਰਾਈਮ ਲੁਧਿਆਣਾ ਵਿਚ ਭਾਰਤੀ ਨਿਆਂ ਸੰਹਿਤਾ (BNS) ਅਤੇ ਆਈ.ਟੀ. ਐਕਟ ਦੀਆਂ ਵੱਖ-ਵੱਖ ਸੰਗੀਨ ਧਾਰਾਵਾਂ ਤਹਿਤ ਐਫ.ਆਈ.ਆਰ ਨੰਬਰ 37 ਦਰਜ ਕੀਤੀ ਗਈ ਹੈ।

ਇਸ ਅੰਤਰਰਾਸ਼ਟਰੀ ਗਿਰੋਹ ਦੇ ਕੰਮ ਕਰਨ ਦਾ ਤਰੀਕਾ ਬਹੁਤ ਜ਼ਿਆਦਾ ਹਾਈ-ਟੈਕ ਅਤੇ ਹੈਰਾਨ ਕਰਨ ਵਾਲਾ ਸੀ। ਇਹ ਲੋਕ ਵਿਦੇਸ਼ੀ ਨਾਗਰਿਕਾਂ ਦੇ ਕੰਪਿਊਟਰ ਸਕ੍ਰੀਨ 'ਤੇ ਮਾਈਕ੍ਰੋਸਾਫਟ ਕੰਪਨੀ ਦੇ ਨਾਂ 'ਤੇ ਇਕ ਫਰਜ਼ੀ ਪੌਪ-ਅੱਪ ਚੇਤਾਵਨੀ ਭੇਜਦੇ ਸਨ, ਜਿਸ ਵਿਚ ਲਿਖਿਆ ਹੁੰਦਾ ਸੀ ਕਿ ਉਨ੍ਹਾਂ ਦੇ ਸਿਸਟਮ 'ਤੇ ਵਾਇਰਸ ਦਾ ਵੱਡਾ ਹਮਲਾ ਹੋਇਆ ਹੈ। ਇਸ ਪੌਪ-ਅੱਪ ਦੇ ਆਉਂਦੇ ਹੀ ਪੀੜਤ ਦਾ ਕੰਪਿਊਟਰ ਹੈਂਗ ਹੋ ਜਾਂਦਾ ਸੀ ਅਤੇ ਸਕ੍ਰੀਨ 'ਤੇ ਇਕ ਕਸਟਮਰ ਕੇਅਰ ਨੰਬਰ ਦਿਖਾਈ ਦਿੰਦਾ ਸੀ। ਘਬਰਾ ਕੇ ਜਦੋਂ ਵਿਦੇਸ਼ੀ ਨਾਗਰਿਕ ਉਸ ਨੰਬਰ 'ਤੇ ਫੋਨ ਕਰਦਾ, ਤਾਂ ਇੰਟਰਨੈੱਟ ਡਾਇਲਰ ਸੌਫਟਵੇਅਰ ਰਾਹੀਂ ਉਹ ਕਾਲ ਸਿੱਧੀ ਲੁਧਿਆਣਾ ਦੇ ਇਨ੍ਹਾਂ ਫਰਜ਼ੀ ਕਾਲ ਸੈਂਟਰਾਂ ਵਿਚ ਟ੍ਰਾਂਸਫਰ ਹੋ ਜਾਂਦੀ ਸੀ।

ਇੱਥੇ ਕਰੀਬ 8 ਤੋਂ 10 ਟੀਮਾਂ ਕੰਮ ਕਰਦੀਆਂ ਸਨ, ਜਿਨ੍ਹਾਂ ਵਿਚ 'ਓਪਨਰ' ਅਤੇ 'ਕਲੋਜ਼ਰ' ਨਾਂ ਦੇ ਮਾਹਿਰ ਰੱਖੇ ਗਏ ਸਨ। ਜਿਵੇਂ ਹੀ ਕਾਲ ਆਉਂਦੀ, ਤਾਂ 'ਓਪਨਰ' ਮਿੱਠੀਆਂ-ਮਿੱਠੀਆਂ ਗੱਲਾਂ ਵਿਚ ਫਸਾ ਕੇ ਪੀੜਤ ਤੋਂ ਅਲਟਰਾ-ਵਿਊਅਰ ਵਰਗਾ ਰਿਮੋਟ ਐਕਸੈਸ ਸੌਫਟਵੇਅਰ ਡਾਊਨਲੋਡ ਕਰਵਾ ਲੈਂਦਾ ਸੀ। ਇਸ ਤੋਂ ਬਾਅਦ ਕੰਪਿਊਟਰ ਦਾ ਪੂਰਾ ਕੰਟਰੋਲ ਠੱਗਾਂ ਦੇ ਹੱਥ ਵਿਚ ਆ ਜਾਂਦਾ ਸੀ। ਫਿਰ ਉਹ ਸਕ੍ਰੀਨ 'ਤੇ ਨਕਲੀ ਸਕੈਨ ਚਲਾ ਕੇ ਪੀੜਤ ਨੂੰ ਡਰਾਉਂਦੇ ਸਨ ਕਿ ਉਸ ਦਾ ਬੈਂਕ ਖਾਤਾ ਹੈਕ ਹੋ ਚੁੱਕਾ ਹੈ ਜਾਂ ਉਸ 'ਤੇ ਚਾਈਲਡ ਪੋਰਨੋਗ੍ਰਾਫੀ ਵਰਗੇ ਗੰਭੀਰ ਦੋਸ਼ ਲੱਗ ਸਕਦੇ ਹਨ। ਡਰਾ-ਧਮਕਾ ਕੇ ਉਹ ਪੀੜਤ ਦਾ ਬੈਂਕ ਅਕਾਊਂਟ ਅਤੇ ਈਮੇਲ ਖੁਲ੍ਹਵਾ ਲੈਂਦੇ ਸਨ ਅਤੇ ਸਕ੍ਰੀਨ ਸ਼ੇਅਰਿੰਗ ਰਾਹੀਂ ਸਾਰਾ ਖੁਫੀਆ ਡੇਟਾ ਚੋਰੀ ਕਰ ਲੈਂਦੇ ਸਨ।

ਇਸ ਤੋਂ ਬਾਅਦ ਖੇਡ ਸ਼ੁਰੂ ਹੁੰਦੀ ਸੀ 'ਕਲੋਜ਼ਰ' ਦੀ, ਜੋ ਬੈਂਕ ਅਧਿਕਾਰੀ ਬਣ ਕੇ ਗੱਲ ਕਰਦਾ ਸੀ। ਉਹ ਪੀੜਤ ਨੂੰ ਡਰਾਉਂਦਾ ਸੀ ਕਿ ਉਸ ਦਾ ਪੈਸਾ ਸੁਰੱਖਿਅਤ ਨਹੀਂ ਹੈ ਅਤੇ ਉਸ ਨੂੰ ਬਚਾਉਣ ਲਈ ਉਹ ਪੀੜਤ ਤੋਂ ਵੱਖ-ਵੱਖ ਤਰੀਕਿਆਂ ਨਾਲ ਰਕਮ ਹੜੱਪ ਲੈਂਦਾ ਸੀ। ਠੱਗੀ ਲਈ ਉਹ ਪੀੜਤ ਦੇ ਘਰੋਂ ਕੈਸ਼ ਜਾਂ ਸੋਨਾ ਮੰਗਵਾਉਂਦੇ ਸਨ, ਐਮਾਜ਼ਾਨ ਅਤੇ ਐਪਲ ਦੇ ਗਿਫਟ ਕਾਰਡ ਖਰੀਦਵਾਉਂਦੇ ਸਨ ਜਾਂ ਫਿਰ ਫਰਜ਼ੀ ਵਿਦੇਸ਼ੀ ਖਾਤਿਆਂ ਵਿਚ ਪੈਸੇ ਟ੍ਰਾਂਸਫਰ ਕਰਵਾ ਲੈਂਦੇ ਸਨ। ਵਿਦੇਸ਼ ਵਿਚ ਠੱਗੀ ਗਈ ਇਸ ਮੋਟੀ ਰਕਮ ਨੂੰ ਹਵਾਲਾ ਨੈੱਟਵਰਕ, ਕ੍ਰਿਪਟੋ ਕਰੰਸੀ ਅਤੇ ਹੋਰ ਗੈਰ-ਕਾਨੂੰਨੀ ਰਸਤਿਆਂ ਰਾਹੀਂ ਵਾਪਸ ਭਾਰਤ ਲਿਆਂਦਾ ਜਾਂਦਾ ਸੀ। ਸ਼ੁਰੂਆਤੀ ਜਾਂਚ ਵਿਚ ਪਤਾ ਲੱਗਿਆ ਹੈ ਕਿ ਇੱਥੇ ਕੰਮ ਕਰਨ ਵਾਲੇ ਹਰ ਲੜਕੇ-ਲੜਕੀ ਨੂੰ ਫਿਕਸ ਸੈਲਰੀ ਦੇ ਨਾਲ-ਨਾਲ ਮੋਟਾ ਇਨਸੈਂਟਿਵ ਵੀ ਮਿਲਦਾ ਸੀ ਅਤੇ ਹਰ ਆਪਰੇਟਰ ਰੋਜ਼ਾਨਾ 8 ਤੋਂ 10 ਵਿਦੇਸ਼ੀ ਸ਼ਿਕਾਰ ਫਸਾਉਂਦਾ ਸੀ। ਪੁਲਸ ਹੁਣ ਇਸ ਪੂਰੇ ਮਾਮਲੇ ਦੀਆਂ ਕੜੀਆਂ ਨੂੰ ਜੋੜਨ, ਡਿਜੀਟਲ ਸਬੂਤਾਂ ਨੂੰ ਖੰਗਾਲਣ ਅਤੇ ਇਸ ਸਿੰਡੀਕੇਟ ਦੇ ਪਿੱਛੇ ਛਿਪੇ ਵੱਡੇ ਮਗਰਮੱਛਾਂ ਤੱਕ ਪਹੁੰਚਣ ਲਈ ਛਾਪੇਮਾਰੀ ਕਰ ਰਹੀ ਹੈ।


author

Anmol Tagra

Content Editor

Related News