ਪੰਜਾਬ: Gym Workout ਤੋਂ ਪਹਿਲਾਂ ਆਂਡੇ ਖ਼ਾਣ ਨਿਕਲੇ ਦੋਸਤਾਂ ਨਾਲ ਵਾਪਰ ਗਈ ਅਣਹੋਣੀ

Thursday, May 21, 2026 - 03:20 PM (IST)

ਪੰਜਾਬ: Gym Workout ਤੋਂ ਪਹਿਲਾਂ ਆਂਡੇ ਖ਼ਾਣ ਨਿਕਲੇ ਦੋਸਤਾਂ ਨਾਲ ਵਾਪਰ ਗਈ ਅਣਹੋਣੀ

ਲੁਧਿਆਣਾ (ਰਾਜ): ਮਹਾਨਗਰ ਵਿਚ ਵੀਰਵਾਰ ਦੀ ਸਵੇਰ ਇਕ ਵਾਰ ਫਿਰ ਰਫ਼ਤਾਰ ਦਾ ਕਹਿਰ ਦੇਖਣ ਨੂੰ ਮਿਲਿਆ, ਜਿਸ ਨੇ ਇਕ ਹੱਸਦੇ-ਖੇਡਦੇ ਪਰਿਵਾਰ ਦੇ ਇਕਲੌਤੇ ਚਿਰਾਗ ਨੂੰ ਹਮੇਸ਼ਾ ਲਈ ਬੁਝਾ ਦਿੱਤਾ। ਸਵੇਰੇ ਸਵੇਰੇ ਜਿਮ ਜਾਣ ਲਈ ਨਿਕਲੇ ਪੰਜ ਦੋਸਤਾਂ ਦੀ ਤੇਜ਼ ਰਫ਼ਤਾਰ ਥਾਰ ਗੱਡੀ ਬੀ.ਆਰ.ਐੱਸ. ਨਗਰ ਜ਼ੋਨ ਡੀ ਕੱਟ ਦੇ ਕੋਲ ਅਚਾਨਕ ਬੇਕਾਬੂ ਹੋ ਕੇ ਡਿਵਾਈਡਰ ਨਾਲ ਜਾ ਟਕਰਾਈ। ਟੱਕਰ ਇੰਨੀ ਭਿਆਨਕ ਸੀ ਕਿ ਲਗਜ਼ਰੀ ਥਾਰ ਗੱਡੀ ਦੇ ਪਰਖੱਚੇ ਉੱਡ ਗਏ। ਇਸ ਖੌਫਨਾਕ ਹਾਦਸੇ ਵਿਚ ਗੱਡੀ ਚਲਾ ਰਹੇ ਕਾਲਜ ਵਿਦਿਆਰਥੀ ਦੀ ਮੌਕੇ 'ਤੇ ਹੀ ਤੜਫ-ਤੜਫ ਕੇ ਦਰਦਨਾਕ ਮੌਤ ਹੋ ਗਈ, ਜਦਕਿ ਉਸ ਦੇ ਚਾਰ ਹੋਰ ਦੋਸਤ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ।

ਪੁਲਸ ਜਾਂਚ ਅਧਿਕਾਰੀ ਦਵਿੰਦਰ ਸਿੰਘ ਨੇ ਦੱਸਿਆ ਕਿ ਸਵੇਰੇ ਕਰੀਬ 7 ਵਜੇ ਉਨ੍ਹਾਂ ਨੂੰ ਇਸ ਹਾਦਸੇ ਦੀ ਸੂਚਨਾ ਮਿਲੀ ਸੀ। ਸ਼ੁਰੂਆਤੀ ਜਾਂਚ ਅਤੇ ਪੁੱਛਗਿੱਛ ਵਿਚ ਸਾਹਮਣੇ ਆਇਆ ਹੈ ਕਿ ਗੱਡੀ ਵਿਚ ਸਵਾਰ ਪੰਜੇ ਨੌਜਵਾਨ ਪੱਕੇ ਦੋਸਤ ਸਨ ਅਤੇ ਰੋਜ਼ਾਨਾ ਸਵੇਰੇ ਇਕੱਠੇ ਜਿਮ ਜਾ ਕੇ ਵਰਕਆਊਟ ਕਰਦੇ ਸਨ। ਵੀਰਵਾਰ ਦੀ ਸਵੇਰ ਵੀ ਉਹ ਜਿਮ ਜਾਣ ਲਈ ਹੀ ਘਰੋਂ ਨਿਕਲੇ ਸਨ, ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਜਾਂਚ ਅਧਿਕਾਰੀ ਅਨੁਸਾਰ, ਰਸਤੇ ਵਿਚ ਇਕ ਦੋਸਤ ਨੇ ਕਿਹਾ ਕਿ ਜਿਮ ਜਾਣ ਤੋਂ ਪਹਿਲਾਂ ਚਲੋ ਆਂਡੇ ਖਾ ਲੈਂਦੇ ਹਾਂ। ਸਾਰੇ ਦੋਸਤ ਥਾਰ ਵਿਚ ਸਵਾਰ ਹੋ ਕੇ ਦੁਕਾਨ 'ਤੇ ਗਏ ਅਤੇ ਆਂਡੇ ਖਾਣ ਤੋਂ ਬਾਅਦ ਜਦੋਂ ਉਹ ਵਾਪਸ ਆਪਣੇ ਘਰਾਂ ਨੂੰ ਪਰਤਣ ਲੱਗੇ, ਤਾਂ ਤੇਜ਼ ਰਫ਼ਤਾਰ ਕਾਰਨ ਥਾਰ ਬੇਕਾਬੂ ਹੋ ਕੇ ਸਿੱਧੀ ਡਿਵਾਈਡਰ ਨਾਲ ਜਾ ਟਕਰਾਈ। ਹਾਦਸੇ ਵੇਲੇ ਆਰੀਅਨ ਵੀਰ ਸਿੰਘ ਡਰਾਈਵਿੰਗ ਸੀਟ 'ਤੇ ਸੀ, ਜਿਸ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ, ਜਦਕਿ ਉਸ ਦੇ ਚਾਰ ਦੋਸਤ ਖੂਨ ਨਾਲ ਲੱਥਪੱਥ ਹਾਲਤ ਵਿਚ ਗੱਡੀ ਦੇ ਅੰਦਰ ਹੀ ਫਸ ਗਏ। ਰਾਹਗੀਰਾਂ ਅਤੇ ਪੁਲਸ ਦੀ ਮਦਦ ਨਾਲ ਜ਼ਖਮੀਆਂ ਨੂੰ ਤੁਰੰਤ ਨਿੱਜੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਇਸ ਹਾਦਸੇ ਤੋਂ ਬਾਅਦ ਮ੍ਰਿਤਕ ਆਰੀਅਨ ਦੇ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ।

ਜਾਂਚ ਅਧਿਕਾਰੀ ਦਵਿੰਦਰ ਸਿੰਘ ਨੇ ਹਸਪਤਾਲ ਤੋਂ ਮਿਲੀ ਜਾਣਕਾਰੀ ਦੇ ਹਵਾਲੇ ਨਾਲ ਦੱਸਿਆ ਕਿ ਹਾਦਸੇ ਵਿਚ ਜ਼ਖਮੀ ਹੋਏ ਇਕ ਨੌਜਵਾਨ ਦਾ ਸਿਰ ਪੂਰੀ ਤਰ੍ਹਾਂ ਫਟ ਗਿਆ ਹੈ, ਜਦਕਿ ਇਕ ਹੋਰ ਦੇ ਬਾਂਹ 'ਤੇ ਗੰਭੀਰ ਸੱਟਾਂ ਲੱਗੀਆਂ ਹਨ। ਬਾਕੀ ਦੋ ਹੋਰ ਦੋਸਤਾਂ ਦੀ ਹਾਲਤ ਫਿਲਹਾਲ ਸਥਿਰ ਬਣੀ ਹੋਈ ਹੈ। ਪੁਲਸ ਨੇ ਮ੍ਰਿਤਕ ਵਿਦਿਆਰਥੀ ਦੀ ਦੇਹ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ ਅਤੇ ਮਾਮਲੇ ਦੀ ਅਗਲੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ।


author

Anmol Tagra

Content Editor

Related News