ਕਰਿਆਨਾ ਵਪਾਰੀ ਦੇ ਘਰ ਦੀ ਦੂਜੀ ਮੰਜ਼ਿਲ ’ਤੇ ਲੱਗੀ ਭਿਆਨਕ ਅੱਗ

Tuesday, Jun 16, 2026 - 04:38 PM (IST)

ਕਰਿਆਨਾ ਵਪਾਰੀ ਦੇ ਘਰ ਦੀ ਦੂਜੀ ਮੰਜ਼ਿਲ ’ਤੇ ਲੱਗੀ ਭਿਆਨਕ ਅੱਗ

ਲੁਧਿਆਣਾ (ਰਾਜ): ਗਾਂਧੀ ਨਗਰ ਇਲਾਕੇ ਵਿਚ ਉਸ ਸਮੇਂ ਦਹਿਸ਼ਤ ਫੈਲ ਗਈ, ਜਦੋਂ ਗਾਂਧੀ ਨਗਰ ਸਥਿਤ ਇਕ ਕਰਿਆਨਾ ਵਪਾਰੀ ਢੀਂਗਰਾ ਪਰਿਵਾਰ ਦੇ ਮਕਾਨ ਦੀ ਦੂਜੀ ਮੰਜ਼ਿਲ ਤੋਂ ਅਚਾਨਕ ਅੱਗ ਦੀਆਂ ਉੱਚੀਆਂ-ਉੱਚੀਆਂ ਲਪਟਾਂ ਉੱਠਣ ਲੱਗੀਆਂ। ਦੇਖਦੇ ਹੀ ਦੇਖਦੇ ਅੱਗ ਨੇ ਇੰਨਾ ਭਿਆਨਕ ਰੂਪ ਧਾਰਨ ਕਰ ਲਿਆ ਕਿ ਪੂਰੇ ਇਲਾਕੇ ਵਿੱਚ ਹੜਕੰਪ ਮਚ ਗਿਆ ਅਤੇ ਲੋਕ ਡਰ ਦੇ ਮਾਰੇ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ। ਗਨੀਮਤ ਇਹ ਰਹੀ ਕਿ ਸਮਾਂ ਰਹਿੰਦੇ ਰਾਹਤ ਕਾਰਜ ਸ਼ੁਰੂ ਹੋ ਗਏ, ਜਿਸ ਨਾਲ ਇੱਕ ਬਹੁਤ ਵੱਡਾ ਤੇ ਭਿਆਨਕ ਹਾਦਸਾ ਹੋਣੋਂ ਟਲ ਗਿਆ ਅਤੇ ਪਰਿਵਾਰ ਦੇ ਸਾਰੇ ਮੈਂਬਰ ਵਾਲ-ਵਾਲ ਬਚ ਗਏ।

ਘਟਨਾ ਦਾ ਪਤਾ ਲੱਗਦਿਆਂ ਹੀ ਇਲਾਕੇ ਦੇ ਕੌਂਸਲਰ ਨੀਰਜ ਆਹੂਜਾ ਤੁਰੰਤ ਮੌਕੇ ''ਤੇ ਪਹੁੰਚੇ। ਉਨ੍ਹਾਂ ਦੱਸਿਆ ਕਿ ਸੋਮਵਾਰ ਸਵੇਰੇ ਕਰੀਬ 4 ਵਜੇ ਉਨ੍ਹਾਂ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਹਾਲਾਤ ਦੀ ਗੰਭੀਰਤਾ ਤੇ ਜਾਨ-ਮਾਲ ਦੇ ਖ਼ਤਰੇ ਨੂੰ ਦੇਖਦਿਆਂ ਉਨ੍ਹਾਂ ਬਿਨਾਂ ਪਲ ਗੁਆਏ ਤੁਰੰਤ ਫਾਇਰ ਬ੍ਰਿਗੇਡ ਵਿਭਾਗ ਨੂੰ ਸੂਚਨਾ ਦਿੱਤੀ।

ਅੱਗ ਇੰਨੀ ਤੇਜ਼ੀ ਨਾਲ ਫੈਲ ਰਹੀ ਸੀ ਕਿ ਇਕ ਗੱਡੀ ਨਾਲ ਕਾਬੂ ਪਾਉਣਾ ਅਸੰਭਵ ਲੱਗ ਰਿਹਾ ਸੀ, ਜਿਸ ਕਾਰਨ ਤੁਰੰਤ ਬੈਕਅੱਪ ਲਈ ਵਾਧੂ ਫਾਇਰ ਬ੍ਰਿਗੇਡ ਦੀ ਗੱਡੀ ਨੂੰ ਵੀ ਮੌਕੇ 'ਤੇ ਬੁਲਾਉਣਾ ਪਿਆ। ਫਿਰ ਫਾਇਰ ਅਫਸਰ ਪੰਕਜ ਦੀ ਅਗਵਾਈ ਵਿਚ ਫਾਇਰ ਬ੍ਰਿਗੇਡ ਦੀ ਟੀਮ ਮਹਿਜ਼ 15 ਮਿੰਟਾਂ ਦੇ ਅੰਦਰ ਮੌਕੇ 'ਤੇ ਪਹੁੰਚ ਗਈ। ਹਾਲਾਂਕਿ ਟੀਮ ਨੂੰ ਘਟਨਾ ਸਥਾਨ ਤੱਕ ਪਹੁੰਚਣ ਵਿਚ ਭਾਰੀ ਮੁਸ਼ੱਕਤ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਇਲਾਕੇ ਦੀ ਮੁੱਖ ਗਲੀ ਵਿਚ ਸੜਕ ਨਿਰਮਾਣ ਦਾ ਕੰਮ ਚੱਲ ਰਿਹਾ ਸੀ, ਜਿਸ ਕਾਰਨ ਵੱਡੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਅੰਦਰ ਲੈ ਜਾਣ ਵਿਚ ਕਾਫੀ ਰੁਕਾਵਟ ਆਈ।

ਇਸ ਦੇ ਬਾਵਜੂਦ ਫਾਇਰ ਕਰਮੀਆਂ ਨੇ ਸੂਝ-ਬੂਝ ਤੇ ਦਲੇਰੀ ਦਿਖਾਉਂਦੇ ਤੁਰੰਤ ਪਾਈਪ ਫੈਲਾਏ ਅਤੇ ਅੱਗ 'ਤੇ ਕਾਬੂ ਪਾਉਣ ਦਾ ਕੰਮ ਸ਼ੁਰੂ ਕਰ ਦਿੱਤਾ। ਜਾਣਕਾਰੀ ਅਨੁਸਾਰ ਪੀੜਤ ਢੀਂਗਰਾ ਪਰਿਵਾਰ ਆਪਣੇ ਘਰ ਤੋਂ ਹੀ ਕਰਿਆਨੇ ਦਾ ਵੱਡਾ ਕਾਰੋਬਾਰ ਕਰਦਾ ਹੈ। ਘਰ ਦੀ ਜਿਸ ਦੂਜੀ ਮੰਜ਼ਿਲ ’ਤੇ ਅੱਗ ਲੱਗੀ, ਉਸ ਨੂੰ ਗੋਦਾਮ ਵਜੋਂ ਵਰਤਿਆ ਜਾ ਰਿਹਾ ਸੀ ਅਤੇ ਲੱਖਾਂ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਹ ਹਾਦਸਾ ਸ਼ਾਰਟ ਸਰਕਟ ਦੀ ਵਜ੍ਹਾ ਨਾਲ ਹੋਇਆ ਹੋਵੇਗਾ ਪਰ ਫਾਇਰ ਬ੍ਰਿਗੇਡ ਤੇ ਪੁਲਸ ਪ੍ਰਸ਼ਾਸਨ ਅਸਲੀ ਕਾਰਨਾਂ ਦਾ ਪਤਾ ਲਗਾਉਣ ਲਈ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੇ ਹਨ।
 


author

Anmol Tagra

Content Editor

Related News