ਮਸ਼ਹੂਰ ਰੈਸਟੋਰੈਂਟ ''ਚ ਪੈ ਗਈ ਰੇਡ, ਮਾਲਕ ਨੇ ਕਿਹਾ ; ''''ਮੁਲਾਜ਼ਮ ਮੁਫ਼ਤ ''ਚ ਮੰਗਦੇ ਖਾਣਾ, ਨਹੀਂ ਦਿੱਤਾ ਤਾਂ...''''
Sunday, Dec 29, 2024 - 03:18 AM (IST)
ਮੋਗਾ (ਕਸ਼ਿਸ਼ ਸਿੰਗਲਾ)- ਥਾਣਾ ਸਿਟੀ ਸਾਊਥ ਦੇ ਮੁਨਸ਼ੀ ਅਤੇ ਪੁਲਸ ਮੁਲਾਜ਼ਮਾਂ ਵੱਲੋਂ ਬੀਤੀ ਦੇਰ ਸ਼ਾਮ ਮੋਗਾ ਦੇ ਮਸ਼ਹੂਰ ਜ਼ਾਇਕਾ ਰੈਸਟੋਰੈਂਟ ਵਿੱਚ ਛਾਪੇਮਾਰੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਹ ਮਾਮਲਾ ਚਰਚਾ ਦਾ ਵਿਸ਼ਾ ਬਣ ਗਿਆ ਹੈ।
ਵਾਇਰਲ ਹੋਈ ਵੀਡੀਓ 'ਚ ਪੁਲਸ ਕਰਮਚਾਰੀ ਰੈਸਟੋਰੈਂਟ ਦੇ ਮਾਲਕ ਅਤੇ ਗਾਹਕਾਂ 'ਤੇ ਬਿਨਾਂ ਲਾਇਸੈਂਸ ਤੋਂ ਸ਼ਰਾਬ ਪਰੋਸਣ ਦੇ ਇਲਜ਼ਾਮ ਲਗਾ ਰਹੇ ਹਨ, ਜਦਕਿ ਰੈਸਟੋਰੈਂਟ ਮਾਲਕ ਦਾ ਕਹਿਣਾ ਹੈ ਕਿ ਐਕਸਾਈਜ਼ ਵਿਭਾਗ ਨੇ ਰੈਸਟੋਰੈਂਟ ਦੇ ਕਰਮਚਾਰੀਆਂ ਅਤੇ ਗਾਹਕਾਂ ਨੂੰ ਪ੍ਰੇਸ਼ਾਨ ਕੀਤਾ ਹੈ।
ਇਸ ਮਾਮਲੇ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਰੈਸਟੋਰੈਂਟ ਦੇ ਮਾਲਕ ਚੰਦਰ ਕਾਂਤ ਸਿੰਗਲਾ ਕਾਲਾ ਨੇ ਦੋਸ਼ ਲਾਇਆ ਕਿ ਅਸਲ ਵਿੱਚ ਥਾਣਾ ਸਿਟੀ ਸਾਊਥ ਦੇ ਕੁਝ ਮੁਲਾਜ਼ਮ ਅਕਸਰ ਉਨ੍ਹਾਂ ਨੂੰ ਮੁਫ਼ਤ 'ਚ ਖਾਣ-ਪੀਣ ਲਈ ਚਿਕਨ ਅਤੇ ਹੋਰ ਸਾਮਾਨ ਪੈਕ ਕਰਨ ਲਈ ਕਹਿੰਦੇ ਹਨ ਅਤੇ ਕਈ ਵਾਰ ਉਹ ਖਾਣਾ ਉਨ੍ਹਾਂ ਨੂੰ ਭੇਜ ਚੁੱਕੇ ਹਨ, ਪਰ ਹੁਣ ਮਹਿੰਗਾਈ ਕਾਰਨ ਸਾਮਾਨ ਮਹਿੰਗਾ ਹੋ ਗਿਆ ਹੈ। ਇਸੇ ਦੌਰਾਨ ਇਕ ਦਿਨ ਅਚਾਨਕ ਉਸ ਨੇ ਉਨ੍ਹਾਂ ਤੋਂ ਪੈਸੇ ਮੰਗ ਲਏ, ਜਿਸ ਤੋਂ ਬਾਅਦ ਕਰਮਚਾਰੀ ਕਥਿਤ ਤੌਰ 'ਤੇ ਗੁੱਸੇ ਵਿਚ ਆ ਗਏ।
ਇਹ ਵੀ ਪੜ੍ਹੋ- ਪਟਵਾਰੀਆਂ ਨੇ ਕੀਤਾ 'ਬੰਦ' ਨੂੰ ਸਮਰਥਨ ਦੇਣ ਦਾ ਐਲਾਨ, ਕਿਹਾ- 'ਕਿਸਾਨ-ਪਟਵਾਰੀ ਦਾ ਰਿਸ਼ਤਾ ਨਹੁੰ-ਮਾਸ ਵਾਲਾ...'
ਉਨ੍ਹਾਂ ਦੱਸਿਆ ਕਿ ਇਸ ਦੇ ਆਧਾਰ 'ਤੇ 25 ਦਸੰਬਰ ਦੀ ਦੇਰ ਰਾਤ ਰੈਸਟੋਰੈਂਟ 'ਚ ਉਨ੍ਹਾਂ 'ਤੇ ਛਾਪੇਮਾਰੀ ਕੀਤੀ ਗਈ ਅਤੇ ਇਸ ਤੋਂ ਬਾਅਦ ਬਿਨਾਂ ਕਿਸੇ ਕਾਰਨ ਉਨ੍ਹਾਂ ਦੇ ਕਰਮਚਾਰੀਆਂ ਨੂੰ ਪਹਿਲਾਂ ਕਾਰ 'ਚ ਬਿਠਾ ਲਿਆ ਗਿਆ ਤੇ ਫ਼ਿਰ ਕੁਝ ਦੇਰ ਬਾਅਦ ਹੀ ਛੱਡ ਦਿੱਤਾ ਗਿਆ। ਮਾਲਕ ਕਾਲਾ ਨੇ ਦੋਸ਼ ਲਾਇਆ ਕਿ ਮੁਲਾਜ਼ਮਾਂ ਨੇ ਕਥਿਤ ਤੌਰ ’ਤੇ ਰੈਸਟੋਰੈਂਟ ਬੰਦ ਕਰਵਾਉਣ ਦੀਆਂ ਧਮਕੀਆਂ ਵੀ ਦਿੱਤੀਆਂ।
ਇਹ ਵੀ ਪੜ੍ਹੋ- ਸਰਕਾਰ ਦਾ ਵੱਡਾ ਫ਼ੈਸਲਾ ; 9 ਜ਼ਿਲ੍ਹੇ ਤੇ 3 ਡਿਵੀਜ਼ਨਾਂ ਕੀਤੀਆਂ ਖ਼ਤਮ
ਜ਼ਿਲ੍ਹਾ ਪੁਲਸ ਇੰਚਾਰਜ ਨੂੰ ਕੀਤੀ ਜਾਵੇਗੀ ਸ਼ਿਕਾਇਤ : ਕਾਲਾ
ਇਸ ਮੌਕੇ ਜਾਣਕਾਰੀ ਦਿੰਦਿਆਂ ਰੈਸਟੋਰੈਂਟ ਮਾਲਕ ਕਾਲਾ ਨੇ ਦੋਸ਼ ਲਾਇਆ ਕਿ 27 ਦਸੰਬਰ ਨੂੰ ਮਾਮਲੇ ਦੀ ਸਮੁੱਚੀ ਵੀਡੀਓਗ੍ਰਾਫੀ ਸਮੇਤ ਸ਼ਿਕਾਇਤ ਪੱਤਰ ਜ਼ਿਲ੍ਹਾ ਪੁਲਸ ਇੰਚਾਰਜ ਨੂੰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਮਾਮਲਾ ਥਾਣਾ ਇੰਚਾਰਜ ਅਤੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਹੈ ਪਰ ਇਨਸਾਫ਼ ਨਾ ਮਿਲਣ ਕਾਰਨ ਉਹ ਹੁਣ ਜ਼ਿਲ੍ਹਾ ਪੁਲਸ ਇੰਚਾਰਜ ਨੂੰ ਸ਼ਿਕਾਇਤ ਕਰਨਗੇ।
ਮਾਮਲੇ ਦੀ ਜਾਂਚ ਕੀਤੀ ਜਾਵੇਗੀ : ਥਾਣਾ ਇੰਚਾਰਜ
ਇਸ ਦੌਰਾਨ ਥਾਣਾ ਸਿਟੀ ਸਾਊਥ ਦੇ ਇੰਚਾਰਜ ਗੁਰਜਿੰਦਰਪਾਲ ਸਿੰਘ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਅਤੇ ਉਸ ਤੋਂ ਬਾਅਦ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਦੀ ਜਾਂਚ ਤੋਂ ਬਾਅਦ ਹੀ ਕੋਈ ਟਿੱਪਣੀ ਕਰ ਸਕਦੇ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e