ਪੰਜਾਬ ''ਚ ਬੇਖੌਫ਼ ਅਪਰਾਧੀ, ਛੋਟੇ ਹੱਥੀ ''ਚ ਸਮਾਨ ਭਰਕੇ ਲੈ ਗਏ ਚੋਰ
Tuesday, Mar 03, 2026 - 06:25 PM (IST)
ਮੋਗਾ (ਆਜ਼ਾਦ) : ਮੋਗਾ-ਜਲੰਧਰ ਰੋਡ ’ਤੇ ਸਥਿਤ ਪਿੰਡ ਕਮਾਲਕੇ ਵਿਖੇ ਅਣਪਛਾਤੇ ਚੋਰਾਂ ਵਲੋਂ ਇਕੋ ਰਾਤ ਤਿੰਨ ਦੁਕਾਨਾਂ ਦੇ ਸ਼ਟਰ ਭੰਨ ਕੇ ਉਨ੍ਹਾਂ ਵਿਚੋਂ ਸਾਮਾਨ ਚੋਰੀ ਕਰਕੇ ਲਿਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ ਵਿਚ ਧਰਮਕੋਟ ਪੁਲਸ ਵਲੋਂ ਪੀੜਤ ਦੁਕਾਨਦਾਰ ਰਣਜੀਤ ਸਿੰਘ ਨਿਵਾਸੀ ਪਿੰਡ ਜੀਂਦੜਾ ਦੇ ਬਿਆਨਾਂ ’ਤੇ ਅਣਪਛਾਤੇ ਚੋਰਾਂ ਦੇ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਕਮਾਲਕੇ ਪੁਲਸ ਚੌਕੀ ਦੇ ਇੰਚਾਰਜ ਸਹਾਇਕ ਥਾਣੇਦਾਰ ਗੁਰਪ੍ਰੀਤ ਸਿੰਘ ਵਲੋਂ ਕੀਤੀ ਜਾ ਰਹੀ ਹੈ।
ਇਸ ਸਬੰਧ ਵਿਚ ਸੋਸ਼ਲ ਮੀਡੀਆ ’ਤੇ ਜਾਣਕਾਰੀ ਦਿੰਦਿਆਂ ਥਾਣਾ ਧਰਮਕੋਟ ਦੇ ਮੁੱਖ ਅਫਸਰ ਇੰਸਪੈਕਟਰ ਲਛਮਣ ਸਿੰਘ ਨੇ ਕਿਹਾ ਕਿ ਅਣਪਛਾਤੇ ਚੋਰਾਂ ਵਲੋਂ ਇਕ ਵਰਕਸ਼ਾਪ, ਇਕ ਕਰਿਆਨਾ ਦੁਕਾਨ ਅਤੇ ਇਕ ਲੂਬਰੀਕੇਟਰ ਦੀ ਦੁਕਾਨ ਨੂੰ ਨਿਸ਼ਾਨਾਂ ਬਣਾਇਆ ਅਤੇ ਉਨ੍ਹਾਂ ਦਾ ਸ਼ਟਰ ਭੰਨ ਕੇ ਕੀਮਤੀ ਸਾਮਾਨ ਆਪਣੇ ਨਾਲ ਲਿਆਂਦੇ ਵ੍ਹੀਕਲ ਜੋ ਛੋਟਾ ਹਾਥੀ ਸੀ ਵਿਚ ਭਰ ਕੇ ਲੈ ਗਏ।
ਉਨ੍ਹਾਂ ਦੱਸਿਆ ਕਿ ਚੋਰੀ ਦੀ ਘਟਨਾ ਦੀ ਜਾਣਕਾਰੀ ਮਿਲਣ ’ਤੇ ਉਹ ਪੁਲਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਅਤੇ ਜਾਂਚ ਦੇ ਇਲਾਵਾ ਆਸ-ਪਾਸ ਦਾ ਨਿਰੀਖਣ ਕਰ ਕੇ ਪੀੜਤ ਦੁਕਾਨਦਾਰਾਂ ਅਤੇ ਹੋਰ ਲੋਕਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਇਲਾਕੇ ਵਿਚ ਲੱਗੇ ਸਾਰੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੈਜ਼ ਨੂੰ ਖੰਗਾਲਿਆ ਜਾ ਰਿਹਾ ਹੈ ਅਤੇ ਚੌਕੀ ਇੰਚਾਰਜ ਗੁਰਪ੍ਰੀਤ ਸਿੰਘ ਪੁਲਸ ਪਾਰਟੀ ਸਮੇਤ ਚੋਰਾਂ ਨੂੰ ਕਾਬੂ ਕਰਨ ਲਈ ਸਰਗਰਮੀ ਨਾਲ ਕੰਮ ਕਰ ਰਹੇ ਹਨ, ਜਲਦੀ ਹੀ ਉਨ੍ਹਾਂ ਦੇ ਕਾਬੂ ਆ ਜਾਣ ਦੀ ਸੰਭਾਵਨਾ ਹੈ।
