ਪੰਜਾਬ ਪੁਲਸ ਵੱਲੋਂ ਸਾਂਝੀ ਸਰਚ ਮੁਹਿੰਮ ਦੌਰਾਨ ਹਲਵਾਈ ਤੇ ਦੁੱਧ ਦੀਆਂ ਡੇਅਰੀਆਂ ''ਤੇ ਛਾਪੇਮਾਰੀ

11/04/2020 10:52:56 AM

ਸਮਾਣਾ (ਅਨੇਜਾ) : ਦੀਵਾਲੀ ਦੇ ਤਿਓਹਾਰ ਨੂੰ ਮੁੱਖ ਰੱਖਦੇ ਹੋਏ ਸਿਹਤ ਮਹਿਕਮੇ ਅਤੇ ਪੰਜਾਬ ਪੁਲਸ ਸਮਾਣਾ ਵੱਲੋਂ ਡੀ. ਐਸ. ਪੀ. ਜਸਵੰਤ ਸਿੰਘ ਮਾਂਗਟ ਅਤੇ ਸਿਟੀ ਇੰਚਾਰਜ ਕਰਨਵੀਰ ਸਿੰਘ ਦੀ ਅਗਵਾਈ ਹੇਠ ਹਲਵਾਈ ਅਤੇ ਦੁੱਧ ਦੀਆਂ ਡੇਅਰੀਆਂ ’ਤੇ ਛਾਪੇਮਾਰੀ ਕੀਤੀ ਗਈ, ਜਿਸ ਦੌਰਾਨ ਵੱਖ-ਵੱਖ ਹਲਵਾਈਆਂ ਅਤੇ ਡੇਅਰੀਆਂ 'ਚੋਂ ਖਾਣ-ਪੀਣ ਦੇ ਸਮਾਨ ਦੇ ਨਮੂਨੇ ਭਰੇ ਗਏ। ਇਸ ਦੌਰਾਨ ਡੀ. ਐਸ. ਪੀ. ਜਸਵੰਤ ਸਿੰਘ ਮਾਂਗਟ ਨੇ ਸਖ਼ਤ ਸ਼ਬਦਾਂ 'ਚ ਕਿਹਾ ਕਿ ਭਰੇ ਗਏ ਨਮੂਨਿਆਂ 'ਚ ਜੇਕਰ ਕੋਈ ਗੜਬੜੀ ਪਾਈ ਗਈ ਤਾਂ ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ।

ਇਸ ਸੰਬੰਧੀ ਡੀ. ਐਸ. ਪੀ. ਜਸਵੰਤ ਸਿੰਘ ਮਾਂਗਟ ਨੇ ਦੱਸਿਆ ਕਿ ਐਸ. ਐਸ. ਪੀ. ਪਟਿਆਲਾ ਵੱਲੋਂ ਤਿਓਹਾਰਾਂ ਦੇ ਦਿਨਾਂ ਨੂੰ ਮੁੱਖ ਰੱਖਦਿਆਂ ਸਖ਼ਤ ਨਿਰਦੇਸ਼ ਜਾਰੀ ਕੀਤੇ ਗਏ ਕਿ ਕਿਸੇ ਵੀ ਹਾਲਤ 'ਚ ਮਿਲਾਵਟੀ ਸਮਾਨ ਨਾ ਵਿਕ ਸਕੇ, ਜਿਸ ਲਈ ਉਨ੍ਹਾਂ ਸਿਹਤ ਮਹਿਕਮੇ ਅਤੇ ਪੰਜਾਬ ਪੁਲਸ ਸਮਾਣਾ ਦੀ ਸਾਂਝੀ ਟੀਮ ਨਿਯੁਕਤ ਕੀਤੀ ਹੈ, ਜਿਸ 'ਚ ਡਾ. ਅਮਨਦੀਪ ਕੁਮਾਰ ਅਤੇ ਡਾ. ਸਤਵੰਤ ਕੌਰ ਤੋਂ ਇਲਾਵਾ ਪੰਜਾਬ ਪੁਲਸ ਨੂੰ ਸ਼ਾਮਲ ਕੀਤਾ ਗਿਆ ਹੈ, ਜਿਸ ਦੀ ਅਗਵਾਈ ਉਹ ਖੁਦ ਕਰ ਰਹੇ ਹਨ।

ਇਨ੍ਹਾਂ ਨਿਰਦੇਸ਼ਾਂ ਤਹਿਤ ਉਨ੍ਹਾਂ ਸਿਹਤ ਮਹਿਕਮੇ ਦੀ ਟੀਮ ਵੱਲੋਂ ਚਲਾਏ ਗਏ ਸਰਚ ਆਪਰੇਸ਼ਨ ਦੌਰਾਨ ਸ਼ਹਿਰ 'ਚ ਕਈ ਮਠਿਆਈ ਦੀਆਂ ਦੁਕਾਨਾਂ ਅਤੇ ਦੁੱਧ ਦੀਆਂ ਡੇਅਰੀਆਂ ਦੀ ਚੈਕਿੰਗ ਕਰਕੇ ਖਾਣ-ਪੀਣ ਦੇ ਸਮਾਨ ਦੇ ਨਮੂਨੇ ਭਰੇ ਹਨ, ਜਿਨ੍ਹਾਂ ਦੀ ਟੈਸਟਿੰਗ ਲਈ ਸਬੰਧਤ ਲੈਬਾਰਟਰੀ 'ਚ ਭੇਜਿਆ ਜਾਵੇਗਾ। ਇਨ੍ਹਾਂ 'ਚੋਂ ਜੇਕਰ ਕਿਸੇ ਵੀ ਦੁਕਾਨਦਾਰ ਦੇ ਖਾਣ-ਪੀਣ ਦੇ ਸਮਾਨ ਦੀ ਰਿਪੋਰਟ ਗਲਤ ਪਾਈ ਜਾਂਦੀ ਹੈ ਤਾਂ ਉਸ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਖਾਣ-ਪੀਣ ਦੇ ਸਮਾਨ 'ਚ ਮਿਲਾਵਟ ਕਰਨ ਵਾਲਿਆਂ ਨੂੰ ਕਿਸੇ ਵੀ ਹਾਲਤ ਬਖਸ਼ਿਆ ਨਹੀਂ ਜਾਵੇਗਾ ਕਿਉਂਕਿ ਉਨ੍ਹਾਂ ਨੂੰ ਜ਼ਿਲ੍ਹਾ ਮੁਖੀ ਵਲੋਂ ਸਖ਼ਤ ਹਦਾਇਤਾਂ ਜਾਰੀ ਹੋਈਆਂ ਹਨ ਕਿ ਇਨ੍ਹਾਂ ਤਿਓਹਾਰਾਂ ਦੇ ਦਿਨਾਂ 'ਚ ਕੋਈ ਵੀ ਦੁਕਾਨਦਾਰ ਖਾਣ-ਪੀਣ ਦੇ ਸਮਾਨ 'ਚ ਮਿਲਾਵਟ ਨਾ ਕਰ ਸਕੇ ਤਾਂ ਜੋ ਹਰ ਇਕ ਨੂੰ ਖਾਣ-ਪੀਣ ਦਾ ਸਮਾਨ ਸਾਫ-ਸੁਥਰਾ ਮਿਲ ਸਕੇ। ਇਸੇ ਤਰ੍ਹਾਂ ਦੀ ਕਾਰਵਾਈ ਲਗਾਤਾਰ ਜਾਰੀ ਰਹੇਗੀ, ਜਿਸ ਲਈ ਉਹ ਸਭ ਨੂੰ ਅਗਾਂਹ ਕਰਕੇ ਚਿਤਾਵਨੀ ਦਿੰਦੇ ਹਨ ਕਿ ਮਿਲਾਵਟੀ ਸਮਾਨ ਬਣਾਉਣਾ ਬੰਦ ਕਰ ਦੇਣ ਨਹੀਂ ਤਾਂ ਇਸ ਦੇ ਨਤੀਜੇ ਭੁਗਤਣੇ ਪੈ ਸਕਦੇ ਹਨ।
 


Babita

Content Editor

Related News