ਆਰ. ਟੀ. ਏ. ਫਰੀਦਕੋਟ ਦਾ ਡਰਾਈਵਰ 15,000 ਦੀ ਰਿਸ਼ਵਤ ਲੈਂਦਾ ਕਾਬੂ

06/23/2020 11:31:55 PM

ਚੰਡੀਗੜ੍ਹ,(ਰਮਨਜੀਤ)- ਪੰਜਾਬ ਵਿਜੀਲੈਂਸ ਬਿਓਰੋ ਨੇ ਅੱਜ ਖੇਤਰੀ ਟਰਾਂਸਪੋਰਟ ਅਥਾਰਟੀ (ਆਰ. ਟੀ. ਏ.) ਫਰੀਦਕੋਟ-ਕਮ-ਜਨਰਲ ਸਹਾਇਕ ਡੀ. ਸੀ. ਫਰੀਦਕੋਟ ਦੇ ਡਰਾਈਵਰ ਨੂੰ ਜ਼ਿਲਾ ਪ੍ਰਬੰਧਕੀ ਕੰਪਲੈਕਸ ਫਰੀਦਕੋਟ ਵਿਖੇ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਦਬੋਚ ਲਿਆ। ਪੰਜਾਬ ਵਿਜੀਲੈਂਸ ਬਿਊਰੋ ਦੇ ਇਕ ਬੁਲਾਰੇ ਨੇ ਦੱਸਿਆ ਕਿ ਦੋਸ਼ੀ ਡਰਾਈਵਰ ਅਮਰਜੀਤ ਸਿੰਘ (ਨੰਬਰ 36/482), ਜੋ ਕਿ ਪੰਜਾਬ ਪੁਲਸ ਵਿਚ ਹੌਲਦਾਰ ਹੈ, ਨੂੰ ਮਲੋਟ, ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਵਾਸੀ ਬਾਜ ਸਿੰਘ ਦੀ ਸ਼ਿਕਾਇਤ ’ਤੇ ਗ੍ਰਿਫ਼ਤਾਰ ਕੀਤਾ ਹੈ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਉਕਤ ਆਰ.ਟੀ.ਏ. ਅਤੇ ਉਸਦਾ ਡਰਾਈਵਰ ਉਸਦੀ ਨਵੀਂ ਟੂਰਿਸਟ ਬੱਸ ਨੂੰ ਸੜਕ ’ਤੇ ਚੱਲਣ ਦੀ ਆਗਿਆ ਦੇਣ ਬਦਲੇ 25,000 ਰੁਪਏ ਦੀ ਰਿਸ਼ਵਤ ਮੰਗ ਰਹੇ ਹਨ। ਇਸ ਸ਼ਿਕਾਇਤ ਦੀ ਪੁਸ਼ਟੀ ਕਰਨ ਤੋਂ ਬਾਅਦ ਵਿਜੀਲੈਂਸ ਦੇ ਉਡਣ ਦਸਤੇ–1, ਐੱਸ. ਏ.ਐੱਸ. ਨਗਰ ਦੀ ਇਕ ਟੀਮ ਨੇ ਜਾਲ ਵਿਛਾਇਆ ਅਤੇ ਦੋਸ਼ੀ ਡਰਾਈਵਰ ਨੂੰ ਪਹਿਲੀ ਕਿਸ਼ਤ ਵਜੋਂ ਰਿਸ਼ਵਤ ਦੇ 15,000 ਰੁਪਏ ਲੈਂਦਿਆਂ ਮੌਕੇ ’ਤੇ ਹੀ ਫਰੀਦਕੋਟ ਤੋਂ ਗ੍ਰਿਫ਼ਤਾਰ ਕਰ ਲਿਆ। ਉਸਦੇ ਖਿਲਾਫ਼ ਫਲਾਇੰਗ ਸਕੁਐਡ ਦੇ ਐੱਸ. ਏ. ਐੱਸ. ਨਗਰ ਸਥਿਤ ਥਾਣੇ ਵਿਚ ਕੇਸ ਦਰਜ ਕੀਤਾ ਗਿਆ ਹੈ।


Bharat Thapa

Content Editor

Related News