ਆਮ ਜੀਵਨ ਵਿਚ ਮਾਂ ਬੋਲੀ ਦੀ ਹੀ ਵਰਤੋਂ ਕਰੇ ਸਮਾਜ : ਰਾਮ ਗੋਪਾਲ

03/22/2018 10:54:32 AM

ਬੁਢਲਾਡਾ (ਬਾਂਸਲ) : ਭਾਸ਼ਾ ਕੇਵਲ ਵਿਚਾਰ ਵਟਾਂਦਰੇ ਦਾ ਹੀ ਸਾਧਨ ਨਹੀਂ ਬਲਕਿ ਆਪਣੇ ਸੱਭਿਆਚਾਰ ਦਾ ਅਧਾਰ ਹੈ ਅਤੇ ਸਥਾਨਕ ਬੋਲੀਆਂ ਭਾਸ਼ਾਵਾਂ ਦੀ ਰੀੜ ਹੁੰਦੀਆਂ ਹਨ। ਇਹ ਸ਼ਬਦ ਅੱਜ ਆਰ.ਐੱਸ. ਐੱਸ. ਸੰਘ ਵੱਲ ਕਰਵਾਏ ਗਏ ਪ੍ਰੋਗਰਾਮ ਦੌਰਾਨ ਪੰਜਾਬ ਪ੍ਰਚਾਰ ਪ੍ਰਮੁੱਖ ਰਾਮਗੋਪਾਲ ਨੇ ਕਹੇ। ਉਨ੍ਹਾਂ ਕਿਹਾ ਕਿ ਜੇਕਰ ਆਪਣੀ ਭਾਸ਼ਾ ਅਤੇ ਬੋਲੀ ਸੁਰੱਖਿਅਤ ਨਾ ਰਹੀ ਤਾਂ ਆਪਣਾ ਸੱਭਿਆਚਾਰ ਵੀ ਅਸੁੱਰਖਿਅਤ ਹੋ ਜਾਵੇਗਾ, ਜਿਸ ਤਰ੍ਹਾਂ ਦੇਸ਼ ਅੰਦਰ ਸਰਕਾਰੀ ਪੱਧਰ, ਸਿੱਖਿਆ ਅਤੇ ਇਥੋਂ ਤੱਕ ਕਿ ਆਮ ਜੀਵਨ 'ਚ ਮਾਂ ਬੋਲੀ ਅਤੇ ਭਾਰਤੀ ਭਾਸ਼ਾ ਦੀ ਅਨਦੇਖੀ ਹੋ ਰਹੀ ਹੈ। ਉਸ ਨਾਲ ਦੇਸ਼ ਦੀਆਂ ਬਹੁਤ ਸਾਰੀਆਂ ਭਾਸ਼ਾਵਾਂ ਦੇ ਵਜੂਦ ਨੂੰ ਖਤਰਾ ਪੈਦਾ ਹੋ ਗਿਆ ਹੈ। ਇਸ ਲਈ ਜ਼ਰੂਰੀ ਹੈ ਕਿ ਸਰਕਾਰੀ ਪੱਧਰ ਅਤੇ ਆਮ ਜੀਵਨ 'ਚ ਆਪਣੀ ਮਾਂ ਬੋਲੀ ਦੀ ਵਰਤੋ ਕੀਤੀ ਜਾਵੇ ਅਤੇ ਮੁੱਢਲੀ ਸਿੱਖਿਆ ਵੀ ਮਾਂ ਬੋਲੀ 'ਚ ਦੇਣ ਦਾ ਪ੍ਰਬੰਧ ਕੀਤਾ ਜਾਵੇ।|ਉਨ੍ਹਾਂ ਕਿਹਾ ਕਿ ਭਾਸ਼ਾ ਅਤੇ ਬੋਲੀਆਂ ਪੱਖੋ ਭਾਰਤ ਦੁਨੀਆ ਦੇ ਸਭ ਤੋਂ ਅਮੀਰ ਦੇਸ਼ਾਂ 'ਚੋਂ ਇਕ ਹੈ, ਪਰ ਬਦਲ ਰਹੇ ਸਮਾਜਿਕ ਵਾਤਾਵਰਨ ਦੇ ਚਲਦਿਆਂ ਬਹੁਤ ਸਾਰੀਆਂ ਭਾਸ਼ਾਵਾਂ ਅਤੇ ਬੋਲੀਆਂ ਆਪਣੇ ਵਜੂਦ ਲਈ ਸੰਘਰਸ਼ ਕਰ ਰਹੀਆਂ ਹਨ। ਆਪਣੀ ਇਸ ਵਿਰਾਸਤ ਨੂੰ ਬਚਾਉਣ ਲਈ ਸਾਨੂੰ ਸਰਕਾਰੀ ਅਤੇ ਸਮਾਜਿਕ ਪੱਧਰ 'ਤੇ ਕੰਮ ਕਰਨਾ ਪਵੇਗਾ। ਸਰਕਾਰਾਂ ਨੂੰ ਚਾਹੀਦਾ ਹੈ ਕਿ ਸਾਰਾ ਪ੍ਰਸ਼ਾਸਨਿਕ ਕੰਮ ਮਾਂ ਬੋਲੀ ਅਤੇ ਭਾਰਤੀ ਭਾਸ਼ਾ 'ਚ ਕਰਨ ਦਾ ਪ੍ਰਬੰਧ ਕਰੇ। ਉਨ੍ਹਾਂ ਕਿਹਾ ਕਿ ਰਾਸ਼ਟਰੀ ਯੋਗਤਾ ਅਤੇ ਪ੍ਰਵੇਸ਼ ਪ੍ਰੀਖਿਆ (ਨੀਟ) ਅਤੇ ਸੰਘ ਲੋਕ ਸੇਵਾ ਆਯੋਗ ਦੀਆਂ ਪ੍ਰੀਖਿਆਵਾਂ ਤਾਂ ਭਾਰਤੀ ਭਾਸ਼ਾਵਾਂ 'ਚ ਸ਼ੁਰੂ ਹੋਈਆਂ ਹਨ, ਇਸ ਤਰ੍ਹਾਂ ਬਾਕੀ ਪ੍ਰੀਖਿਆਵਾਂ ਵੀ ਭਾਰਤੀ ਭਾਸ਼ਾਵਾਂ 'ਚ ਸ਼ੁਰੂ ਕੀਤੀਆਂ ਜਾਣ ਅਤੇ ਸਰਕਾਰੀ ਕੰਮਾਂ 'ਚ ਭਾਰਤੀ ਭਾਸ਼ਾਵਾਂ ਨੂੰ ਪਹਿਲ ਮਿਲੇ। ਉਨ੍ਹਾਂ ਕਿਹਾ ਕਿ ਪੂਰੇ ਦੇਸ਼ ਅੰਦਰ ਆਰ.ਐੱਸ.ਐੱਸ. ਦੀ ਵਧ ਰਹੀ ਸਵੀਕਾਰਯੋਗਤਾ ਅਤੇ ਲੋਕਪ੍ਰਿਅਤਾ ਇਸ ਸਾਲ ਵੀ ਸੰਘ ਦੇ ਕੰਮਾਂ 'ਚ ਤੇਜੀ ਦਰਜ ਕੀਤੀ ਗਈ ਹੈ। ਦੇਸ਼ ਦੇ 95 ਪ੍ਰਤੀਸ਼ਤ ਜ਼ਿਲਿਆਂ 'ਚ ਸੰਘ ਦਾ ਕੰਮ ਚਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਯੂਵਾ ਵਰਗ ਵਿਚ ਸੰਘ ਨੂੰ ਲੈ ਕੇ ਵਧੇ ਰੁਝਾਨ ਦਾ ਹੀ ਅਸਰ ਹੈ ਕਿ ਪਿਛਲੇ ਸਾਲ 5 ਲੱਖ ਨੌਜਵਾਨਾਂ ਨੇ ਸੋਸ਼ਲ ਮੀਡੀਆ ਰਾਂਹੀ ਸੰਘ ਨਾਲ ਜੁੜਨ 'ਚ ਰੁਚੀ ਦਿਖਾਈ। ਇਸ ਮੌਕੇ ਚੰਦਰ ਸਿੰਘ ਜ਼ਿਲਾ ਪ੍ਰਚਾਰਕ, ਮੁੱਖ ਮਹਿਮਾਨ ਡਾ. ਐੱਸ ਕੇ ਗੁਪਤਾ, ਨਗਰ ਪ੍ਰਮੁੱਖ ਸਤੀਸ ਗਰਗ ਐਡਵੋਕੇਟ ਆਦਿ ਹਾਜ਼ਰ ਸਨ।


Related News