ਆਸਮਾਨ ਤੋਂ ਵਰਨ ਲੱਗੀ ਅੱਗ, ਅੱਤ ਦੀ ਗਰਮੀ ਕਾਰਨ ਮਨੁੱਖੀ ਜੀਵਨ ’ਚ ਆਈ ਖੜੋਤ
Monday, Jun 17, 2024 - 05:58 PM (IST)
ਸੁਲਤਾਨਪੁਰ ਲੋਧੀ (ਧੀਰ)-ਅੱਤ ਦੀ ਗਰਮੀ ਅਤੇ ਲੂ ਨੇ ਮਨੁੱਖੀ ਜੀਵਨ ’ਚ ਖੜੋਤ ਲਿਆ ਦਿੱਤੀ ਹੈ। ਹਾਲੇ ਵੀ ਕੁਝ ਦਿਨਾਂ ਤੱਕ ਕੋਈ ਵੀ ਰਾਹਤ ਮਿਲਣ ਦੀ ਆਸ ਨਹੀਂ ਹੈ। ਕਿਸੇ ਕੰਮ ਲਈ ਘਰੋਂ ਬਾਹਰ ਨਿਕਲਣ ਸਮੇਂ ਇੰਝ ਲੱਗ ਰਿਹਾ ਹੈ ਕਿ ਜਿਵੇਂ ਆਸਮਾਨ ਤੋਂ ਅੱਗ ਵਰ ਰਹੀ ਹੈ। ਪਾਵਨ ਨਗਰੀ ਸੁਲਤਾਨਪੁਰ ਲੋਧੀ ਵੀ ਬੀਤੇ 4-5 ਦਿਨਾਂ ਤੋਂ ਭੱਠੀ ਵਾਂਗ ਤਪ ਰਹੀ ਹੈ। ਅੱਜ ਤਾਪਮਾਨ 47 ਡਿਗਰੀ ਨੂੰ ਵੀ ਪਾਰ ਕਰ ਗਿਆ, ਜਿਸ ਨਾਲ ਜਿੱਥੇ ਲੋਕਾਂ ਦੀਆਂ ਮੁਸ਼ਕਿਲਾਂ ਹੋਰ ਆਉਣ ਵਾਲੇ ਦਿਨਾਂ ’ਚ ਵਧਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਮਾਹਿਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ’ਚ ਲੋਕਾਂ ਨੂੰ ਇਸ ਤੋਂ ਹੋਰ ਤੇਜ਼ ਗਰਮੀ ਕਾਰਨ ਇਹ ਕਹਿਰ ਹੋਰ ਵੀ ਰੁਲੇਗਾ। ਦੱਸਣਯੋਗ ਹੈ ਕਿ ਜਿੱਥੇ ਇਕ ਪਾਸੇ ਤੇਜ਼ ਗਰਮੀ ਕਾਰਨ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ, ਉੱਥੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਪਹਿਲਾਂ ਹੀ ਐਡਵਾਈਜ਼ਰੀ ਜਾਰੀ ਕਰਕੇ ਲੋਕਾਂ ਨੂੰ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਆਪਣੇ ਘਰਾਂ ’ਚੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਹੈ।
ਇਹ ਵੀ ਪੜ੍ਹੋ- ਫਗਵਾੜਾ 'ਚ ਟਰੈਕਟਰਾਂ ਦੀ ਰੇਸ ਦੌਰਾਨ ਵਾਪਰੇ ਹਾਦਸੇ ਦੇ ਮਾਮਲੇ 'ਚ DIG ਜਲੰਧਰ ਰੇਂਜ ਨੇ ਲਿਆ ਸਖ਼ਤ ਨੋਟਿਸ
ਇਸ ਦੌਰਾਨ ਉਨ੍ਹਾਂ ਨੂੰ ਕੋਈ ਜ਼ਰੂਰੀ ਕੰਮ ਹੋਣ ’ਤੇ ਹੀ ਬਾਹਰ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਅੱਤ ਦੀ ਗਰਮੀ ਕਾਰਨ ਡੀ ਹਾਈਡਰੇਸ਼ਨ ਅਤੇ ਹੀਟ ਸਟਰੋਕ ਦੇ ਮਾਮਲਿਆਂ ਵਿਚ ਵੀ ਲਗਾਤਾਰ ਵਾਧਾ ਹੁੰਦਾ ਦੇਖਿਆ ਜਾ ਰਿਹਾ ਹੈ। ਗਰਮੀ ਕਾਰਨ ਜਿੱਥੇ ਸਥਾਨਕ ਲੋਕ ਘਰਾਂ ਦੇ ਅੰਦਰ ਹੀ ਰਹਿਣ ਲਈ ਮਜਬੂਰ ਹਨ, ਉੱਥੇ ਹੀ ਪਾਵਨ ਨਗਰੀ ਵਿਚ ਇਤਿਹਾਸਿਕ ਗੁਰੂ ਧਾਮਾਂ ਦੇ ਦਰਸ਼ਨ ਲਈ ਪੁੱਜ ਰਹੀਆਂ ਸੰਗਤਾਂ ਨੂੰ ਵੀ ਅੱਤ ਦੀ ਗਰਮੀ ਕਾਰਨ ਪ੍ਰੇਸ਼ਾਨੀ ਝਲਣੀ ਪੈ ਰਹੀ ਹੈ।
ਸੜਕਾਂ ’ਤੇ ਪਸਰਿਆ ਸੰਨਾਟਾ
ਜਿਹੜੀਆਂ ਸੜਕਾਂ ਦਿਨ ਭਰ ਆਵਾਜਾਈ ਨਾਲ ਭਰੀਆਂ ਰਹਿੰਦੀਆਂ ਸਨ। ਅੱਜਕਲ੍ਹ ਲਗਭਗ ਪੂਰੀ ਤਰ੍ਹਾਂ ਸੁੰਨਸਾਨ ਵਿਖਾਈ ਦਿੰਦੀਆਂ ਹਨ। ਇਸ ਦੇ ਨਾਲ ਹੀ ਤੇਜ਼ ਗਰਮੀ ਦੇ ਨਾਲ-ਨਾਲ ਤੇਜ਼ ਗਰਮ ਹਵਾਵਾਂ ਲੂ ਦਾ ਵੀ ਬੁਰੀ ਤਰ੍ਹਾਂ ਪ੍ਰਭਾਵ ਪਿਆ ਹੈ। ਸਥਿਤੀ ਇਸ ਪੱਧਰ ’ਤੇ ਪਹੁੰਚ ਗਈ ਹੈ ਕਿ ਕਾਰਾਂ ਵਿਚ ਲੱਗੇ ਏ. ਸੀ. ਪੂਰੀ ਤਰ੍ਹਾਂ ਫੇਲ ਸਾਬਤ ਹੋ ਰਹੇ ਹਨ। ਲੋਕ ਚਿੰਤਤ ਹਨ ਕਿ ਜੇਕਰ ਹਾਲਾਤ ਪਹਿਲਾਂ ਹੀ ਇੰਨੇ ਭਿਆਨਕ ਬਣ ਚੁੱਕੇ ਹਨ ਤਾਂ ਆਉਣ ਵਾਲੇ ਦਿਨਾਂ ਵਿਚ ਸਥਿਤੀ ਕੀ ਹੋਵੇਗੀ।
ਇਹ ਵੀ ਪੜ੍ਹੋ- ਹਾਜੀਪੁਰ 'ਚ ਵਾਪਰੇ ਹਾਦਸੇ ਨੇ ਉਜਾੜ 'ਤੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਮਾਪਿਆਂ ਦੇ ਜਵਾਨ ਪੁੱਤ ਦੀ ਦਰਦਨਾਕ ਮੌਤ
ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਸਾਵਧਾਨੀਆਂ ਵਰਤਣ ਦੀ ਅਪੀਲ
ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦੇ ਐੱਸ. ਐੱਮ. ਓ. ਡਾਕਟਰ ਰਵਿੰਦਰ ਪਾਲ ਸ਼ੁਭ ਨੇ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਗਰਮੀ ਅਤੇ ਲੂ ਤੋਂ ਬਚਾਅ ਲਈ ਤੰਦਰੁਸਤ ਰਹਿਣ ਲਈ ਸਾਵਧਾਨੀਆਂ ਵਰਤਣ ਦੀ ਅਪੀਲ ਕੀਤੀ ਹੈ।ਉਨ੍ਹਾਂ ਕਿਹਾ ਕਿ ਗਰਮ ਹਵਾਵਾਂ ਸਾਡੀ ਤ੍ਰੇ ਪਿਆਸ ਵਧਾਉਣ ਦੇ ਨਾਲ-ਨਾਲ ਸਾਡੇ ਸਰੀਰ ਖਾਸ ਕਰ ਕੇ ਅੱਖਾਂ ਤੇ ਚਮੜੀ ਨੂੰ ਵੀ ਪੂਰੀ ਤਰ੍ਹਾਂ ਚਲਸਾ ਦਿੰਦੀਆਂ ਹਨ। ਉਨ੍ਹਾਂ ਕਿਹਾ ਕਿ ਜ਼ਿਆਦਾ ਗਰਮੀ ਹੋਣ ’ਤੇ ਸਾਡਾ ਸਰੀਰ ਪਸੀਨੇ ਦੇ ਰੂਪ ਵਿਚ ਗਰਮੀ ਬਾਹਰ ਕੱਢਦਾ ਹੈ ਅਤੇ ਤਾਪਮਾਨ ਨੂੰ ਕੰਟਰੋਲ ਵਿਚ ਰੱਖਦਾ ਹੈ। ਉਨ੍ਹਾਂ ਕਿਹਾ ਕਿ ਸਾਵਧਾਨੀਆਂ ਨੂੰ ਅਮਲ ’ਚ ਲਿਆ ਕੇ ਘਰ ਵਿਚ ਰਹੋ, ਸੁਰੱਖਿਆਤ ਰਹੋ ਅਤੇ ਸਵਾਸਥ ਰਹੋ।
ਠੰਢੇ ਪਹਾੜੀ ਇਲਾਕਿਆਂ ’ਚ ਉਮੜਿਆ ਸੈਲਾਨੀਆਂ ਦਾ ਸੈਲਾਬ
ਸੂਬੇ ਵਿਚ ਅੱਤ ਦੀ ਪੈ ਰਹੀ ਗਰਮੀ ਕਾਰਨ ਲੋਕਾਂ ਦਾ ਪਹਾੜੀ ਇਲਾਕਿਆਂ ਵਿਚ ਜਾਣ ਦਾ ਰੁਝਾਨ ਵੱਧ ਗਿਆ ਹੈ ਅਤੇ ਗਰਮੀ ਤੋਂ ਥੋੜੀ ਰਾਹਤ ਪਾਉਣ ਲਈ ਲੋਕ ਠੰਢੇ ਪਹਾੜੀ ਇਲਾਕਿਆਂ ਵਿਚ ਜਿੱਥੇ ਘੁੰਮਣ ਲਈ ਜਾ ਰਹੇ ਹਨ, ਉੱਥੇ ਮੌਸਮ ਦਾ ਵੀ ਆਨੰਦ ਮਾਣ ਰਹੇ ਹਨ। ਗਰਮੀ ਤੋਂ ਬਚਾਅ ਲਈ ਲੋਕਾਂ ਨੇ ਹਿਮਾਚਲ ਪ੍ਰਦੇਸ਼ ਦੇ ਪ੍ਰਸਿੱਧ ਹਿਲ ਸਟੇਸ਼ਨ ਮਨਾਲੀ, ਸ਼ਿਮਲਾ, ਕੁਫਰੀ, ਧਰਮਸ਼ਾਲਾ, ਮਕਲੋਡਗੰਜ ਦਾ ਰੁੱਖ ਕੀਤਾ ਹੋਇਆ ਹੈ। ਇਕ ਅਨੁਮਾਨ ਮੁਤਾਬਕ 6 ਲੱਖ ਤੋਂ ਵੀ ਵੱਧ ਸੈਲਾਨੀ ਪਹਾੜੀ ਖੇਤਰਾਂ ਵਿਚ ਪਹੁੰਚ ਕੇ ਜਿੱਥੇ ਗਰਮੀ ਤੋਂ ਰਾਹਤ ਮਹਿਸੂਸ ਕਰ ਰਹੇ ਹਨ, ਉੱਥੇ ਛੁੱਟੀਆਂ ਦਾ ਵੀ ਆਨੰਦ ਲੈ ਰਹੇ ਹਨ। ਇਸ ਤੋਂ ਇਲਾਵਾ ਲੋਕ ਹਿਮਾਚਲ ਪ੍ਰਦੇਸ਼ ਵਿਚ ਸਥਿਤ ਧਾਰਮਿਕ ਅਸਥਾਨਾਂ ਦੀ ਯਾਤਰਾ ਦੇ ਨਾਲ-ਨਾਲ ਗਰਮੀ ਤੋਂ ਛੁਟਕਾਰਾ ਪਾਉਣ ਲਈ ਆਪਣੇ ਪਰਿਵਾਰ ਸਮੇਤ ਜਾ ਰਹੇ ਹਨ। ਉੱਤਰਾਖੰਡ ਵਿਚ ਮਨਸੂਰੀ, ਹਰਿਦੁਆਰ, ਨੈਨੀਤਾਲ ਵਿਚ ਵੀ ਸਲਾਨੀਆਂ ਦੀ ਕਾਫ਼ੀ ਆਮਦ ਹੋ ਗਈ ਹੈ।
ਇਹ ਵੀ ਪੜ੍ਹੋ- ਕੁਵੈਤ 'ਚ ਅਗਨੀਕਾਂਡ ਦਾ ਸ਼ਿਕਾਰ ਹੋਏ ਹੁਸ਼ਿਆਰਪੁਰ ਦੇ ਹਿੰਮਤ ਰਾਏ ਦਾ ਹੋਇਆ ਅੰਤਿਮ ਸੰਸਕਾਰ, ਭੁੱਬਾਂ ਮਾਰ ਰੋਇਆ ਪਰਿਵਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।