ਚੋਣ ਨਤੀਜਿਆਂ ਮਗਰੋਂ ਮਾਇਆਵਤੀ ਬੋਲੀ- ਅੱਗੇ ਸੋਚ ਸਮਝ ਕੇ ਹੀ ਮੁਸਲਿਮ ਉਮੀਦਵਾਰ ਨੂੰ ਮਿਲੇਗਾ ਮੌਕਾ
Wednesday, Jun 05, 2024 - 12:49 PM (IST)
ਨਵੀਂ ਦਿੱਲੀ- ਲੋਕ ਸਭਾ ਚੋਣਾਂ ਦੇ ਨਤੀਜੇ ਆ ਚੁੱਕੇ ਹਨ। ਇਕ ਵਾਰ ਫਿਰ ਕੇਂਦਰ ਵਿਚ NDA ਦੀ ਸਰਕਾਰ ਬਣਨ ਜਾ ਰਹੀ ਹੈ। ਇਨ੍ਹਾਂ ਚੋਣਾਂ ਨਤੀਜਿਆਂ 'ਚ ਬਹੁਜਨ ਸਮਾਜ ਪਾਰਟੀ (ਬਸਪਾ) ਖਾਤਾ ਨਹੀਂ ਖੋਲ੍ਹ ਸਕੀ। ਚੋਣ ਨਤੀਜਿਆਂ ਮਗਰੋਂ ਬਸਪਾ ਸੁਪਰੀਮੋ ਮਾਇਆਵਤੀ ਨੇ ਸੋਸ਼ਲ ਮੀਡੀਆ 'ਤੇ ਆਪਣੀ ਪ੍ਰਤਿਕਿਰਿਆ ਦਿੱਤੀ ਹੈ। ਇਸ 'ਚ ਉਨ੍ਹਾਂ ਨੇ ਮੁਸਲਿਮ ਸਮਾਜ ਨੂੰ ਲੈ ਕੇ ਨਾਰਾਜ਼ਗੀ ਜਤਾਈ ਹੈ। ਮਾਇਆਵਤੀ ਨੇ ਕਿਹਾ ਕਿ ਬਸਪਾ ਦਾ ਖ਼ਾਸ ਅੰਗ ਮੁਸਲਿਮ ਸਮਾਜ, ਜੋ ਪਿਛਲੀਆਂ ਕਈ ਚੋਣਾਂ ਵਿਚ ਅਤੇ ਇਸ ਵਾਰ ਵੀ ਉੱਚਿਤ ਨੁਮਾਇੰਦਗੀ ਦੇਣ ਦੇ ਬਾਵਜੂਦ ਵੀ ਬਸਪਾ ਨੂੰ ਸਮਝ ਨਹੀਂ ਸਕਿਆ ਹੈ। ਹੁਣ ਅਜਿਹੀ ਸਥਿਤੀ ਵਿਚ ਅੱਗੇ ਇਸ ਨੂੰ ਕਾਫੀ ਸੋਚ-ਸਮਝ ਕੇ ਹੀ ਚੋਣਾਂ ਵਿਚ ਪਾਰਟੀ ਵਲੋਂ ਮੌਕਾ ਦਿੱਤਾ ਜਾਵੇਗਾ, ਤਾਂ ਜੋ ਅੱਗੇ ਤੋਂ ਪਾਰਟੀ ਨੂੰ ਇਸ ਵਾਰ ਵਾਂਗ ਭਾਰੀ ਨੁਕਸਾਨ ਨਾ ਹੋਵੇ। ਇਸ ਤੋਂ ਪਹਿਲਾਂ 2014 ਦੀਆਂ ਲੋਕ ਸਭਾ ਚੋਣਾਂ ਵਿਚ ਵੀ ਉਸ ਨੂੰ ਇਕ ਵੀ ਸੀਟ ਨਹੀਂ ਮਿਲੀ ਸੀ।
ਜ਼ਿਕਰਯੋਗ ਹੈ ਕਿ ਇਸ ਸਾਲ ਲੋਕ ਸਭਾ ਚੋਣਾਂ ਵਿਚ ਬਸਪਾ ਨੇ ਸਭ ਤੋਂ ਜ਼ਿਆਦਾ 35 ਮੁਸਲਿਮ ਉਮੀਦਵਾਰਾਂ ਨੂੰ ਟਿਕਟ ਦਿੱਤੇ ਸਨ। ਲੋਕ ਸਭਾ ਚੋਣਾਂ ਦੇ ਮੰਗਲਵਾਰ ਨੂੰ ਐਲਾਨ ਨਤੀਜੇ ਵਿਚ ਉੱਤਰ ਪ੍ਰਦੇਸ਼ 'ਚ ਸਮਾਜਵਾਦੀ ਪਾਰਟੀ (ਸਪਾ) ਨੇ ਸਭ ਤੋਂ ਜ਼ਿਆਦਾ 37 ਸੀਟਾਂ ਜਿੱਤੀਆਂ। ਉਸ ਦੀ ਗਠਜੋੜ ਸਹਿਯੋਗੀ ਕਾਂਗਰਸ ਨੂੰ ਵੀ 6 ਸੀਟਾਂ ਮਿਲੀਆਂ। ਮੁਸਲਿਮ ਸਮਾਜ ਪਰੰਪਰਾਗਤ ਰੂਪ ਨਾਲ ਸਮਾਜਵਾਦੀ ਪਾਰਟੀ ਦਾ ਵੋਟਰ ਮੰਨਿਆ ਜਾਂਦਾ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਇਸ ਵਾਰ ਵੀ ਮੁਸਲਿਮ ਸਮਾਜ ਦਾ ਜ਼ਿਆਦਾਤਰ ਵੋਟਾਂ ਸਮਾਜਵਾਦੀ ਪਾਰਟੀ ਅਤੇ ਕਾਂਗਰਸ ਨੂੰ ਹੀ ਮਿਲੀਆਂ ਹਨ।
ਮਾਇਆਵਤੀ ਨੇ ਕਿਹਾ, "ਲੋਕ ਸਭਾ ਚੋਣਾਂ ਦਾ ਜੋ ਵੀ ਨਤੀਜਾ ਨਿਕਲਦਾ ਹੈ, ਉਹ ਲੋਕਾਂ ਦੇ ਸਾਹਮਣੇ ਹੈ ਅਤੇ ਹੁਣ ਉਨ੍ਹਾਂ ਨੂੰ ਦੇਸ਼ ਦੇ ਲੋਕਤੰਤਰ, ਸੰਵਿਧਾਨ ਅਤੇ ਰਾਸ਼ਟਰੀ ਹਿੱਤਾਂ ਆਦਿ ਬਾਰੇ ਸੋਚਣਾ ਹੋਵੇਗਾ ਅਤੇ ਫੈਸਲਾ ਕਰਨਾ ਹੋਵੇਗਾ ਕਿ ਕੀ ਇਹ ਜੋ ਚੋਣ ਨਤੀਜਾ ਆਇਆ ਹੈ, ਉਹ ਅੱਗੇ ਉਨ੍ਹਾਂ ਦੇ ਜੀਵਨ 'ਤੇ ਕੀ ਪ੍ਰਭਾਵ ਹੋਵੇਗਾ ਅਤੇ ਉਨ੍ਹਾਂ ਦਾ ਭਵਿੱਖ ਕਿੰਨਾ ਸ਼ਾਂਤੀਪੂਰਨ, ਖੁਸ਼ਹਾਲ ਅਤੇ ਸੁਰੱਖਿਅਤ ਹੋਵੇਗਾ?" ਮਾਇਆਵਤੀ ਨੇ ਝੁਲਸਾ ਦੇਣ ਵਾਲੀ ਗਰਮੀ 'ਚ ਹੋ ਰਹੀਆਂ ਲੋਕ ਸਭਾ ਚੋਣਾਂ 'ਤੇ ਵੀ ਇਤਰਾਜ਼ ਜ਼ਾਹਰ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਸ਼ੁਰੂ ਤੋਂ ਹੀ ਚੋਣ ਕਮਿਸ਼ਨ ਤੋਂ ਮੰਗ ਕਰਦੀ ਆ ਰਹੀ ਹੈ ਕਿ ਚੋਣਾਂ ਨੂੰ ਲੰਬਾ ਨਾ ਕੀਤਾ ਜਾਵੇ ਅਤੇ ਆਮ ਲੋਕਾਂ ਦੇ ਨਾਲ-ਨਾਲ ਲੱਖਾਂ ਸਰਕਾਰੀ ਮੁਲਾਜ਼ਮਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਚੋਣ ਡਿਊਟੀ ਲਈ ਤਾਇਨਾਤ ਕੀਤੇ ਗਏ ਹਨ, ਚੋਣਾਂ ਵੱਧ ਤੋਂ ਵੱਧ ਤਿੰਨ ਜਾਂ ਚਾਰ ਪੜਾਵਾਂ ਵਿਚ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ।