ਕੁਰਾਨ ਸ਼ਰੀਫ ਬੇਅਦਬੀ ਮਾਮਲਾ : ਵਿਹਿਪ ਨੇਤਾ ਪਿਓ-ਪੁੱਤ ਦੀ ਗ੍ਰਿਫ਼ਤਾਰੀ ਦੇ ਵਿਰੋਧ ''ਚ ਨਿੱਤਰੇ ਹਿੰਦੂ ਸੰਗਠਨ

Friday, Jul 01, 2016 - 10:51 AM (IST)

ਪਠਾਨਕੋਟ/ਭੋਆ (ਸ਼ਾਰਦਾ) : ਸੂਬੇ ਦੇ ਮਾਲੇਰਕੋਟਲਾ ਖੇਤਰ ''ਚ ਪਵਿੱਤਰ ਕੁਰਾਨ ਸ਼ਰੀਫ ਦੀ ਪਿਛਲੇ ਦਿਨੀਂ ਹੋਈ ਬੇਅਦਬੀ ਦੀ ਘਟਨਾ ਦੇ ਮਾਮਲੇ ''ਚ ਗ੍ਰਿਫ਼ਤਾਰ ਕੀਤੇ ਗਏ ਵਿਸ਼ਵ ਹਿੰਦੂ ਪ੍ਰੀਸ਼ਦ (ਵਿਹਿਪ) ਦੇ ਵਿਭਾਗ ਮੰਤਰੀ ਨੰਦ ਕਿਸ਼ੋਰ ਗੋਲਡੀ ਅਤੇ ਉਨ੍ਹਾਂ ਦੇ ਬੇਟੇ ਗੌਰਵ ਨੂੰ ਲੈ ਕੇ ਹਿੰਦੂ ਸੰਗਠਨ ਬਜਰੰਗ ਦਲ ਤੇ ਵਿਸ਼ਵ ਹਿੰਦੂ ਪ੍ਰੀਸ਼ਦ ਪਰੇਸ਼ਾਨ ਹਨ, ਜਿਸ ਤੋਂ ਦੁਖੀ ਹੋ ਕੇ ਵੀਰਵਾਰ ਨੂੰ ਭੋਆ ਵਿਧਾਨ ਸਭਾ ਹਲਕੇ ਦੇ ਪ੍ਰਮੁੱਖ ਵਪਾਰਕ ਕਸਬੇ ਤਾਰਾਗੜ੍ਹ (ਬੇਗੋਵਾਲ) ''ਚ ਵਿਹਿਪ ਅਤੇ ਬਜਰੰਗ ਦਲ ਦੇ ਵਰਕਰਾਂ ਨੇ ਵੱਡੀ ਗਿਣਤੀ ''ਚ ਇਕੱਠੇ ਹੋ ਕੇ ਪੁਲਸ ਪ੍ਰਸ਼ਾਸਨ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ। ਇਸ ਦੀ ਅਗਵਾਈ ਵਿਹਿਪ ਦੇ ਸੂਬਾ ਮੀਤ ਪ੍ਰਧਾਨ ਦਵਿੰਦਰ ਸ਼ਰਮਾ ਨੇ ਕੀਤੀ, ਜਦੋਂ ਕਿ ਵਿਹਿਪ ਦੇ ਸੂਬਾ ਮੁਖੀ ਸੰਤੋਸ਼ ਗੁਪਤਾ ਦੇ ਨਾਲ ਸੂਬਾ ਮਹਾਮੰਤਰੀ ਹਰਿੰਦਰ ਅਗਰਵਾਲ ਵਿਸ਼ੇਸ਼ ਤੌਰ ''ਤੇ ਹਾਜ਼ਰ ਹੋਏ। 

ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਦਵਿੰਦਰ ਸ਼ਰਮਾ ਅਤੇ ਬਜਰੰਗ ਦਲ ਦੇ ਸੂਬਾ ਅਖਾੜਾ ਪ੍ਰਮੁੱਖ ਰਾਹੁਲ ਸ਼ਰਮਾ ਨੇ ਸਾਂਝੇ ਤੌਰ ''ਤੇ ਕਿਹਾ ਕਿ ਸੂਬਾ ਪੁਲਸ ਵੱਲੋਂ ਵਿਹਿਪ ਨੇਤਾ ਨੰਦ ਕਿਸ਼ੋਰ ਗੋਲਡੀ ਅਤੇ ਉਨ੍ਹਾਂ ਦੇ ਬੇਟੇ ਦੀ ਕੁਰਾਨ ਸ਼ਰੀਫ ਦੀ ਬੇਅਦਬੀ ਦੀ ਘਟਨਾ ਨੂੰ ਲੈ ਕੇ ਗ੍ਰਿਫ਼ਤਾਰੀ ਕਥਿਤ ਤੌਰ ''ਤੇ ਸ਼ੱਕੀ ਹੈ, ਉਥੇ ਹੀ ਦੋਵਾਂ ਪਿਓ-ਪੁੱਤਾਂ ਦੀ ਪਟਿਆਲਾ ਤੋਂ ਗ੍ਰਿਫ਼ਤਾਰੀ ਦਾ ਦਾਅਵਾ ਵੀ ਪੁਲਸ ਦੀ ਕਾਰਜਪ੍ਰਣਾਲੀ ਨੂੰ ਸ਼ੱਕ ਦੇ ਘੇਰੇ ''ਚ ਲਿਆਉਂਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਆਈ. ਜੀ. ਉਮਰਾਨੰਗਲ ਦੇ ਇਸ ਬਾਰੇ ਬਿਆਨਾਂ ''ਚ ਵੀ ਕਥਿਤ ਤੌਰ ''ਤੇ ਮਤਭੇਦ ਹਨ। 

ਵਿਹਿਪ ਤੇ ਬਜਰੰਗ ਦਲ ਦੇ ਨੇਤਾਵਾਂ ਨੇ ਦਾਅਵਾ ਕੀਤਾ ਕਿ ਨੰਦ ਕਿਸ਼ੋਰ ਅਤੇ ਗੌਰਵ ਨੂੰ ਸਹਿਮਤੀ ਨਾਲ ਉਸ ਦੇ ਤਾਰਾਗੜ੍ਹ ਸਥਿਤ ਘਰੋਂ ਗੁਰਦਾਸਪੁਰ ਪੁਲਸ ਪੁੱਛਗਿੱਛ ਲਈ ਲੈ ਕੇ ਗਈ ਸੀ। ਦੋਵਾਂ ਦੀ ਗ੍ਰਿਫ਼ਤਾਰੀ ਸਮੇਂ ਪਰਿਵਾਰ ਦੇ ਮੈਂਬਰ ਅਤੇ ਕਈ ਪਿੰਡ ਵਾਸੀ ਵੀ ਉਨ੍ਹਾਂ ਦੇ ਨਾਲ ਗੁਰਦਾਸਪੁਰ ਗਏ ਸਨ ਪਰ ਪੁਲਸ ਵੱਲੋਂ ਗੋਲਡੀ ਅਤੇ ਉਸ ਦੇ ਬੇਟੇ ਦੀ ਹੋਰ ਕਥਿਤ ਦੋਸ਼ੀ ਵਿਜੇ ਵਾਸੀ ਜੀਂਦ (ਹਰਿਆਣਾ) ਦੇ ਨਾਲ ਵਾਰਦਾਤ ਲਈ ਵਰਤੀ ਗਈ ਜੀਪ ਨਾਲ ਪਟਿਆਲਾ ਤੋਂ ਗ੍ਰਿਫ਼ਤਾਰੀ ਦਿਖਾਉਣਾ ਸਥਾਨਕ ਜਨਤਾ ਅਤੇ ਹਿੰਦੂ ਸੰਗਠਨਾਂ ਦੇ ਗਲੇ ਨਹੀਂ ਉਤਰ ਰਿਹਾ ਹੈ। 

ਵਿਹਿਪ ਦੇ ਸੂਬਾ ਪ੍ਰਧਾਨ ਸੰਤੋਸ਼ ਗੁਪਤਾ ਨੇ ਦੋਸ਼ ਲਾਇਆ ਕਿ ਪੁਲਸ ਕਿਸੇ ਦਬਾਅ ''ਚ ਆ ਕੇ ਕੰਮ ਕਰ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕੁਝ ਸ਼ਰਾਰਤੀ ਅਨਸਰ ਸੂਬੇ ਦਾ ਮਾਹੌਲ ਖਰਾਬ ਕਰਨ ਅਤੇ 2 ਕੌਮਾਂ ਵਿਚਾਲੇ ਲਗਾਤਾਰ ਭਾਈਚਾਰੇ ਦੀ ਭਾਵਨਾ ਖਤਮ ਕਰਕੇ ਈਰਖਾ ਦੀ ਕੰਧ ਖੜ੍ਹੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਜਿਨ੍ਹਾਂ ਨੂੰ ਹਿੰਦੂ ਸੰਗਠਨ ਕਿਸੇ ਵੀ ਸੂਰਤ ''ਚ ਸਫ਼ਲ ਨਹੀਂ ਹੋਣ ਦੇਣਗੇ। 

ਇਸ ਦੇ ਨਾਲ ਹੀ ਉਨ੍ਹਾਂ ਪੁਲਸ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਪਰੋਕਤ ਸਬੰਧ ''ਚ ਪੁਲਸ ਪ੍ਰਸ਼ਾਸਨ ਨੇ ਜਨਤਾ ਦੇ ਸਾਹਮਣੇ ਸੱਚਾਈ ਨਾ ਲਿਆਂਦੀ ਤਾਂ ਵਿਹਿਪ ਅਤੇ ਬਜਰੰਗ ਦਲ ਹੋਰ ਧਾਰਮਿਕ ਸੰਗਠਨਾਂ ਨਾਲ ਮਿਲ ਕੇ ਸੂਬੇ ਭਰ ''ਚ ਪੁਲਸ ਪ੍ਰਸ਼ਾਸਨ ਵਰੁੱਧ ਮੋਰਚਾ ਖੋਲ੍ਹਣਗੇ।

ਇਸ ਮੌਕੇ ਦੁਰਗਾ ਵਾਹਿਣੀ ਪ੍ਰਮੁੱਖ ਕਵਿਤਾ ਸੂਦ, ਮੰਦਰ ਪ੍ਰਮੁੱਖ ਖੁਸ਼ੀ ਰਾਮ ਚਿੰਤਕ, ਸੂਬਾ ਮੇਲਾ ਪ੍ਰਮੁੱਖ ਵਿਹਿਪ ਰੁਦਰ ਸ਼ਰਮਾ, ਜ਼ਿਲਾ ਸੰਯੋਜਕ ਮੁਨੀਸ਼ ਸ਼ਰਮਾ, ਜ਼ਿਲਾ ਸੁਰੱਖਿਆ ਪ੍ਰਮੁੱਖ ਬਜਰੰਗ ਦਲ ਪ੍ਰਦੀਪ ਕੁਮਾਰ ਤੇ ਵਿਭਾਗ ਗਊ ਰੱਖਿਆ ਪ੍ਰਮੁੱਖ ਰਜੇਸ਼ ਹਾਜ਼ਰ ਸਨ।


Babita Marhas

News Editor

Related News