ਥਾਣੇ ''ਚ ਸ਼ਿਕਾਇਤਕਰਤਾ ਦੇ ਪੈਰਾਂ ''ਚ ਰਖਵਾਈ ਗਈ ਮਾਂ ਦੀ ਚੁੰਨੀ, ਨਮੋਸ਼ੀ ''ਚ ਪੁੱਤ ਨੇ ਚੁੱਕਿਆ ਖ਼ੌਫ਼ਨਾਕ ਕਦਮ

Thursday, Sep 19, 2024 - 10:17 PM (IST)

ਥਾਣੇ ''ਚ ਸ਼ਿਕਾਇਤਕਰਤਾ ਦੇ ਪੈਰਾਂ ''ਚ ਰਖਵਾਈ ਗਈ ਮਾਂ ਦੀ ਚੁੰਨੀ, ਨਮੋਸ਼ੀ ''ਚ ਪੁੱਤ ਨੇ ਚੁੱਕਿਆ ਖ਼ੌਫ਼ਨਾਕ ਕਦਮ

ਸ਼ਾਹਕੋਟ (ਅਰਸ਼ਦੀਪ)- ਸ਼ਾਹਕੋਟ ਤੋਂ ਇਕ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇਕ ਨੌਜਵਾਨ ਵੱਲੋਂ ਥਾਣਾ ਸ਼ਾਹਕੋਟ ’ਚ ਹੋਈ ਕੁੱਟਮਾਰ ਤੇ ਬੇਇੱਜ਼ਤੀ ਕਾਰਨ ਆਪਣੇ ਮੋਬਾਈਲ ’ਚ ਵੀਡੀਓ ਬਣਾਉਣ ਤੋਂ ਬਾਅਦ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ ਹੈ। ਇਸ ਸਬੰਧੀ ਮ੍ਰਿਤਕ ਨੌਜਵਾਨ ਦੇ ਪਿਤਾ ਕੇਵਲ ਕ੍ਰਿਸ਼ਨ ਵਾਸੀ ਪਿੰਡ ਬੁੱਢਣਵਾਲ (ਸ਼ਾਹਕੋਟ) ਤੇ ਉਸ ਦੇ ਰਿਸ਼ਤੇਦਾਰ ਰਮਨਦੀਪ ਨੇ ਦੱਸਿਆ ਕਿ ਗੁਰਵਿੰਦਰ ਸਿੰਘ (29) ਬੀਤੇ ਦਿਨੀਂ ਆਪਣੇ ਪਿੰਡ ਦੇ ਇਕ ਕਰੀਬੀ ਦੋਸਤ ਰਮਨ, ਜੋ ਕਿ ਪੰਜਾਬ ਪੁਲਸ ਦਾ ਮੁਲਾਜ਼ਮ ਹੈ, ਦੇ ਘਰ ’ਚ ਗਿਆ ਸੀ।

ਇੱਥੇ ਉਸ ਦਾ ਦੋਸਤ ਤੇ ਉਸ ਦੀ ਪਤਨੀ ਜੋਤੀ ਆਪਸ ’ਚ ਝਗੜਾ ਕਰ ਰਹੇ ਸਨ। ਉੱਥੇ ਗੁਰਵਿੰਦਰ ਨੇ ਝਗੜੇ ਨੂੰ ਖ਼ਤਮ ਕਰਵਾਉਣ ਦੀ ਕੋਸ਼ਿਸ਼ ਕੀਤੀ। ਇੰਨੀ ਗੱਲ ਨੂੰ ਲੈ ਕੇ ਜੋਤੀ ਨੇ ਗੁਰਵਿੰਦਰ ਖਿਲਾਫ ਸ਼ਾਹਕੋਟ ਥਾਣੇ ’ਚ ਦਰਖ਼ਾਸਤ ਦੇ ਦਿੱਤੀ। ਉੁਨ੍ਹਾਂ ਦੱਸਿਆ ਕਿ ਦਰਖ਼ਾਸਤ ਦੇ ਆਧਾਰ ’ਤੇ ਸ਼ਾਹਕੋਟ ਥਾਣੇ ਦੇ ਮੁਲਾਜ਼ਮ ਉਸ ਨੂੰ ਸ਼ਾਹਕੋਟ ਥਾਣੇ ਲੈ ਆਏ ਤੇ ਉਸ ਦੀ ਕੁੱਟਮਾਰ ਕੀਤੀ। ਬਾਅਦ ’ਚ ਉਹ ਪਿੰਡ ਦੀ ਪੰਚਾਇਤ ਨੂੰ ਨਾਲ ਲੈ ਕੇ ਆਏ ਤੇ ਗੁਰਵਿੰਦਰ ਨੂੰ ਥਾਣੇ ’ਚੋਂ ਛੁਡਵਾ ਕੇ ਲੈ ਆਏ।

PunjabKesari

ਉਨ੍ਹਾਂ ਦੱਸਿਆ ਕਿ ਪੁਲਸ ਨੇ ਉਸ ਦੇ ਕੰਨਾਂ ’ਚ ਪਾਈਆਂ ਮੁੰਦਰਾਂ ਤੇ 2 ਹਜ਼ਾਰ ਰੁਪਏ ਵੀ ਆਪਣੇ ਕੋਲ ਰੱਖ ਲਏ ਸਨ। ਬੀਤੇ ਕੱਲ ਮੁੜ ਸ਼ਾਹਕੋਟ ਥਾਣੇ ’ਚੋਂ ਕਿਸੇ ਪੁਲਸ ਮੁਲਾਜ਼ਮ ਨੇ ਗੁਰਵਿੰਦਰ ਨੂੰ ਥਾਣੇ ਆਉਣ ਲਈ ਕਿਹਾ ਅਤੇ ਨਾ ਆਉਣ ’ਤੇ ਉਸ ਖਿਲਾਫ ਕਾਰਵਾਈ ਕਰਨ ਦੀ ਧਮਕੀ ਦਿੱਤੀ। ਪਰਚੇ ਦੀ ਧਮਕੀ ਦੇ ਡਰ ਤੋਂ ਗੁਰਵਿੰਦਰ ਥਾਣੇ ਪਹੁੰਚ ਗਿਆ। ਪੁਲਸ ਮੁਲਾਜ਼ਮਾਂ ਵੱਲੋਂ ਮੁੜ ਉਸ ਦੀ ਕੁੱਟਮਾਰ ਕੀਤੀ ਗਈ ਤੇ ਬਹੁਤ ਜ਼ਿਆਦਾ ਜ਼ਲੀਲ ਕਰਨ ਤੋਂ ਬਾਅਦ ਪੁਲਸ ਮੁਲਾਜ਼ਮਾਂ ਦੇ ਸਾਹਮਣੇ ਗੁਰਵਿੰਦਰ ਦੀ ਮਾਤਾ ਕੋਲੋਂ ਉਸ ਦੀ ਚੁੰਨੀ ਦਰਖਾਸਤ ਦੇਣ ਵਾਲੀ ਲੜਕੀ ਦੇ ਪੈਰਾਂ ’ਚ ਰਖਵਾਈ ਗਈ ਤੇ ਗੁਰਵਿੰਦਰ ਕੋਲੋਂ ਮੁਆਫੀ ਮੰਗਵਾਈ ਗਈ।

ਇਹ ਵੀ ਪੜ੍ਹੋ- ਕਿਸਮਤ ਹੋਵੇ ਤਾਂ ਅਜਿਹੀ ; 24 ਘੰਟੇ 'ਚ 2 ਵਾਰ ਨਿਕਲੀ ਲਾਟਰੀ, ਫ਼ਿਰ ਵੀ ਚਿਹਰੇ 'ਤੇ ਛਾਈ ਉਦਾਸੀ, ਜਾਣੋ ਵਜ੍ਹਾ

ਇਸ ਗੱਲ ਨੇ ਗੁਰਵਿੰਦਰ ਨੂੰ ਬਹੁਤ ਦੁਖੀ ਕੀਤਾ। ਬੀਤੀ ਰਾਤ ਸਾਰਾ ਪਰਿਵਾਰ ਘਰ ’ਚ ਸੁੱਤਾ ਪਿਆ ਸੀ। ਰਾਤ ਕਰੀਬ 1 ਵਜੇ ਜਦ ਗੁਰਵਿੰਦਰ ਦੀ ਮਾਤਾ ਉਸ ਨੂੰ ਦੇਖਣ ਲਈ ਕਮਰੇ ’ਚ ਗਈ ਤਾਂ ਉਸ ਨੇ ਕਮਰੇ ਅੰਦਰੋਂ ਦਰਵਾਜ਼ੇ ਦੀ ਕੁੰਡੀ ਲਾਈ ਹੋਈ ਸੀ। ਕਮਰੇ ਦਾ ਦਰਵਾਜ਼ਾ ਖੋਲ੍ਹਣ ’ਤੇ ਦੇਖਿਆ ਕਿ ਗੁਰਵਿੰਦਰ ਨੇ ਗਾਡਰ ਨਾਲ ਸਾਫ਼ਾ ਬੰਨ੍ਹ ਕੇ ਫਾਹਾ ਲਾ ਕੇ ਖ਼ੁਦਕੁਸ਼ੀ ਕੀਤੀ ਹੋਈ ਸੀ। ਉਸ ਨੂੰ ਹੇਠਾਂ ਉਤਾਰਿਆ ਗਿਆ ਤੇ ਸ਼ਾਹਕੋਟ ਦੇ ਸਰਕਾਰੀ ਹਸਪਤਾਲ ਵਿਖੇ ਲਿਜਾਇਆ ਗਿਆ, ਜਿੱਥੇ ਡਾਕਟਰ ਨੇ ਇਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।

PunjabKesari

ਇਹ ਵੀ ਪੜ੍ਹੋ- ਆਸਟ੍ਰੇਲੀਆ 'ਚ 150 ਪ੍ਰਾਈਵੇਟ ਕਾਲਜਾਂ ਨੂੰ ਲੱਗੇ 'ਤਾਲੇ', ਪੰਜਾਬੀਆਂ ਸਣੇ ਸੈਂਕੜੇ ਭਾਰਤੀ ਵਿਦਿਆਰਥੀਆਂ 'ਤੇ ਡਿੱਗੀ ਗਾਜ

ਉਨ੍ਹਾਂ ਦੱਸਿਆ ਕਿ ਗੁਰਵਿੰਦਰ ਕਪੂਰਥਲਾ ਇਲਾਕੇ ਦੇ ਇਕ ਏਜੰਟ ਤੋਂ ਵੀ ਬਹੁਤ ਤੰਗ-ਪ੍ਰੇਸ਼ਾਨ ਸੀ, ਜਿਸ ਤੋਂ ਉਸ ਨੇ 5-6 ਲੱਖ ਰੁਪਏ ਲੈਣੇ ਸਨ। ਉਨ੍ਹਾਂ ਦੱਸਿਆ ਕਿ ਪੁਲਸ ਮੁਲਾਜ਼ਮਾਂ ਵੱਲੋਂ ਉਸ ਦੇ ਪੁੱਤਰ ਨੂੰ ਬਹੁਤ ਜ਼ਲੀਲ ਕੀਤਾ ਗਿਆ, ਜਿਸ ਨੂੰ ਉਹ ਸਹਾਰ ਨਾ ਸਕਿਆ ਤੇ ਉਸ ਨੇ ਖ਼ੁਦਕੁਸ਼ੀ ਕਰ ਲਈ। ਵਰਨਣਯੋਗ ਹੈ ਕੀ ਗੁਰਵਿੰਦਰ ਵੱਲੋਂ ਖੁਦਕੁਸ਼ੀ ਕਰਨ ਤੋਂ ਪਹਿਲਾਂ ਆਪਣੇ ਮੋਬਾਈਲ ਨਾਲ ਇਕ ਵੀਡੀਓ ਬਣਾਈ ਗਈ ਸੀ, ਜਿਸ ’ਚ ਉਸ ਨੇ ਕਿਹਾ ਕਿ ਉਹ ਕਪੂਰਥਲਾ ਦੇ ਇਕ ਏਜੰਟ ਤੋਂ ਦੁਖੀ ਸੀ ਪਰ ਇਸ ਨੂੰ ਮੁੱਦਾ ਨਾ ਬਣਾਇਆ ਜਾਵੇ।

ਸੂਚਨਾ ਮਿਲਣ ’ਤੇ ਸ਼ਾਹਕੋਟ ਸਿਵਲ ਹਸਪਤਾਲ ਪਹੁੰਚੇ ਐੱਸ.ਐੱਚ.ਓ. ਅਮਨ ਸੈਣੀ ਨੇ ਮ੍ਰਿਤਕ ਨੌਜਵਾਨ ਗੁਰਵਿੰਦਰ ਸਿੰਘ ਦੀ ਲਾਸ਼ ਪੋਸਟਮਾਰਟਮ ਲਈ ਨਕੋਦਰ ਦੇ ਸਰਕਾਰੀ ਹਸਪਤਾਲ ’ਚ ਭੇਜ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਸ਼ਾਹਕੋਟ ਪੁਲਸ ਨੇ ਮ੍ਰਿਤਕ ਦੇ ਦੋਸਤ ਰਮਨ ਤੇ ਉਸ ਦੀ ਪਤਨੀ ਜੋਤੀ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News