ਕੀ ਕੋਰੋਨਾ ਤੋਂ ਬਚਾਅ ਲਈ ਟੀਕਾ ਲਗਵਾਉਣ ਤੋਂ ਪਹਿਲਾਂ ਤੁਹਾਡੇ ਮਨ 'ਚ ਵੀ ਉੱਠ ਰਹੇ ਨੇ ਇਹ ਸਵਾਲ?

Monday, Apr 05, 2021 - 06:28 PM (IST)

ਕੀ ਕੋਰੋਨਾ ਤੋਂ ਬਚਾਅ ਲਈ ਟੀਕਾ ਲਗਵਾਉਣ ਤੋਂ ਪਹਿਲਾਂ ਤੁਹਾਡੇ ਮਨ 'ਚ ਵੀ ਉੱਠ ਰਹੇ ਨੇ ਇਹ ਸਵਾਲ?

ਮਾਰਚ 2020 ਪੰਜਾਬੀਆਂ ਲਈ ਨਾ ਭੁੱਲਣ ਵਾਲਾ ਮਹੀਨਾ ਬਣ ਗਿਆ ਚੁੱਕਾ ਹੈ। ਇਸਦਾ ਕਾਰਨ ਹੈ ਕਿ ਪਿਛਲੇ ਸਾਲ ਇਸੇ ਮਹੀਨੇ ਕੋਰੋਨਾ ਦੇ ਵੱਧਦੇ ਮਾਮਲਿਆਂ ਕਾਰਨ ਬਿਨਾਂ ਕਿਸੇ ਅਗਾਊਂ ਪ੍ਰਬੰਧ ਦੇ ਅਚਾਨਕ ਤਾਲਾਬੰਦੀ ਕਰ ਦਿੱਤੀ ਗਈ ਸੀ ਅਤੇ ਲੋਕ ਕੋਰੋਨਾ ਲਾਗ ਦੀ ਬੀਮਾਰੀ ਦੇ ਖ਼ੌਫ਼ ਨੇ ਬੁਰੀ ਤਰ੍ਹਾਂ ਝੰਜੋੜ ਕੇ ਰੱਖ ਦਿੱਤੇ ਸਨ। ਉਸ ਸਮੇਂ ਹਰੇਕ ਵਿਅਕਤੀ ਨੂੰ ਲੱਗਦਾ ਸੀ ਕਿ ਸ਼ਾਇਦ 15 ਦਿਨਾਂ ਦੀ ਤਾਲਾਬੰਦੀ ਨਾਲ ਕੋਰੋਨਾ ਮਰੀਜ਼ਾਂ ਦਾ ਸੰਪਰਕ ਹੋਰ ਸਿਹਤਮੰਦ ਲੋਕਾਂ ਨਾਲੋਂ ਟੁੱਟ ਜਾਵੇਗਾ ਅਤੇ ਅਸੀਂ ਇਸ ਲਾਗ ਦੀ ਬੀਮਾਰੀ ਤੋਂ ਬਚ ਜਾਵਾਂਗੇ। ਇਹ 15 ਦਿਨਾਂ ਦਾ ਸਮਾਂ ਕਿੰਨੀ ਵਾਰ ਵਧਿਆ ਅਤੇ ਤਾਲਾਬੰਦੀ ਕਰਫ਼ਿਊ ਵਿੱਚ ਬਦਲੀ।ਸਾਲ ਬੀਤਣ ਮਗਰੋਂ ਵੀ ਇਹ ਸਿਲਸਲਾ ਕਿਸੇ ਨਾ ਕਿਸੇ ਰੂਪ ਵਿੱਚ ਜਾਰੀ ਹੈ। ਉਸ ਮੌਕੇ ਰੇਲ ਦੀਆਂ ਪਟੜੀਆਂ 'ਤੇ ਧੂੜਾਂ ਜੰਮ ਗਈਆਂ, ਸੜਕਾਂ 'ਤੇ ਨੰਗੇ ਪੈਰੀਂ ਤੁਰੇ ਜਾਂਦੇ ਲੋਕ ਰੋਟੀ ਦੀ ਬਜਾਏ ਪੁਲਸ ਦੇ ਡੰਡਿਆਂ ਨਾਲ ਗੁਜ਼ਾਰਾ ਕਰਨ ਲੱਗੇ। ਇਹ ਸਮਾਂ ਯਕ ਦਮ ਆਇਆ ਤੇ 15 ਦਿਨਾਂ ਦੀ ਔਖਿਆਈ ਦੇ ਸੁਫ਼ਨੇ ਵਿਖਾ ਦੇ ਅੱਜ ਤੱਕ ਸਿਰਦਰਦ ਬਣਿਆ ਹੋਇਆ ਹੈ।

ਇਸੇ ਦੌਰ ਅੰਦਰ ਹਰ ਦੇਸ ਇਕ ਦੂਜੇ ਤੋਂ ਪਹਿਲਾਂ ਵੈਕਸੀਨ ਬਣਾਉਣ ਦੀ ਕਾਹਲ ਵਿੱਚ ਸੀ।ਇਹ ਕਾਹਲਾਪਨ ਇਨਸਾਨੀਅਤ ਨਾਲੋਂ ਵਪਾਰਿਕ ਵਧੇਰੇ ਲੱਗ ਰਿਹਾ ਸੀ। ਖ਼ੈਰ, ਖ਼ਬਰਾਂ ਆਈਆਂ ਕਿ ਇਸ ਵੈਕਸੀਨ ਨੇ ਪਹਿਲਾ ਪੜਾਅ ਸਫ਼ਲਤਾ ਪੂਰਵਕ ਪਾਸ ਕਰ ਲਿਆ ਹੈ ਤੇ ਇਕ ਹੋਰ ਨੇ ਦੂਜਾ ਤੇ ਇਕ ਹੋਰ ਨੇ ਤੀਜਾ। ਉਮੀਦ ਜਾਗੀ ਕਿ ਵੈਕਸੀਨ ਆਵੇਗੀ ਤੇ ਕੋਰੋਨਾ ਤੋਂ ਖਹਿੜਾ ਛੁੱਟੇਗਾ।ਆਖ਼ਰ ਉਹ ਦਿਨ ਵੀ ਆ ਹੀ ਗਿਆ ਕਿ ਕਈ ਦੇਸਾਂ ਦੀ ਲੜੀ ਵਿੱਚ ਸ਼ਾਮਲ ਹੁੰਦਿਆਂ ਭਾਰਤ ਨੇ ਵੀ ਕੋਰੋਨਾ ਦੀਆਂ ਦੋ ਵੈਕਸੀਨ ਬਾਜ਼ਾਰ ਵਿੱਚ ਲੈ ਆਂਦੀਆਂ। ਲੋਕਾਂ ਨੂੰ ਲੱਗਾ ਕਿ ਹੁਣ ਮਾਸਕ ਤੋਂ ਛੁਟਕਾਰਾ ਮਿਲੇਗਾ ਤੇ ਮਾਰਚ 2020 ਤੋਂ ਪਹਿਲਾਂ ਵਾਲੀ ਜ਼ਿੰਦਗੀ ਮੁੜ ਜਿਉਂਣ ਦੀ ਰੀਝ ਪੂਰੀ ਹੋਵੇਗੀ। ਇਹਨਾਂ ਸਭ ਕਿਆਸ-ਰਾਈਆਂ ਅੰਦਰ ਭਾਰਤ ਵਿੱਚ 3 ਕਰੋੜ ਤੋਂ ਵੱਧ ਲੋਕਾਂ ਨੂੰ ਵੈਕਸੀਨ ਦੀ ਪਹਿਲੀ ਖ਼ੁਰਾਕ ਦਿੱਤੀ ਜਾ ਚੁੱਕੀ ਹੈ ਪਰ ਕੋਰੋਨਾ ਦੇ ਖ਼ੌਫ਼ ਦੇ ਨਾਲ-ਨਾਲ ਹੁਣ ਵੈਕਸੀਨ ਨੂੰ ਲੈ ਕੇ ਮਨ ਵਿੱਚ ਉੱਠ ਰਹੇ ਨਵੇਂ ਸਵਾਲਾਂ ਨੇ ਮੁੜ ਚਿੰਤਤ ਕਰ ਦਿੱਤਾ ਹੈ। ਇਸ ਫ਼ਿਕਰ ਦੇ ਕਈ ਕਾਰਨ ਹਨ ਜਿਨ੍ਹਾਂ ਸਬੰਧੀ ਵਿਸਥਾਰ ਵਿੱਚ ਜਾਣਦੇ ਹਾਂ-
1. ਸਭ ਤੋਂ ਵੱਡੀ ਚਿੰਤਾ ਦਾ ਕਾਰਨ ਹੈ ਕਿ ਕੋਰੋਨਾ ਦੇ ਦੋਹਾਂ ਟੀਕਿਆਂ ਦੀ ਵਰਤੋਂ ਦੀ ਸ਼ੁਰੂਆਤ ਐਮਰਜੈਂਸੀ ਮੌਕੇ ਕਰਨ ਦੀ ਪ੍ਰਵਾਨਗੀ ਨਾਲ ਹੋਈ ਸੀ। ਇਨ੍ਹਾਂ ਟੀਕਿਆਂ ਨੂੰ ਜਦੋਂ ਵਰਤਣ ਦੀ ਇਜਾਜ਼ਤ ਦਿੱਤੀ ਗਈ ਸੀ ਤਾਂ ਇਹ  ਕਿਹਾ ਗਿਆ ਸੀ ਕਿ ਸਿਰਫ਼ ਔਖੇ ਸਮੇਂ ਜਾਂ ਹੰਗਾਮੀ ਹਾਲਤ ਵਿੱਚ ਹੀ ਵਰਤੇ ਜਾਣ।
2. ਦੂਜੀ ਸੋਚਣ ਵਾਲੀ ਗੱਲ ਇਹ ਹੈ ਕਿ ਭਾਰਤ ਦੇ ਟੀਕਿਆਂ ਨੂੰ 10 ਤੋਂ ਵੱਧ ਦੇਸਾਂ ਨੇ ਵਰਤਣ ਤੋਂ ਇਨਕਾਰ ਕਰ ਦਿੱਤਾ ਹੈ, ਜਿਸਦਾ ਕਾਰਨ ਟੀਕੇ ਦੀ ਵਰਤੋਂ ਮਗਰੋਂ ਹੋਣ ਵਾਲੇ ਦੁਰ ਪ੍ਰਭਾਵ ਹਨ। ਇਸ ਬਾਬਤ ਅਜੇ ਤੱਕ ਭਾਰਤ ਸਰਕਾਰ ਦੇ ਕਿਸੇ ਵੀ ਮਹਿਕਮੇ ਨੇ ਸਪੱਸ਼ਟ ਨਹੀਂ ਕੀਤਾ ਕਿ ਜਿਨ੍ਹਾਂ ਦੇਸਾਂ ਨੇ ਭਾਰਤੀ ਵੈਕਸੀਨ 'ਤੇ ਪਾਬੰਦੀ ਲਾਈ ਹੈ ਉਸਦਾ ਕਾਰਨ ਕੀ ਹੈ ਤੇ ਇਸ ਕਾਰਨ ਬਾਰੇ ਇਨ੍ਹਾਂ ਟੀਕਿਆਂ ਦਾ ਨਿਰਮਾਣ ਕਰਨ ਵਾਲੀਆਂ ਕੰਪਨੀਆਂ ਦਾ ਕੀ ਸਪੱਸ਼ਟੀਕਰਨ ਹੈ।
3. ਤੀਜਾ ਵੱਡਾ ਕਾਰਨ ਇਹ ਹੈ ਕਿ ਭਾਰਤ ਵਿੱਚ ਵੀ ਵੈਕਸੀਨ ਲੈਣ ਉਪਰੰਤ ਕਈ ਕੇਸਾਂ ਵਿੱਚ ਇਸਦੇ ਮਾੜੇ ਪ੍ਰਭਾਵ ਵੇਖਣ ਨੂੰ ਮਿਲੇ ਹਨ। ਕਈ ਰਿਪੋਰਟਾਂ ਆਈਆਂ ਹਨ ਕਿ ਇਸ ਦੀ ਵਰਤੋਂ ਮਗਰੋਂ ਖ਼ੂਨ ਦੇ ਥੱਕੇ(ਖ਼ੂਨ ਜੰਮਣਾ) ਬਣ ਗਏ ਹਨ, ਕਈ ਮਾਮਲਿਆਂ ਵਿੱਚ ਐਲਰਜੀ ਵਰਗੇ ਲੱਛਣ ਸਾਹਮਣੇ ਆਉਣ ਨੂੰ ਲੈ ਕੇ ਵੀ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੈ।
4. ਅਗਲਾ ਕਾਰਨ ਇਹ ਹੈ ਕਿ ਲੋਕਾਂ ਨੂੰ ਵੈਕਸੀਨ ਦੀ ਵਰਤੋਂ ਕਰਨ ਲਈ ਪ੍ਰੇਰਿਤ ਕਰਨ ਦੀ ਕਮਾਂਡ ਸਿਆਸੀ ਨੇਤਾਵਾਂ ਨੇ ਹੀ ਸੰਭਾਲੀ ਹੈ ਤੇ ਸੁਖ ਨਾਲ ਭਾਰਤੀ ਲੋਕ ਵੋਟਾਂ ਵੇਲੇ ਤਾਂ ਸਿਆਸੀ ਆਗੂਆਂ 'ਤੇ ਪੂਰਾ ਭਰੋਸਾ ਕਰਦੇ ਹਨ ਪਰ ਕੋਰੋਨਾ ਵੈਕਸੀਨ ਦੇ ਮਾਮਲੇ ਵਿੱਚ ਇਹ ਭਰੋਸਾ ਬਣ ਪਾਉਣਾ ਔਖਾ ਜਾਪ ਰਿਹਾ ਹੈ।
5. ਸਿਆਸੀ ਆਗੂਆਂ ਤੋਂ ਇਲਾਵਾ ਫ਼ਿਲਮੀ ਸਟਾਰ ਜਾਂ ਹੋਰ ਮਸ਼ਹੂਰ ਹਸਤੀਆਂ ਵੀ ਖ਼ੁਦ ਟੀਕਾ ਲਗਵਾਕੇ ਲੋਕਾਂ ਨੂੰ ਪ੍ਰੇਰਿਤ ਕਰ ਰਹੇ ਹਨ ਪਰ ਲੋਕ ਟੀਕੇ ਸਬੰਧੀ ਜਾਣਕਾਰੀ ਰੱਖਣ ਵਾਲੇ ਮਾਹਿਰ ਡਾਕਟਰ ਜਾਂ ਸਿਹਤ ਮਹਿਕਮੇ ਦੇ ਅਧਿਕਾਰੀਆਂ ਕੋਲੋਂ ਤਰਕ ਸੰਗਤ ਸੁਣਨਾ ਚਾਹੁੰਦੇ ਹਨ ਕਿ ਟੀਕੇ ਦਾ ਕੋਈ ਦੁਰ ਪ੍ਰਭਾਵ ਨਹੀਂ ਹੈ। ਹੈਰਾਨੀ ਦੀ ਗੱਲ ਹੈ ਕਿ ਸਿਹਤ ਮਾਹਿਰ ਜਾਂ ਸਿਹਤ ਮਹਿਕਮੇ ਦੇ ਅਧਿਕਾਰੀ ਇਸ ਮਾਮਲੇ ਵਿੱਚ ਖੁੱਲ੍ਹ ਕੇ ਸਾਹਮਣੇ ਨਹੀਂ ਆ ਰਹੇ ਜਿਸ ਕਾਰਨ ਲੋਕ ਸ਼ਸ਼ੋਪੰਜ ਵਿੱਚ ਹਨ।

ਇਹ ਵੀ ਪੜ੍ਹੋ :ਕੋਰੋਨਾ ਵਾਇਰਸ ਨੇ ਤੋੜਿਆ ਰਿਕਾਰਡ, ਭਾਰਤ 'ਚ ਇਕ ਦਿਨ 'ਚ 1 ਲੱਖ ਤੋਂ ਵੱਧ ਮਾਮਲੇ ਆਏ ਸਾਹਮਣੇ

6. ਲੋਕ ਦੇ ਭੈਭੀਤ ਹੋਣ ਦਾ ਇਕ ਕਾਰਨ ਇਹ ਵੀ ਹੈ ਕਿ ਵੈਕਸੀਨ ਲੱਗਣ ਤੋਂ ਕੁਝ ਦਿਨਾਂ ਬਾਅਦ ਹੀ ਲੋਕ ਮੁੜ ਕੋਰੋਨਾ ਪਾਜ਼ੇਟਿਵ ਆ ਰਹੇ ਹਨ। ਅਜਿਹੇ ਮਾਮਲਿਆਂ ਨੂੰ ਲੈ ਕੇ ਸਰਕਾਰ ਦੀ ਚੁੱਪੀ ਲੋਕਾਂ ਅੰਦਰ ਵੈਕਸੀਨ ਪ੍ਰਤੀ ਸ਼ੰਕਿਆਂ ਨੂੰ ਹੋਰ ਵਧਾ ਰਹੀ ਹੈ।
7.ਜਿਸ ਵਿਅਕਤੀ ਦਾ ਕੋਰੋਨਾ ਟੀਕਾਕਰਨ ਹੋ ਚੁੱਕਾ ਹੈ ਉਸ ਨੂੰ ਮੁੜ ਕੋਰੋਨਾ ਨਹੀਂ ਹੋਵੇਗਾ ਜਾਂ ਕਿੰਨੀ ਦੇਰ ਤੱਕ ਨਹੀਂ ਹੋਵੇਗਾ, ਇਹ ਸਵਾਲ ਵੀ ਲੋਕ ਮਨਾਂ ਦੀ ਗੁੰਝਲ ਬਣਿਆ ਹੋਇਆ ਹੈ। ਫ਼ਿਲਹਾਲ ਇਸ ਪੱਖ ਨੂੰ ਲੈ ਕੇ ਵੀ ਸਰਕਾਰ ਚੁੱਪ ਹੈ।
8.ਇਕ ਜਾਣਕਾਰੀ ਅਨੁਸਾਰ ਕਿਸੇ ਵੀ ਭਿਆਨਕ ਬੀਮਾਰੀ ਦੀ ਵੈਕਸੀਨ ਤਿਆਰ ਕਰਨ ਲਈ ਘੱਟੋ-ਘੱਟ 6 ਸਾਲ ਦਾ ਸਮਾਂ ਲੱਗਦਾ ਹੈ ਪਰ ਸਾਲ ਅੰਦਰ ਹੀ ਤਿਆਰ ਵੈਕਸੀਨ ਨੂੰ ਲੈ ਕੇ ਵੀ ਸਵਾਲ ਉੱਠ ਰਹੇ ਹਨ। ਇਸ ਕਾਰਨ ਵੀ ਲੋਕਾਂ ਦਾ ਵੈਕਸੀਨ ਪ੍ਰਤੀ ਭਰੋਸਾ ਡਗਮਗਾ ਰਿਹਾ ਹੈ।
9.ਹਾਲ ਹੀ ਵਿੱਚ 'ਯੂ.ਕੇ. ਵੈਰੀਐਂਟ' ਦੇ ਨਾਂ ਵਾਲਾ ਕੋਰੋਨਾ ਦਾ ਬਦਲਿਆ ਰੂਪ ਬਹੁਤ ਸਾਰੇ ਲੋਕਾਂ ਵਿੱਚ ਪਾਇਆ ਗਿਆ ਹੈ। ਇਸਦੇ ਮਾਮਲੇ ਭਾਰਤ ਵਿੱਚ ਵੀ ਮਿਲੇ ਹਨ। ਕੈਪਟਨ ਦੇ ਬਿਆਨ ਅਨੁਸਾਰ ਪੰਜਾਬ ਵਿੱਚ ਨਵੇਂ ਮਿਲੇ ਕੋਰੋਨਾ ਦੇ ਮਾਮਲਿਆਂ ਵਿੱਚ 80 ਫ਼ੀਸਦ ਤੋਂ ਵੱਧ ਨਵੇਂ ਸਟ੍ਰੇਨ ਦੇ ਹਨ। ਭਾਰਤ ਸਰਕਾਰ ਅਜੇ ਤੱਕ ਇਹ ਸਪੱਸ਼ਟ ਨਹੀਂ ਕਰ ਸਕੀ ਕਿ ਕੋਰੋਨਾ ਵੈਕਸੀਨ ਇਸ ਸਟ੍ਰੇਨ ਦਾ ਮੁਕਾਬਲਾ ਕਰਨਯੋਗ ਹੈ ਜਾਂ ਨਹੀਂ।
10.ਟੀਕਾਕਰਨ ਉਪਰੰਤ ਬਹੁਤ ਸਾਰੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਜਿਵੇਂ ਬੁਖਾਰ,ਸਿਰਦਰਦ, ਕਮਜ਼ੋਰੀ ਆਦਿ ਹੋ ਰਹੀਆਂ ਹਨ। ਕੀ ਇਹ ਆਮ ਸਮੱਸਿਆਵਾਂ ਹਨ ਜਾਂ ਕੋਰੋਨਾ ਵੈਕਸੀਨ ਦਾ ਪ੍ਰਭਾਵ ਹੈ?ਕੀ ਇਹ ਪ੍ਰਭਾਵ ਸਿਹਤ ਲਈ ਹਾਨੀਕਾਰਕ ਤਾਂ ਨਹੀਂ ਹਨ?ਕੀ ਵੈਕਸੀਨ ਮਗਰੋਂ ਸਰੀਰ ਨੂੰ ਕੋਈ ਤਕਲੀਫ਼ ਤਾਂ ਨਹੀਂ ਹੁੰਦੀ? ਬਹੁਤ ਸਾਰੇ ਅਜਿਹੇ ਸਵਾਲ ਹਨ ਜਿਨ੍ਹਾਂ ਦੇ ਉੱਤਰ ਬਿਨਾਂ ਲੋਕਾਂ ਨੂੰ ਕੋਰੋਨਾ ਵੈਕਸੀਨ ਲਈ ਪ੍ਰੇਰਿਤ ਕਰਨਾ ਔਖਾ ਲੱਗ ਰਿਹਾ ਹੈ। 
11.ਇੱਕ ਵੱਡਾ ਸਵਾਲ ਇਹ ਹੈ ਕਿ ਜਦੋਂ ਵਡੇਰੀ ਉਮਰ ਦੇ ਸਾਰੇ ਜਾਂ ਤਕਰੀਬਨ ਅੱਧੇ ਲੋਕਾਂ ਨੂੰ ਵੀ ਅਜੇ ਵੈਕਸੀਨ ਨਹੀਂ ਲੱਗੀ ਤਾਂ ਫਿਰ 45 ਸਾਲ ਵਾਲਿਆਂ ਦਾ ਟੀਕਾਕਰਨ ਦੀ ਕਾਹਦੀ ਕਾਹਲ ਹੈ? ਕਿਤੇ ਵੈਕਸੀਨ ਐਕਸਪਾਇਰ ਹੋਣ ਦੀਆਂ ਖ਼ਬਰਾਂ ਅੰਦਰ ਜਲਦ ਤੋਂ ਜਲਦ ਟੀਕਾਕਰਨ ਇਸਦਾ ਮਕਸਦ ਤਾਂ ਨਹੀਂ?ਜਦੋਂ ਗੰਭੀਰ ਬੀਮਾਰੀਆਂ ਵਾਲੇ ਲੋਕਾਂ ਦਾ ਅਜੇ ਤੱਕ ਟੀਕਾਕਰਨ ਨਹੀਂ ਹੋਇਆ ਤਾਂ ਸਿਹਤਮੰਦ ਲੋਕਾਂ ਨੂੰ ਟੀਕਾ ਲਾਉਣ ਦੀ ਕਾਹਲ ਕਾਰਨ ਸਵਾਲ ਉੱਠਣੇ ਜਾਇਜ਼ ਹਨ।

ਮੁੱਕਦੀ ਗੱਲ ਹੋਰਾਂ ਦੇਸਾਂ ਵਾਂਗ ਭਾਰਤੀਆਂ ਨੂੰ ਵੀ ਆਪਣੇ ਡਾਕਟਰਾਂ ਅਤੇ ਖੋਜੀਆਂ ਉੱਤੇ ਭਰੋਸਾ ਰੱਖਣ ਦੀ ਲੋੜ ਹੈ। ਇਸ ਮਾਮਲੇ ਵਿੱਚ ਸਰਕਾਰ ਦੀਆਂ ਵੱਡੀਆਂ ਜ਼ਿੰਮੇਵਾਰੀਆਂ ਹਨ। ਲੋਕ ਦੋ ਪਿੜਾਂ ਵਿੱਚ ਪਿਸ ਰਹੇ ਹਨ, ਇੱਕ ਪਾਸੇ ਕੋਰੋਨਾ ਦਾ ਕਹਿਰ ਡਰਾ ਰਿਹਾ ਹੈ ਤਾਂ ਦੂਜੇ ਪਾਸੇ ਵੈਕਸੀਨ ਨੂੰ ਲੈ ਕੇ ਫ਼ੈਲ ਰਹੀਆਂ ਅਫ਼ਵਾਹਾਂ ਵਿਚਲੀਆਂ ਸਚਾਈਆਂ ਤੋਂ ਮੂੰਹ ਨਹੀਂ ਮੋੜਿਆ ਜਾ ਸਕਦਾ। ਸਰਕਾਰ ਨੂੰ ਚਾਹੀਦਾ ਹੈ ਕਿ ਅਧਿਕਾਰਤ ਤੌਰ 'ਤੇ ਵੈਕਸੀਨ ਨੂੰ ਲੈ ਕੇ ਮਨੁੱਖੀ ਮਨ ਦੇ ਸ਼ੰਕਿਆਂ ਨੂੰ ਦੂਰ ਕੀਤਾ ਜਾਵੇ ਤਾਂ ਜੋ ਇਸ ਲਾਗ ਦੀ ਬੀਮਾਰੀ ਤੋਂ ਛੁਟਕਾਰਾ ਪਾਉਣ ਲਈ ਲੋਕ ਵੀ ਆਪਣੀ ਜ਼ਿੰਮੇਵਾਰੀ ਨਿਭਾਉਣ।

ਹਰਨੇਕ ਸਿੰਘ ਸੀਚੇਵਾਲ
ਫੋਨ-94173-33397

ਨੋਟ: ਕੀ ਕੋਰੋਨਾ ਵੈਕਸੀਨ ਨੂੰ ਲੈ ਕੇ ਤੁਹਾਡੇ ਮਨ ਵਿੱਚ ਵੀ ਕੋਈ ਸਵਾਲ ਹੈ ਤਾਂ ਕੁਮੈਂਟ ਬਾਕਸ ਵਿੱਚ ਦਿਓ ਆਪਣੀ ਰਾਏ


author

Harnek Seechewal

Content Editor

Related News