ਪੰਜਾਬ ''ਚ ਛੁੱਟੀਆਂ ਦੌਰਾਨ ਵੀ ਖੁੱਲ੍ਹੇ ਰਹਿਣਗੇ ਸਰਕਾਰੀ ਦਫ਼ਤਰ, 31 ਜੁਲਾਈ ਤੋਂ ਪਹਿਲਾਂ ਕਰਾ ਲਓ ਕੰਮ
Saturday, Jul 26, 2025 - 11:14 AM (IST)

ਲੁਧਿਆਣਾ,ਜੰਡਿਆਲਾ ਗੁਰੂ, ਹੁਸ਼ਿਆਰਪੁਰ, ਤਲਵੰਡੀ ਭਾਈ (ਹਿਤੇਸ਼, ਸੁਰਿੰਦਰ, ਸ਼ਰਮਾ, ਘੁੰਮਣ, ਗੁਲਾਟੀ)– ਵਿਆਜ-ਪੈਨਲਟੀ ਤੋਂ ਬਿਨਾਂ ਬਕਾਇਆ ਪ੍ਰਾਪਰਟੀ ਟੈਕਸ ਜਮ੍ਹਾ ਕਰਵਾਉਣ ਲਈ ਨਗਰ ਨਿਗਮ ਦੇ ਆਫਿਸ 26-27 ਜੁਲਾਈ ਨੂੰ ਛੁੱਟੀਆਂ ਦੌਰਾਨ ਵੀ ਖੁੱਲ੍ਹੇ ਰਹਿਣਗੇ। ਇਹ ਫੈਸਲਾ ਕਮਿਸ਼ਨਰ ਆਦਿੱਤਿਆ ਵਲੋਂ ਬੁਲਾਈ ਗਈ ਚਾਰੇ ਜ਼ੋਨਾਂ ਦੇ ਅਧਿਕਾਰੀਆਂ ਦੀ ਬੈਠਕ ਦੌਰਾਨ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਇਕ ਹੋਰ ਅੰਤਰਰਾਸ਼ਟਰੀ ਹਵਾਈ ਅੱਡਾ ਤਿਆਰ
ਕਮਿਸ਼ਨਰ ਨੇ ਦੱਸਿਆ ਕਿ ਸਰਕਾਰ ਵਲੋਂ ਜਾਰੀ ਕੀਤੀ ਗਈ ਵਨ ਟਾਈਮ ਸੈਟਲਮੈਂਟ ਪਾਲਿਸੀ ਦੀ ਡੈੱਡਲਾਈਨ 31 ਜੁਲਾਈ ਨੂੰ ਖਤਮ ਹੋ ਜਾਵੇਗੀ। ਇਸ ਤੋਂ ਪਹਿਲਾਂ ਲੋਕਾਂ ਨੂੰ ਵਿਆਜ-ਪੈਨਲਟੀ ਦੀ ਮੁਆਫੀ ਦਾ ਜ਼ਿਆਦਾ ਤੋਂ ਜ਼ਿਆਦਾ ਲਾਭ ਪਹੁੰਚਾਉਣ ਦੀ ਦਿਸ਼ਾ ’ਚ ਬਕਾਇਆ ਪ੍ਰਾਪਰਟੀ ਟੈਕਸ ਜਮ੍ਹਾ ਕਰਵਾਉਣ ਲਈ ਆਫਿਸ ਖੁੱਲ੍ਹੇ ਰੱਖਣ ਦੇ ਨਾਲ ਹੀ ਫੀਲਡ ’ਚ ਕੈਂਪ ਲਗਾਉਣ ਦੇ ਨਿਰਦੇਸ਼ ਸਟਾਫ ਨੂੰ ਦਿੱਤੇ ਹਨ। ਇਸ ਦੌਰਾਨ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ 31 ਜੁਲਾਈ ਤੋਂ ਬਾਅਦ ਬਕਾਇਆ ਪ੍ਰਾਪਰਟੀ ਟੈਕਸ ਜਮ੍ਹਾ ਕਰਵਾਉਣ ’ਤੇ 18 ਫੀਸਦੀ ਵਿਆਜ ਅਤੇ 20 ਫੀਸਦੀ ਪੈਨਲਟੀ ਦੇਣੀ ਹੋਵੇਗੀ। ਇਸ ਸਬੰਧ ’ਚ ਬਾਕਾਇਦਾ ਲੋਕਾਂ ਨੂੰ ਐੱਸ. ਐੱਮ. ਐੱਸ. ਵੀ ਭੇਜੇ ਜਾ ਰਹੇ ਹਨ ਅਤੇ ਇਹ ਡੈੱਡਲਾਈਨ ਖਤਮ ਹੋਣ ਤੋਂ ਬਾਅਦ ਪ੍ਰਾਪਰਟੀ ਟੈਕਸ ਜਮ੍ਹਾ ਨਾ ਕਰਵਾਉਣ ਵਾਲੇ ਲੋਕਾਂ ਪ੍ਰਤੀ ਸਖ਼ਤ ਰੁਖ ਅਖਤਿਆਰ ਕਰਨ ਦੀ ਗੱਲ ਕਮਿਸ਼ਨਰ ਨੇ ਕਹੀ ਹੈ।
ਜੰਡਿਆਲਾ ਗੁਰੂ ਵਲੋਂ ਵੀ ਪ੍ਰਾਪਰਟੀ ਟੈਕਸ ਦੇਣਾ ਵਾਲਿਆਂ ਨੂੰ ਵਿਸ਼ੇਸ਼ ਲਾਭ ਦਿੱਤਾ ਜਾ ਰਿਹਾ ਹੈ। ਨਗਰ ਕੌਂਸਲ ਜੰਡਿਆਲਾ ਗੁਰੂ ਦੇ ਈ. ਓ. ਰਣਦੀਪ ਸਿੰਘ ਵੜੈਚ ਨੇ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪ੍ਰਾਪਰਟੀ ਟੈਕਸ ’ਤੇ ਵਿਆਜ ਤੇ ਜੁਰਮਾਨਾ ਮੁਕਤ ਸਕੀਮ ਨੂੰ ਮੁੱਖ ਰੱਖਦਿਆਂ ਨਗਰ ਕੌਂਸਲ ਦਫਤਰ ਸ਼ਨੀਵਾਰ ਵੀ ਖੁੱਲ੍ਹਾ ਰਹੇਗਾ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਸਕੀਮ ਦਾ ਲਾਭ ਲਓ। ਇਹ ਸਕੀਮ 31 ਜੁਲਾਈ ਤਕ ਰਹੇਗੀ।
ਇਹ ਵੀ ਪੜ੍ਹੋ- ਪੰਜਾਬੀਆਂ ਲਈ ਅਹਿਮ ਖ਼ਬਰ, ਪੰਜਾਬ ਸਰਕਾਰ ਦੇਣ ਜਾ ਰਹੀ ਵੱਡੀ ਸਹੂਲਤ
ਇਸੇ ਤਰ੍ਹਾਂ ਕਮਿਸ਼ਨਰ ਨਗਰ ਨਿਗਮ ਹੁਸ਼ਿਆਰਪੁਰ ਜਯੋਤੀ ਬਾਲਾ ਮੱਟੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਾਪਰਟੀ ਟੈਕਸ ਦੀ ਵਨ ਟਾਈਮ ਸੈਟਲਮੈਂਟ (ਓ. ਟੀ. ਐੱਸ.) ਪਾਲਿਸੀ ਤਹਿਤ ਹਰ ਅਦਾਰੇ (ਜਿਵੇਂ ਕਿ ਘਰੇਲੂ, ਵਪਾਰਕ, ਇੰਡਸਟ੍ਰੀਅਲ) ਦੇ ਮੌਜੂਦਾ ਅਤੇ ਪੁਰਾਣੇ ਟੈਕਸ ਨੂੰ 31 ਜੁਲਾਈ 2025 ਤੱਕ ਜਮ੍ਹਾ ਕਰਵਾਉਣ ’ਤੇ ਜੁਰਮਾਨੇ ਅਤੇ ਵਿਆਜ ਤੋਂ 100 ਫੀਸਦੀ ਮੁਆਫੀ ਦਿੱਤੀ ਗਈ ਹੈ। ਇਸ ਲਈ ਉਨ੍ਹਾਂ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਪ੍ਰਾਪਰਟੀ (ਜਿਵੇਂ ਕਿ -ਘਰੇਲੂ, ਵਪਾਰਕ, ਇੰਡਸਟ੍ਰੀਅਲ) ਦਾ ਬਣਦਾ ਮੂਲ ਪ੍ਰਾਪਰਟੀ ਟੈਕਸ ਨਗਰ ਨਿਗਮ ਹੁਸ਼ਿਆਰਪੁਰ ਵਿਖੇ ਮਿਤੀ 31 ਜੁਲਾਈ ਤੋਂ ਪਹਿਲਾਂ ਬਿਨਾਂ ਵਿਆਜ ਅਤੇ ਜੁਰਮਾਨੇ ਤੋਂ ਜਮ੍ਹਾ ਕਰਵਾ ਕੇ ਸਰਕਾਰ ਦੀ ਇਸ ‘ਵਨ ਟਾਈਮ ਸੈਟਲਮੈਂਟ’ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾਇਆ ਜਾਵੇ। ਉਨ੍ਹਾਂ ਦੱਸਿਆ ਕਿ ਜਨਤਾ ਨੂੰ ਇਸ ਸਕੀਮ ਦਾ ਲਾਭ ਦੇਣ ਲਈ ਨਗਰ ਨਿਗਮ ਵੱਲੋਂ ਸ਼ਨੀਵਾਰ ਅਤੇ ਐਤਵਾਰ ਨੂੰ ਵੀ ਸਵੇਰੇ 10 ਤੋਂ ਬਾਅਦ ਦੁਪਹਿਰ 3 ਵਜੇ ਤੱਕ ਪ੍ਰਾਪਰਟੀ ਟੈਕਸ ਬ੍ਰਾਂਚ ਖੁੱਲ੍ਹੀ ਰੱਖੀ ਜਾ ਰਹੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਕੱਚੇ ਮਕਾਨਾਂ ਵਾਲਿਆਂ ਲਈ ਵੱਡੀ ਖ਼ਬਰ
ਉੱਥੇ ਹੀ ਨਗਰ ਕੌਂਸਲ ਤਲਵੰਡੀ ਭਾਈ ਦੇ ਕਾਰਜ ਸਾਧਕ ਅਫਸਰ ਆਸ਼ੀਸ਼ ਕੁਮਾਰ ਨੇ ਦੱਸਿਆ ਕਿ ਮਿਤੀ 31 ਜੁਲਾਈ 2025 ਤੱਕ ਪ੍ਰੋਪਰਟੀ ਟੈਕਸ ਜਮਾ ਕਰਵਾਉਣ ਵਾਲੇ ਸ਼ਹਿਰ ਵਾਸੀਆਂ ਨੂੰ ਵਿਆਜ ਅਤੇ ਪਲੇਂਟੀ 'ਤੇ ਛੋਟ ਦਿੱਤੀ ਜਾ ਰਹੀ ਹੈ। ਇਸ ਸਕੀਮ ਦਾ ਵੱਧ ਤੋਂ ਵੱਧ ਲੋਕਾਂ ਨੂੰ ਲਾਭ ਦਵਾਉਣ ਦੇ ਮਕਸਦ ਨਾਲ ਨਗਰ ਕੌਂਸਲ ਤਲਵੰਡੀ ਭਾਈ ਨਗਰ ਪੰਚਾਇਤ ਮੁਦਕੀ ਦਾ ਦਫਤਰ ਸ਼ਨੀਵਾਰ ਅਤੇ ਐਤਵਾਰ ਨੂੰ ਆਮ ਦਿਨਾਂ ਵਾਂਗ ਖੁੱਲਾ ਰਹੇਗਾ। ਸ਼ਹਿਰ ਨਿਵਾਸੀ ਆਪਣਾ ਪ੍ਰੋਪਰਟੀ ਟੈਕਸ ਸ਼ਨੀਵਾਰ ਅਤੇ ਐਤਵਾਰ ਵੀ ਜਮ੍ਹਾਂ ਕਰਵਾ ਸਕਣਗੇ ਅਤੇ ਛੋਟ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ 31 ਜੁਲਾਈ ਤੋਂ ਬਾਅਦ ਪ੍ਰੋਪਰਟੀ ਟੈਕਸ 'ਤੇ ਕੋਈ ਛੋਟ ਦੀ ਆਪਸ਼ਨ ਨਹੀਂ , ਇਸ ਲਈ ਵੱਧ ਤੋਂ ਵੱਧ ਲੋਕ ਆਪਣਾ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾ ਕੇ ਇਹ ਸਕੀਮ ਦਾ ਲਾਭ ਪ੍ਰਾਪਤ ਕਰਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8