ਨੀਲੇ ਕਾਰਡਧਾਰਕਾਂ ਨਾਲ ਧੱਕਾ

Thursday, Oct 05, 2017 - 06:21 AM (IST)

ਨੀਲੇ ਕਾਰਡਧਾਰਕਾਂ ਨਾਲ ਧੱਕਾ

ਅੰਮ੍ਰਿਤਸਰ, (ਬਿਊਰੋ)-  ਹਲਕਾ ਰਾਜਾਸਾਂਸੀ ਅਧੀਨ ਪੈਂਦੇ ਪਿੰਡ ਸ਼ਹੂਰਾ ਦੀ ਵਿਧਵਾ ਮਨਜੀਤ ਕੌਰ ਪਤਨੀ ਗੁਰਵਿੰਦਰ ਸਿੰਘ, ਮਨਜੀਤ ਪਤਨੀ ਪੱਪੂ, ਗੁਰਮੀਤ ਕੌਰ ਪਤਨੀ ਖਜ਼ਾਨ, ਪਰਮਜੀਤ ਕੌਰ ਪਤਨੀ ਗੋਲਾ, ਸੀਤਾ, ਕਰਮਜੀਤ ਕੌਰ, ਕੁਲਦੀਪ ਸਿੰਘ ਆਦਿ ਨੇ ਪਿੰਡ ਦੇ ਡਿਪੂ ਹੋਲਡਰ ਸੁਬੇਗ ਸਿੰਘ ਤੇ ਬਘੇਲ ਸਿੰਘ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਸਰਕਾਰ ਬਣਨ 'ਤੇ ਪੱਖਪਾਤ ਦੌਰਾਨ ਸਾਡੇ ਨੀਲੇ ਕਾਰਡ ਕੱਟ ਦਿੱਤੇ ਗਏ ਹਨ ਅਤੇ ਕਈ ਕਾਰਡਾਂ 'ਚੋਂ ਸਾਡੇ ਘਰ ਦੇ ਮੈਂਬਰਾਂ ਦੇ ਨਾਂ ਕੱਟੇ ਹਨ। ਉਨ੍ਹਾਂ ਕਿਹਾ ਕਿ ਅਸੀਂ ਮਿਹਨਤ-ਮਜ਼ਦੂਰੀ ਕਰ ਕੇ 2 ਵਕਤ ਦੀ ਰੋਟੀ ਦਾ ਗੁਜ਼ਾਰਾ ਕਰਦੇ ਹਾਂ, ਸਰਕਾਰ ਵੱਲੋਂ ਮਿਲਦੀਆਂ ਸਹੂਲਤਾਂ ਤੋਂ ਸਾਨੂੰ ਵਾਂਝਾ ਰੱਖਿਆ ਜਾਂਦਾ ਹੈ ਪਰ ਸਿਆਸੀ ਰਸੂਖ ਵਾਲੇ ਲੋਕ ਜਿਹੜੇ ਜ਼ਮੀਨ-ਜਾਇਦਾਦਾਂ ਦੇ ਮਾਲਕ ਹਨ ਉਹ ਨਾਜਾਇਜ਼ ਤੌਰ 'ਤੇ ਸਹੂਲਤਾਂ ਦਾ ਫਾਇਦਾ ਉਠਾਉਂਦੇ ਹਨ।
ਉਨ੍ਹਾਂ ਦੱਸਿਆ ਕਿ ਜਨਵਰੀ ਮਹੀਨੇ ਤੋਂ ਲੈ ਕੇ ਹੁਣ ਤੱਕ ਸਿਰਫ ਇਕ ਵਾਰ ਕਣਕ ਵੰਡੀ ਗਈ ਪਰ ਜਿਨ੍ਹਾਂ ਨੂੰ ਕਣਕ ਦਿੱਤੀ ਗਈ ਹੈ ਉਹ ਵੀ ਬਣਦੇ ਕੋਟੇ ਮੁਤਾਬਕ ਘੱਟ ਦਿੱਤੀ ਹੈ ਅਤੇ ਸਾਡੇ ਕਾਰਡ ਵੀ ਉਨ੍ਹਾਂ ਆਪਣੇ ਕੋਲ ਰੱਖੇ ਹੋਏ ਹਨ, ਜੇ ਅਸੀਂ ਪੁੱਛਦੇ ਹਾਂ ਕਿ ਸਾਡੇ ਮੈਂਬਰਾਂ ਦੇ ਨਾਂ ਕਿਉਂ ਕੱਟੇ ਹਨ ਤਾਂ ਅੱਗੋਂ ਸਾਡੇ ਨਾਲ ਮਾੜਾ ਵਤੀਰਾ ਕੀਤਾ ਜਾਂਦਾ ਹੈ। ਇਸ ਮੌਕੇ ਆਪ ਆਗੂ ਪੰਜਾਬ ਸਿੰਘ, ਦਲਬੀਰ ਸਿੰਘ, ਸੁਖਦੇਵ ਸਿੰਘ ਪੱਧਰੀ ਤੇ ਮੁਖਤਾਰ ਸਿੰਘ ਨੇ ਸਮੂਹ ਮੈਂਬਰ ਪੰਚਾਇਤ ਦੇ ਦਸਤਖਤ ਕਰਵਾਏ ਤੇ ਦਰਖਾਸਤ ਜ਼ਿਲੇ ਦੇ ਡਿਪਟੀ ਕਮਿਸ਼ਨਰ ਨੂੰ ਭੇਜਦਿਆਂ ਕਿਹਾ ਕਿ ਦੁਬਾਰਾ ਇਨਕੁਆਰੀ ਕਰਵਾ ਕੇ ਬਣਦੇ ਗਰੀਬ ਲੋਕਾਂ ਦੇ ਕਾਰਡ ਬਹਾਲ ਕੀਤੇ ਜਾਣ।
ਇਸ ਮੌਕੇ ਡਿਪੂ ਹੋਲਡਰ ਬਘੇਲ ਸਿੰਘ ਨਾਲ ਗੱਲ ਕਰਨ 'ਤੇ ਉਨ੍ਹਾਂ ਕਿਹਾ ਕਿ ਐੱਸ. ਡੀ. ਐੱਮ. ਦੀਆਂ ਹਦਾਇਤਾਂ ਅਨੁਸਾਰ ਜੋ ਟੀਮ ਇਨਕੁਆਰੀ ਕਰ ਕੇ ਗਈ ਸੀ ਉਹੀ ਲਿਸਟਾਂ ਦੇ ਹਿਸਾਬ ਨਾਲ ਕਣਕ ਵੰਡੀ ਗਈ, ਲਿਸਟਾਂ ਉਨ੍ਹਾਂ ਕੋਲ ਹਨ। ਸੰਬੰਧਿਤ ਮਹਿਕਮੇ ਦੇ ਇੰਸਪੈਕਟਰ ਅਮਰਿੰਦਰ ਸਿੰਘ ਰੰਧਾਵਾ ਨਾਲ ਗੱਲ ਕਰਨ 'ਤੇ ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕੁਝ ਕਾਰਡ ਕੱਟੇ ਹਨ ਪਰ ਫਿਰ ਵੀ ਜੋ ਜਾਇਜ਼ ਬਣਦੇ ਹੋਣਗੇ ਦੁਬਾਰਾ ਇਨਕੁਅਰੀ ਕਰਵਾ ਕੇ ਕਾਰਡ ਬਹਾਲ ਕੀਤੇ ਜਾਣਗੇ।


Related News