ਵਿਦੇਸ਼ ਵਸਦੇ ਪੰਜਾਬੀਆਂ ਨੂੰ ਭਾਰਤ ਆਉਣ ਦੀ ਦਿੱਤੀ ਜਾਵੇ ਮਨਜ਼ੂਰੀ : ਔਜਲਾ

Friday, Mar 20, 2020 - 01:19 AM (IST)

ਵਿਦੇਸ਼ ਵਸਦੇ ਪੰਜਾਬੀਆਂ ਨੂੰ ਭਾਰਤ ਆਉਣ ਦੀ ਦਿੱਤੀ ਜਾਵੇ ਮਨਜ਼ੂਰੀ : ਔਜਲਾ

ਅੰਮ੍ਰਿਤਸਰ, (ਕਮਲ, ਮਮਤਾ)- ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਕੇਂਦਰੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨਾਲ ਮੁਲਾਕਾਤ ਕਰ ਕੇ ਪ੍ਰਵਾਸੀ ਪੰਜਾਬੀਆਂ ਦੇ ਬੱਚਿਆਂ ਨੂੰ ਭਾਰਤ ਲਈ ਵੀਜ਼ਾ ਜਾਰੀ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਵਿਦੇਸ਼ਾਂ ’ਚ ਜਨਮੇ ਬੱਚੇ ਆਪਣੇ ਮਾਪਿਆਂ ਨਾਲ ਭਾਰਤ ’ਚ ਰਹਿ ਸਕਣ। ਸ. ਔਜਲਾ ਨੇ ਕੇਂਦਰੀ ਵਿਦੇਸ਼ ਮੰਤਰੀ ਨੂੰ ਦੱਸਿਆ ਕਿ ਬਹੁਤ ਸਾਰੇ ਭਾਰਤੀ ਵਿਦੇਸ਼ ’ਚ ਵਰਕ ਪਰਮਿਟ ਜਾਂ ਸਟੱਡੀ ਵੀਜ਼ੇ ’ਤੇ ਗਏ ਹੋਏ ਸਨ। ਉਸੇ ਧਰਤੀ ’ਤੇ ਜਾ ਵਸੇ ਅਤੇੇ ਉਹ ਉਨ੍ਹਾਂ ਦੇਸ਼ਾਂ ਦੇ ਨਾਗਰਿਕ ਬਣ ਗਏ। ਉਨ੍ਹਾਂ ਕੋਲ (ਓ. ਸੀ. ਆਈ.) ਓਵਰਸੀਜ਼ ਸਿਟੀਜ਼ਨ ਆਫ ਇੰਡੀਆ ਕਾਰਡ ਹਨ ਪਰ ਵਿਦੇਸ਼ੀ ਧਰਤੀ ’ਤੇ ਵਸਦਿਆਂ ਉਨ੍ਹਾਂ ਦੇ ਬੱਚਿਆਂ ਦਾ ਜਨਮ ਵੀ ਉਥੇ ਹੀ ਹੋਇਆ, ਜਿਸ ਕਾਰਣ ਸਬੰਧਤ ਦੇਸ਼ ਦੇ ਨਾਗਰਿਕ ਹੋਣ ਕਾਰਣ ਉਨ੍ਹਾਂ ਕੋਲ ਉਸੇ ਦੇਸ਼ ਦਾ ਪਾਸਪੋਰਟ ਬਣਿਆ ਹੋਇਆ ਹੈ। ਇਨ੍ਹਾਂ ’ਚੋਂ ਬਹੁਤ ਸਾਰੇ ਪਰਿਵਾਰ ਵਾਪਸ ਆਪਣੇ ਦੇਸ਼ ਪਰਤ ਆਏ ਹਨ ਪਰ ਵਿਦੇਸ਼ੀ ਧਰਤੀ ’ਤੇ ਜਨਮੇ ਉਨ੍ਹਾਂ ਦੇ ਬੱਚੇ ਉਥੇ ਹੀ ਪਡ਼੍ਹਾਈ ਜਾਂ ਕੰਮਕਾਜ ਕਰ ਰਹੇ ਹਨ। ਕੋਰੋਨਾ ਵਾਇਰਸ ਦੇ ਖਤਰੇ ਨੂੰ ਦੇਖਦਿਆਂ ਭਾਰਤ ਸਰਕਾਰ ਨੇ ਵਿਦੇਸ਼ੀ ਨਾਗਰਿਕਾਂ ਦੇ ਭਾਰਤ ਆਉਣ ’ਤੇ ਪਾਬੰਦੀ ਲਾਉਂਦਿਆਂ ਵੀਜ਼ਾ ਜਾਰੀ ਕਰਨ ’ਤੇ ਰੋਕ ਲਾ ਦਿੱਤੀ ਹੈ, ਜਿਸ ਕਾਰਣ ਮਾਪਿਆਂ ਦੇ ਭਾਰਤ ’ਚ ਹੋਣ ’ਤੇ ਬੱਚਿਆਂ ਦੇ ਵਿਦੇਸ਼ਾਂ ’ਚ ਹੋਣ ’ਤੇ ਮਾਪੇ ਅਤੇ ਬੱਚੇ ਦੋਵੇਂ ਹੀ ਤਣਾਅ ’ਚ ਹਨ। ਔਜਲਾ ਨੇ ਕੇਂਦਰੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੂੰ ਮੰਗ-ਪੱਤਰ ਸੌਂਪਦਿਆਂ ਮੰਗ ਕੀਤੀ ਕਿ ਵਿਦੇਸ਼ੀ ਧਰਤੀ ’ਤੇ ਜਨਮੇ ਭਾਰਤੀਆਂ ਅਤੇ ਓ. ਸੀ. ਆਈ. ਕਾਰਡ ਹੋਲਡਰਾਂ ਨੂੰ ਵੀਜ਼ੇ ਜਾਰੀ ਕੀਤੇ ਜਾਣ ਤੇ ਉਨ੍ਹਾਂ ਨੂੰ ਭਾਰਤ ’ਚ ਦਾਖਲ ਹੋਣ ਦੀ ਆਗਿਆ ’ਤੇ ਗੰਭੀਰਤਾ ਨਾਲ ਵਿਚਾਰ ਕੀਤਾ ਜਾਵੇ ਤਾਂ ਜੋ ਵਿਦੇਸ਼ੀ ਧਰਤੀ ’ਤੇ ਵਸੇ ਬੱਚੇ ਆਪਣੇੇ ਮਾਪਿਆਂ ਦੀ ਗੋਦ ਦਾ ਨਿੱਘ ਮਾਣ ਸਕਣ।


author

Bharat Thapa

Content Editor

Related News