ਮੰਦਭਾਗੀ ਖ਼ਬਰ : ਪੰਜਾਬੀ ਨੌਜਵਾਨ ਦੀ ਦੁਬਈ ’ਚ ਮੌਤ, 19 ਦਿਨਾਂ ਬਾਅਦ ਕੀਤਾ ਗਿਆ ਸਸਕਾਰ
Monday, Jun 12, 2023 - 01:38 AM (IST)
ਢੇਰ (ਗੁਰਭਾਗ ਸਿੰਘ) : ਨੌਜਵਾਨ ਵਿਦੇਸ਼ ਜਾ ਕੇ ਪੈਸੇ ਕਮਾ ਕੇ ਸੈੱਟ ਹੋਣਾ ਚਾਹੁੰਦੇ ਹਨ ਪਰ ਵਿਦੇਸ਼ ’ਚ ਵੀ ਪੈਸਾ ਕਮਾਉਣਾ ਕੋਈ ਸੌਖੀ ਗੱਲ ਨਹੀਂ। ਜਿੱਥੇ 1 ਮਈ ਨੂੰ ਤਹਿਸੀਲ ਨੰਗਲ ਦੇ ਭੱਲੜੀ ਦੇ 23 ਸਾਲ ਦੇ ਮਨਪ੍ਰੀਤ ਸਿੰਘ ਪੁੱਤਰ ਬਖ਼ਸ਼ੀਸ਼ ਸਿੰਘ ਦੀ ਦੁਬਈ ਦੇ ਰਸਲਖੇਮਾ ਵਿਚ ਸੜਕ ਹਾਦਸੇ ’ਚ ਦਰਦਨਾਕ ਮੌਤ ਹੋ ਗਈ ਸੀ, ਉਥੇ ਹੀ 22 ਮਈ ਨੂੰ ਵੀ ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡ ਢੇਰ ਦੇ ਵਸਨੀਕ ਬਲਵੀਰ ਸਿੰਘ ਪੁੱਤਰ ਰਾਮ ਲਾਲ ਦੀ ਮਸ਼ੀਨ ’ਤੇ ਕੰਮ ਕਰਨ ਸਮੇਂ ਦਰਦਨਾਕ ਮੌਤ ਹੋਈ, ਜਿਸ ਨੂੰ ਲੈ ਕੇ ਪੂਰੇ ਹਲਕੇ ’ਚ ਸੋਗ ਦੀ ਲਹਿਰ ਹੈ।
ਇਹ ਖ਼ਬਰ ਵੀ ਪੜ੍ਹੋ : ਪੰਜਾਬ ਬੰਦ ਦੇ ਸੱਦੇ ਨੂੰ ਲੈ ਕੇ ਵੱਡੀ ਖ਼ਬਰ, ਮੀਟਿੰਗ ਤੋਂ ਬਾਅਦ ਲਿਆ ਇਹ ਫ਼ੈਸਲਾ
ਦੱਸਿਆ ਜਾ ਰਿਹਾ ਹੈ ਕਿ ਬਲਵੀਰ ਸਿੰਘ, ਜਿਸ ਦੀ ਉਮਰ ਸਿਰਫ 24 ਸਾਲ ਸੀ ਤੇ ਉਹ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ। ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਤੇ ਘਰ ਦੀ ਸਾਰੀ ਜ਼ਿੰਮੇਵਾਰੀ ਬਲਵੀਰ ਦੇ ਸਿਰ ’ਤੇ ਹੀ ਸੀ। ਉਕਤ ਨੌਜਵਾਨ ਦੀ ਮਿਹਨਤ ਸਦਕਾ ਹੌਲੀ-ਹੌਲੀ ਘਰ ਦੇ ਹਾਲਾਤ ਸੁਧਰਨ ਲੱਗੇ ਤਾਂ ਇਹ ਮਾੜਾ ਭਾਣਾ ਬੀਤ ਗਿਆ ਤੇ ਚੰਗੇ ਪਰਿਵਾਰ ਦਾ ਇਕ ਹੋਰ ਜੀਅ ਇਸ ਦੁਨੀਆ ਨੂੰ ਅਲਵਿਦਾ ਆਖ ਗਿਆ। ਬਲਵੀਰ ਸਿੰਘ ਦੇ ਦੋਸਤਾਂ ਦਾ ਮੰਨਣਾ ਹੈ ਕਿ ਉਕਤ ਨੌਜਵਾਨ ਦੁਬਈ ਦੇ ਰਸਲਖੇਮਾ ਵਿਚ ਪੋਕਲੇਨ ਜੋ ਪਹਾੜ ਤੋੜਦੀ ਹੈ, ਉਥੇ ਕੰਮ ਰਿਹਾ ਸੀ। ਸਮਾਂ 22 ਮਈ ਰਾਤ ਤਕਰੀਬਨ ਸਾਡੇ 12 ਵਜੇ ਦਾ ਸੀ, ਜਿਸ ਮਗਰੋਂ ਕਰੈਸ਼ਰ ’ਤੇ ਕੰਮ ਕਰਨ ਸਮੇਂ ਇਹ ਦਰਦਨਾਕ ਹਾਦਸਾ ਵਾਪਰਿਆ ਤੇ ਕਰੀਬ 5 ਟਨ ਦਾ ਪਹਾੜ ਉਸ ਦੀ ਮਸ਼ੀਨ ’ਤੇ ਡਿੱਗ ਗਿਆ ਤੇ ਉਹ ਮਸ਼ੀਨ ਵਿਚ ਹੀ ਫਸਿਆ ਰਹਿ ਗਿਆ।
ਇਹ ਖ਼ਬਰ ਵੀ ਪੜ੍ਹੋ : ਨਸ਼ਾ ਛੁਡਾਊ ਕੇਂਦਰ ’ਚ ਨੌਜਵਾਨ ਨੂੰ ਕੁੱਟ-ਕੁੱਟ ਕੇ ਉਤਾਰਿਆ ਮੌਤ ਦੇ ਘਾਟ, ਨਹਿਰ ’ਚ ਸੁੱਟੀ ਲਾਸ਼
ਦੱਸਿਆ ਇਹ ਵੀ ਜਾ ਰਿਹਾ ਹੈ ਕਿ ਉਕਤ ਨੌਜਵਾਨ ਨੂੰ ਕੰਪਨੀ ਤੋਂ ਛੁੱਟੀ ਨਹੀਂ ਸੀ ਮਿਲ ਰਹੀ, ਤੇ ਉਸ ਨੇ ਅਸਤੀਫ਼ਾ ਦਿੱਤਾ ਹੋਇਆ ਸੀ। ਵਿਦੇਸ਼ਾਂ ਦੇ ਰੂਲ ਹਨ ਕਿ ਰਿਜ਼ਾਈਨ ਤੋਂ ਇਕ ਮਹੀਨਾ ਬਾਅਦ ਵਰਕਰ ਕੰਮ ਛੱਡ ਸਕਦੇ ਹਨ ਤੇ 27 ਮਈ ਨੂੰ ਉਸ ਦਾ ਮਹੀਨਾ ਪੂਰਾ ਹੋ ਜਾਣਾ ਸੀ ਪਰ 22 ਮਈ ਨੂੰ ਰਾਤ ਸਮੇਂ ਵਾਪਰੇ ਹਾਦਸੇ ਵਿਚ ਉਸ ਦੀ ਮੌਤ ਹੋ ਗਈ। ਅੱਜ 19 ਦਿਨਾਂ ਬਾਅਦ ਲਾਸ਼ ਪਿੰਡ ਪਹੁੰਚਣ ’ਤੇ ਸਸਕਾਰ ਕੀਤਾ ਗਿਆ। ਬਲਵੀਰ ਸਿੰਘ ਦੀ ਮੌਤ ’ਤੇ ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਅਤੇ ਵਿਧਾਇਕ ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ, ਪਿੰਡ ਢੇਰ ਦੇ ਸਮਾਜਸੇਵੀ ਸੁਰਜੀਤ ਸਿੰਘ ਢੇਰ ਤੇ ਹੋਰ ਵਿਅਕਤੀਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।