ਪੰਜਾਬੀ ਨੌਜਵਾਨ ਨੂੰ ਅਮਰੀਕਨ ਡੌਂਕੀ ਪਈ ਭਾਰੀ, ਭੁੱਖ ਪਿਆਸ ਨਾਲ ਹੋਈ ਮੌਤ (ਵੀਡੀਓ)

08/22/2018 2:44:08 PM

ਬੇਗੋਵਾਲ (ਬਬਲਾ)-ਰੋਟੀ ਰੋਜ਼ੀ ਤੇ ਚੰਗਾ ਭਵਿੱਖ ਬਣਾਉਣ ਦੀ ਤਲਾਸ਼ 'ਚ ਅਮਰੀਕਾ ਜਾਂਦੇ ਬੇਗੋਵਾਲ ਦੇ ਇਕ ਨੌਜਵਾਨ ਦੀ ਅਮਰੀਕਾ ਦੇ ਬਾਰਡਰ 'ਤੇ ਭੁੱਖ ਪਿਆਸ ਨਾਲ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ ਜਿਸ ਨਾਲ ਕਸਬਾ ਬੇਗੋਵਾਲ ਤੇ ਆਸ ਪਾਸ ਦੇ ਇਲਾਕੇ 'ਚ ਸੋਗ ਦਾ ਮਾਹੌਲ ਨਜ਼ਰ ਆ ਰਿਹਾ ਹੈ। ਇਸ ਸਬੰਧੀ ਮ੍ਰਿਤਕ ਦਵਿੰਦਰ ਇੰਦਰਪਾਲ ਸਿੰਘ ਦੇ ਪਿਤਾ ਸੁਖਵਿੰਦਰ ਸਿੰਘ ਵਾਰਡ ਨੰ. 2 ਬੇਗੋਵਾਲ ਨੇ ਭਰੇ ਮਨ ਨਾਲ ਦਸਿਆ ਕਿ ਉਨ੍ਹਾਂ ਆਪਣੇ ਲੜਕੇ ਨੂੰ ਅਮਰੀਕਾ ਭੇਜਣ ਲਈ ਇਕ ਨੇੜਲੇ ਪਿੰਡ ਦੇ ਏਜੰਟ ਨੂੰ 24 ਲੱਖ ਰੁਪਇਆ ਦਿੱਤਾ ਸੀ ਜੋ ਮੇਰੇ ਲੜਕੇ ਨੂੰ 13 ਜੂਨ ਨੂੰ ਘਰੋਂ ਲੈ ਗਿਆ। ਗਰੀਸ, ਇਟਲੀ, ਸਪੇਨ ਤੋਂ ਹੁੰਦਾ ਹੋਇਆ ਉਹ 1 ਜੁਲਾਈ ਨੂੰ ਮੈਕਸੀਕੋ ਪਹੁੰਚਿਆ । ਉਕਤ ਏਜੰਟ ਨੇ ਗਰੀਸ ਜਾਣ ਤੋਂ ਪਹਿਲਾਂ ਸਾਡੇ ਕੋਲੋਂ 10 ਲੱਖ ਰੁਪਏ ਅਡਵਾਂਸ ਲੈ ਲਏ ਸਨ ਤੇ 14 ਲੱਖ ਰੁਪਏ ਮੈਕਸੀਕੋ ਪਹੁੰਚਣ 'ਤੇ ਲੈ ਲਏ । ਇਸ ਮੌਕੇ ਮ੍ਰਿਤਕ ਦੇ ਪਿਤਾ ਨੇ ਦਸਿਆ ਕਿ 6 ਜੁਲਾਈ ਨੂੰ ਆਖਰੀ ਵਾਰ ਉਨ੍ਹਾਂ ਦੇ ਲੜਕੇ ਦੀ ਗੱਲ ਉਨ੍ਹਾਂ ਨਾਲ ਹੋਈ ਸੀ ਜਿਸ 'ਚ ਉਸ ਨੇ ਕਿਹਾ ਕਿ ਉਹ ਅਮਰੀਕਾ ਜਾ ਰਿਹਾ ਹੈ, ਉਸ ਤੋਂ ਬਾਅਦ ਮੇਰੀ ਮੇਰੇ ਲੜਕੇ ਨਾਲ ਕੋਈ ਗੱਲ ਨਹੀਂ ਹੋਈ। ਦੂਸਰੇ ਪਾਸੇ ਏਜੰਟ ਕਹਿੰਦਾ ਰਿਹਾ ਕਿ ਤੁਹਾਡਾ ਲੜਕਾ ਅਮਰੀਕਾ ਕੈਂਪ 'ਚ ਪਹੁੰਚ ਗਿਆ ਹੈ, ਕੁਝ ਦਿਨਾਂ 'ਚ ਉਸਦਾ ਫੋਨ ਆ ਜਾਵੇਗਾ। ਇਸ ਆਸ 'ਤੇ ਅਸੀਂ ਇਕ ਮਹੀਨਾ ਲੜਕੇ ਦੇ ਫੋਨ ਦਾ ਇੰਤਜ਼ਾਰ ਕਰਦੇ ਰਹੇ। ਜਦੋਂ 1 ਮਹੀਨੇ ਤੋਂ ਉਪਰ ਦਾ ਸਮਾਂ ਹੋ ਗਿਆ ਤਾਂ ਸਾਨੂੰ ਫਿਕਰ ਹੋਣ ਲੱਗ ਪਿਆ। ਬੀਤੇ ਦਿਨ ਸਾਡਾ ਫੋਨ 'ਤੇ ਸੰਪਰਕ ਇਕ ਲੜਕੀ ਨਾਲ ਹੋਇਆ ਜੋ ਉਸ ਹੀ ਗਰੁੱਪ ਨਾਲ ਅਮਰੀਕਾ ਜਾ ਰਹੀ ਸੀ।ਉਸ ਨੇ ਦਸਿਆ ਕਿ ਤੁਹਾਡਾ ਲੜਕਾ ਮੇਰੇ ਸਾਹਮਣੇ ਭੁੱਖ ਪਿਆਸ ਨਾ ਜਰਦਾ ਹੋਇਆ ਦਮ ਤੋੜ ਗਿਆ ਸੀ ਤੇ ਇਕ ਗੌਰਵ ਨਾਮੀ ਲੜਕਾ ਵੀ ਮੇਰੇ ਸਾਹਮਣੇ ਬੇਹੋਸ਼ ਹੋ ਗਿਆ ਸੀ ਜਿਸ ਤੋਂ ਬਾਅਦ ਮੈਨੂੰ ਪਤਾ ਲੱਗਾ ਕਿ ਉਸ ਦੀ ਵੀ ਮੌਤ ਹੋ ਗਈ ਸੀ । ਉਸ ਲੜਕੀ ਨੇ ਦਸਿਆ ਕਿ ਉਸਦੀ ਖੁਦ ਦੀ ਹਾਲਤ ਵੀ ਭੁੱਖ ਤੇ ਪਿਆਸ ਨਾਲ ਅਧਮੋਈ ਹੋ ਗਈ ਸੀ ਪਰ ਮੈਨੂੰ ਅਮਰੀਕਾ ਕੈਂਪ ਵਾਲਿਆਂ ਨੇ ਬਚਾ ਲਿਆ । ਅੱਜ ਇਸ ਗੱਲ ਦੀ ਅਸਲੀਅਤ ਸਾਹਮਣੇ ਆਉਂਦਿਆਂ ਹੀ ਪਰਿਵਾਰ 'ਤੇ ਕਹਿਰ ਟੁੱਟ ਪਿਆ ਤੇ ਰਰੋ ਕੇ ਸਾਰੇ ਪਰਿਵਾਰ ਦਾ ਬੁਰਾ ਹਾਲ ਹੋ ਗਿਆ । ਇਸ ਮੌਕੇ ਮ੍ਰਿਤਕ ਦੇ ਪਿਤਾ ਸੁਖਵਿੰਦਰ ਸਿੰਘ ਨੇ ਦਸਿਆ ਕਿ ਉਨ੍ਹਾਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੇ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਮ੍ਰਿਤਕ ਬੇਟੇ ਦੀ ਲਾਸ਼ ਨੂੰ ਭਾਰਤ ਲਿਆਉਣ ਦਾ ਪ੍ਰਬੰਧ ਕੀਤਾ ਜਾਵੇ।


Related News