ਧੋਖੇ ਦਾ ਸ਼ਿਕਾਰ ਪੰਜਾਬੀ ਨੌਜਵਾਨ 19 ਮਹੀਨਿਆਂ ਤੋਂ ਸਾਊਦੀ ਅਰਬ ਦੀ ਜੇਲ੍ਹ ’ਚ ਕੱਟ ਰਿਹਾ ਦਿਨ
Tuesday, Jan 31, 2023 - 11:53 PM (IST)
ਨੂਰਪੁਰਬੇਦੀ (ਅਵਿਨਾਸ਼/ਕੁਲਦੀਪ/ਤਰਨਜੀਤ)-ਇਲਾਕੇ ਦੇ ਪਿੰਡ ਮੁੰਨੇ ਦਾ ਹਰਪ੍ਰੀਤ ਸਿੰਘ ਪੁੱਤਰ ਜਰਨੈਲ ਸਿੰਘ, ਜੋ ਰੋਜ਼ੀ-ਰੋਟੀ ਦੀ ਭਾਲ ’ਚ ਕਰਜ਼ਾ ਚੁੱਕ ਕੇ ਸਾਊਦੀ ਅਰਬ ਵਿਖੇ ਡਰਾਈਵਰੀ ਕਰਨ ਗਿਆ ਸੀ, 19 ਮਹੀਨਿਆਂ ਤੋਂ ਸਾਊਦੀ ਅਰਬ ਦੀ ਜੇਲ੍ਹ ’ਚ ਬੰਦ ਹੈ। ਪਰਿਵਾਰ ਤੋਂ ਮਿਲੀ ਜਾਣਕਾਰੀ ਮੁਤਾਬਕ ਹਰਪ੍ਰੀਤ ਸਿੰਘ ਆਪਣੇ ਪਾਕਿਸਤਾਨੀ ਮਿੱਤਰ ਰਸ਼ੀਦ ਖ਼ਾਨ ਬਖ਼ਤ ਮਨੀਰ ਦੀ ਬੇਈਮਾਨੀ ਦਾ ਸ਼ਿਕਾਰ ਹੋਇਆ ਹੈ। ਪੀੜਤ ਹਰਪ੍ਰੀਤ ਸਿੰਘ ਦੀ ਮਾਤਾ ਸੁਨੀਤਾ ਦੇਵੀ ਅਤੇ ਉਸ ਦੇ ਪਿਤਾ ਜਰਨੈਲ ਸਿੰਘ ਨੇ ਦੱਸਿਆ ਕਿ ਪਰਿਵਾਰ ਵੱਲੋਂ ਆਪਣੇ ਪੁੱਤਰ ਦੀ ਰਿਹਾਈ ਨੂੰ ਲੈ ਕੇ ਸਿਆਸੀ ਆਗੂਆਂ ਤਕ ਅਣਥੱਕ ਕੋਸ਼ਿਸ਼ਾਂ ਕੀਤੀਆਂ ਪਰ ਮਸਲਾ ਜਿਉਂ ਦਾ ਤਿਉਂ ਹੀ ਬਣਿਆ ਹੋਇਆ ਹੈ।
ਇਹ ਖ਼ਬਰ ਵੀ ਪੜ੍ਹੋ : CM ਮਾਨ ਨੇ ਸਾਰੇ ਡਿਪਟੀ ਕਮਿਸ਼ਨਰਾਂ, ਐੱਸ. ਐੱਸ. ਪੀਜ਼ ਦੀ ਭਲਕੇ ਬੁਲਾਈ ਅਹਿਮ ਮੀਟਿੰਗ, ਦਿੱਤੀ ਇਹ ਹਦਾਇਤ
ਪੀੜਤ ਨੌਜਵਾਨ ਦੀ ਮਾਤਾ ਸੁਨੀਤਾ ਦੇਵੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦਾ ਪੁੱਤ ਹਰਪ੍ਰੀਤ ਸਿੰਘ 2019 ’ਚ ਸਾਊਦੀ ਵਿਖੇ ਬਿਨ ਜਾਰਾ ਗਰੁੱਪ ਆਫ ਕੰਪਨੀ ’ਚ ਬਤੌਰ ਡਰਾਈਵਰ ਕੰਮ ’ਤੇ ਲੱਗਿਆ ਸੀ, ਉਥੇ ਉਸ ਦੇ ਨਾਲ ਲੇਬਰ ’ਚ ਕੰਮ ਕਰਦੇ ਇਕ ਪਾਕਿਸਤਾਨੀ ਬੰਦੇ ਰਸ਼ੀਦ ਖ਼ਾਨ ਬਖ਼ਤ ਮਨੀਰ ਨੇ ਉਸ ਦੀ ਗੱਡੀ ’ਚ ਘਰੇਲੂ ਸਾਮਾਨ ਦੱਸ ਕੇ ਇਕ ਝੋਲਾ ਰੱਖਿਆ ਅਤੇ ਹਰਪ੍ਰੀਤ ਨੂੰ ਉਹ ਝੋਲਾ ਸਾਊਦੀ ਅਰਬ ਵਿਖੇ ਆਪਣਾ ਰਿਸ਼ਤੇਦਾਰ ਦੱਸ ਕੇ ਕਿਸੇ ਦੁਕਾਨ ’ਤੇ ਫੜਾਉਣ ਲਈ ਕਿਹਾ। ਕਾਫੀ ਸਮੇਂ ਤੋਂ ਬਾਅਦ ਉਹ ਵੀ ਦੁਕਾਨਦਾਰ ਚੋਰੀ ਕੀਤੇ ਗਏ ਤਾਂਬੇ ਦੇ ਸਾਮਾਨ ਨਾਲ ਫੜਿਆ ਗਿਆ ਤਾਂ ਉਸ ਨੇ ਹਰਪ੍ਰੀਤ ਸਿੰਘ ਦਾ ਨਾਂ ਲੈ ਕੇ ਕਿਹਾ ਕਿ ਮੈਨੂੰ ਇਹ ਝੋਲਾ ਹਰਪ੍ਰੀਤ ਸਿੰਘ ਦੇ ਕੇ ਗਿਆ ਹੈ, ਜਿਸ ਤੋਂ ਬਾਅਦ ਸਾਊਦੀ ਪੁਲਸ ਨੇ ਹਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਰਸ਼ੀਦ ਖ਼ਾਨ ਆਪਣੀ ਜ਼ਮਾਨਤ ਕਰਵਾ ਕੇ ਉਥੋਂ ਫਰਾਰ ਹੋ ਗਿਆ ਹੈ। ਪੀੜਤ ਪਰਿਵਾਰ ਨੇ ਭਾਰਤ ਸਰਕਾਰ ਤੋਂ ਉਨ੍ਹਾਂ ਦੇ ਪੁੱਤ ਨੂੰ ਵਾਪਸ ਲਿਆਉਣ ਦੀ ਮੰਗ ਕੀਤੀ ਹੈ।
ਇਹ ਖ਼ਬਰ ਵੀ ਪੜ੍ਹੋ : CM ਮਾਨ ਨੇ ਸਾਰੇ ਡਿਪਟੀ ਕਮਿਸ਼ਨਰਾਂ, ਐੱਸ. ਐੱਸ. ਪੀਜ਼ ਦੀ ਭਲਕੇ ਬੁਲਾਈ ਅਹਿਮ ਮੀਟਿੰਗ, ਦਿੱਤੀ ਇਹ ਹਦਾਇਤ