ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ 100 ਕੋਰਸਾਂ ਦੇ ਨਤੀਜੇ ਐਲਾਨੇ
Friday, Jul 14, 2017 - 05:43 AM (IST)

ਪਟਿਆਲਾ (ਜੋਸਨ) - ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਐਗਜ਼ਾਮੀਨੇਸ਼ਨ ਬ੍ਰਾਂਚ ਨੇ ਰਫਤਾਰ ਫੜ ਲਈ ਹੈ। ਕੰਟੋਰਲਰ ਐਗਜ਼ਾਮੀਨੇਸ਼ਨ ਬਲਜੀਤ ਸਿੰਘ ਸਿੱਧੂ ਦੀ ਅਗਵਾਈ ਵਿਚ ਹੋਏ ਅੱਜ ਵਿਸ਼ੇਸ਼ ਸਮਾਗਮ ਦੌਰਾਨ 100 ਕੋਰਸਾਂ ਦੇ ਨਤੀਜੇ ਡੀਨ ਅਕਾਦਮਿਕ ਮਾਮਲੇ ਡਾ. ਇੰਦਰਜੀਤ ਸਿੰਘ, ਰਜਿਸਟਰਾਰ ਡਾ. ਮਨਜੀਤ ਸਿੰਘ ਨਿੱਜਰ ਤੇ ਹੋਰ ਅਧਿਕਾਰੀਆਂ ਨੇ ਐਲਾਨ ਦਿੱਤੇ ਹਨ। ਕੰਟੋਰਲਰ ਐਗਜ਼ਾਮੀਨੇਸ਼ਨ ਬਲਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਵੱਖ-ਵੱਖ 100 ਕੋਰਸ ਦੀਆਂ ਅਪ੍ਰੈਲ/ਮਈ 2017 ਦੌਰਾਨ ਕਰਵਾਈਆਂ ਗਈਆਂ ਪ੍ਰੀਖਿਆਵਾਂ ਜੋ ਕਿ ਜੂਨ ਦੇ ਪਹਿਲੇ/ਦੂਜੇ ਹਫਤੇ ਤੱਕ ਸਮਾਪਤ ਹੋਈਆਂ ਸਨ, ਦੇ ਨਤੀਜੇ ਅੱਜ 13/7/2017 ਤੱਕ ਐਲਾਨੇ ਜਾ ਚੁੱਕੇ ਹਨ।
ਇਸ ਅਵਸਰ 'ਤੇ ਕੰਟਰੋਲਰ ਪ੍ਰੀਖਿਆਵਾਂ ਬਲਜੀਤ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਦੀ ਪ੍ਰੀਖਿਆ ਸ਼ਾਖਾ ਨੇ ਪੰਜਾਬ ਦੀਆਂ ਹੋਰ ਸਾਰੀਆਂ ਯੂਨੀਵਰਸਿਟੀਆਂ ਤੋਂ ਪਹਿਲਾਂ ਨਤੀਜੇ ਐਲਾਨੇ ਹਨ। ਇਸ ਲਈ ਪ੍ਰੀਖਿਆ ਸ਼ਾਖਾ ਦੇ ਸਮੂਹ ਅਫਸਰ/ਵਿਭਾਗਾਂ ਦੇ ਮੁਖੀ/ ਪ੍ਰਿੰਸੀਪਲ/ ਅਧਿਆਪਕ ਸਾਹਿਬਾਨ/ ਕਰਮਚਾਰੀ ਵਧਾਈ ਦੇ ਹੱਕਦਾਰ ਹਨ।
ਯੂਨੀਵਰਸਿਟੀ ਵੱਲੋਂ ਬਣਾਏ ਸ਼ਡਿਊਲ ਅਨੁਸਾਰ ਦਾਖਲਿਆਂ ਤੋਂ ਪਹਿਲਾਂ ਨਤੀਜੇ ਐਲਾਨ ਕੇ ਵਿਦਿਆਰਥੀਆਂ ਨੂੰ ਵੱਡੀ ਰਾਹਤ ਦਿੱਤੀ ਹੈ। ਇਸ ਮੌਕੇ ਡੀਨ ਅਕਾਦਮਿਕ ਮਾਮਲੇ ਡਾ. ਇੰਦਰਜੀਤ ਸਿੰਘ, ਰਜਿਸਟਰਾਰ ਡਾ. ਮਨਜੀਤ ਸਿੰਘ ਨਿੱਜਰ, ਪ੍ਰੋ. ਇੰਚਾਰਜ ਪ੍ਰੀਖਿਆਵਾਂ ਡਾ. ਗੁਰਦੀਪ ਸਿੰਘ ਬਤਰਾ ਤੇ ਡੀ. ਪੀ. ਐੱਮ. ਡਾ. ਬਲਵਿੰਦਰ ਸਿੰਘ ਟਿਵਾਣਾ ਨੇ ਸਮੂਹ ਕਰਮਚਾਰੀਆਂ, ਅਫ਼ਸਰਾਂ ਅਤੇ ਖਾਸ ਕਰ ਕੇ ਕੰਟਰੋਲਰ ਪ੍ਰੀਖਿਆਵਾਂ ਨੂੰ ਵਧਾਈ ਦਿੱਤੀ। ਇਸ ਮੌਕੇ ਕੋਆਰਡੀਨੇਟਰ (ਪ੍ਰੀਖਿਆਵਾਂ) ਸ਼ਾਂਤਾ ਦੇਵੀ, ਪ੍ਰਬੰਧਕੀ ਅਫਸਰ ਡਾ. ਪ੍ਰਭਲੀਨ ਸਿੰਘ, ਸਹਾਇਕ ਰਜਿਸਟਰਾਰ ਬਲਜਿੰਦਰ ਕੌਰ, ਪ੍ਰੋਗਰਾਮਰ ਸੁਧੀਰ ਅਰੋੜਾ, ਸਿਸਟਮ ਐਨਾਲਿਸਟ ਨਿਸ਼ਾਂਤ ਜੈਨ, ਨਿਗਰਾਨ ਵਰਿੰਦਰ ਕੁਮਾਰ, ਸਤਿੰਦਰਪਾਲ ਸਿੰਘ ਸੇਠੀ, ਸੀਨੀ. ਸਹਾਇਕ ਸ਼੍ਰੀ ਦਿਗਵੀਰ ਸਿੰਘ ਨਾਗਰਾ, ਬਲਜੀਤ ਸਿੰਘ ਖੱਟੜਾ, ਜਗਦੇਵ ਸਿੰਘ, ਸੁਖਵੀਰਪਾਲ ਸਿੰਘ, ਗਗਨ ਸ਼ਰਮਾ ਅਤੇ ਜੀ. ਏ. ਪ੍ਰੀਖਿਆਵਾਂ ਅਵਤਾਰ ਸਿੰਘ ਸ਼ਾਮਲ ਸਨ।