ਕੇਂਦਰੀ ਸਿੱਖਿਆ ਮੰਤਰੀ ਨੇ ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ 201 ਕਰੋੜ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ
Tuesday, Jul 29, 2025 - 06:50 PM (IST)

ਨਵੀਂ ਦਿੱਲੀ/ਬਠਿੰਡਾ- ਉੱਚ ਸਿੱਖਿਆ ਦੇ ਖੇਤਰ ਵਿੱਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਇੱਕ ਮਹੱਤਵਪੂਰਨ ਪਹਿਲਕਦਮੀ ਹੇਠ ਮਾਣਯੋਗ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੇ ਮੰਗਲਵਾਰ, 29 ਜੁਲਾਈ 2025 ਨੂੰ ਆਨਲਾਈਨ ਮਾਧਿਅਮ ਰਾਹੀ ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ ਵਿਖੇ 7200.99 ਕਰੋੜ ਦੀ ਲਾਗਤ ਨਾਲ ਵਿਕਸਤ ਕੀਤੇ ਜਾਣ ਵਾਲੇ ਵੱਖ-ਵੱਖ ਬੁਨਿਆਦੀ ਢਾਂਚਾ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ। ਇਹ ਸਮਾਗਮ ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਦੀ ਇੱਕ ਦੇਸ਼ ਵਿਆਪੀ ਮੁਹਿੰਮ ਦਾ ਹਿੱਸਾ ਸੀ।
ਆਨਲਾਈਨ ਨੀਂਹ ਪੱਥਰ ਰੱਖਣ ਦੀ ਰਸਮ ਨਵੀਂ ਦਿੱਲੀ ਵਿੱਚ ਆਯੋਜਿਤ ਆਲ ਇੰਡੀਆ ਐਜੂਕੇਸ਼ਨ ਕਨਕਲੇਵ 2025 (ਏ.ਬੀ.ਐੱਸ.ਐੱਸ.-2025) ਦੌਰਾਨ ਹੋਈ, ਜੋ ਕਿ ਰਾਸ਼ਟਰੀ ਸਿੱਖਿਆ ਨੀਤੀ (ਐਨਈਪੀ) 2020 ਦੀ ਪੰਜਵੀਂ ਵਰ੍ਹੇਗੰਢ ਨੂੰ ਮਨਾਉਣ ਲਈ ਆਯੋਜਿਤ ਕੀਤੀ ਗਈ ਸੀ। ਇਸ ਮੌਕੇ ਮਾਣਯੋਗ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੇ ਜਯੰਤ ਚੌਧਰੀ (ਕੇਂਦਰੀ ਰਾਜ ਮੰਤਰੀ, ਸਿੱਖਿਆ ਅਤੇ ਕੌਸ਼ਲ ਵਿਕਾਸ) ਅਤੇ ਡਾ. ਸੁਕਾਂਤ ਮਜੂਮਦਾਰ (ਕੇਂਦਰੀ ਰਾਜ ਮੰਤਰੀ, ਸਿੱਖਿਆ) ਦੀ ਹਾਜ਼ਰੀ ਵਿੱਚ ਨਵੇਂ ਬੁਨਿਆਦੀ ਢਾਂਚਾ ਨਿਰਮਾਣ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ। ਇਸ ਮਹੱਤਵਪੂਰਨ ਸਮਾਰੋਹ ਵਿੱਚ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੀ ਮੌਜੂਦ ਸਨ। ਦਿੱਲੀ ਵਿੱਚ ਹੋਏ ਰਾਸ਼ਟਰੀ ਸਮਾਗਮ ਵਿੱਚ ਸੀਯੂ ਪੰਜਾਬ ਦੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਵੀ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ।
ਇਸ ਦੌਰਾਨ ਜ਼ਿਲ੍ਹਾ ਬਠਿੰਡਾ ਦੇ ਪਿੰਡ ਘੁੱਦਾ ਵਿਖੇ ਸਥਿਤ ਸੀਯੂ ਪੰਜਾਬ ਦੇ ਮੁੱਖ ਕੈਂਪਸ ਵਿੱਚ ਇੱਕ ਸਮਾਨਾਂਤਰ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿੱਥੇ ਯੂਨੀਵਰਸਿਟੀ ਦੇ ਪ੍ਰੋ. ਵਾਈਸ-ਚਾਂਸਲਰ ਪ੍ਰੋ. ਕਿਰਨ ਹਜ਼ਾਰਿਕਾ ਦੀ ਅਗਵਾਈ ਹੇਠ ਯੂਨੀਵਰਸਿਟੀ ਦੇ ਅਧਿਕਾਰੀਆਂ, ਅਧਿਆਪਕਾਂ, ਕਰਮਚਾਰੀਆਂ ਅਤੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਨੀਂਹ ਪੱਥਰ ਸਮਾਰੋਹ ਦੇ ਲਾਈਵ ਆਨਲਾਈਨ ਪ੍ਰਸਾਰਣ ਵਿੱਚ ਭਾਗ ਲਿਆ।
ਇਸ ਸਮਾਗਮ ਦੌਰਾਨ, ਮਾਨਯੋਗ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੇ ਉੱਚ ਸਿੱਖਿਆ ਵਿੱਤ ਏਜੰਸੀ (ਹੈਫ਼ਾ) ਦੁਆਰਾ ਵਿੱਤ-ਪੋਸ਼ਿਤ ਹੇਠ ਲਿਖੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦਾ ਆਨਲਾਈਨ ਮਾਧਿਅਮ ਰਾਹੀਂ ਨੀਂਹ ਪੱਥਰ ਰੱਖਿਆ:
ਅਕਾਦਮਿਕ ਬਲਾਕ — 20,642 ਵਰਗ ਮੀਟਰ
600 ਸੀਟਾਂ ਵਾਲਾ ਲੜਕਿਆਂ ਦਾ ਹੋਸਟਲ -9,733 ਵਰਗ ਮੀਟਰ
400 ਸੀਟਾਂ ਵਾਲਾ ਲੜਕੀਆਂ ਦਾ ਹੋਸਟਲ — 7,289 ਵਰਗ ਮੀਟਰ
100 ਸੀਟਾਂ ਵਾਲਾ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਹੋਸਟਲ — 2,355 ਵਰਗ ਮੀਟਰ
ਵਾਈਸ ਚਾਂਸਲਰ ਨਿਵਾਸ 393 ਵਰਗ ਮੀਟਰ
ਇਨ੍ਹਾਂ ਵਿੱਚੋਂ ਕਈ ਇਮਾਰਤਾਂ ਨੂੰ ਗ੍ਰਿਹਾ-IV ਦੇ ਮਿਆਰਾਂ ਅਨੁਸਾਰ ਤਿਆਰ ਕੀਤਾ ਜਾਵੇਗਾ, ਜਿਨ੍ਹਾਂ ਵਿੱਚ ਵਾਤਾਵਰਣ-ਅਨੁਕੂਲਤਾ, ਊਰਜਾ-ਕੁਸ਼ਲਤਾ ਅਤੇ ਟਿਕਾਊ-ਵਿਕਾਸ ਦੀਆਂ ਵਿਸ਼ੇਸ਼ਤਾਵਾਂ ਸ਼ਾਮਲ ਹਨ - ਜਿਵੇਂ ਕਿ ਸੈਂਸਰ-ਅਧਾਰਤ ਰੋਸ਼ਨੀ, ਸੂਰਜੀ ਊਰਜਾ ਪ੍ਰਣਾਲੀਆਂ, ਭੂਚਾਲ-ਰੋਧਕ ਢਾਂਚਾ, ਜ਼ੀਰੋ-ਵੇਸਟ ਪਾਣੀ ਪ੍ਰਣਾਲੀ, ਅਤੇ ਅੰਗਹੀਣਾਂ ਲਈ ਸੌਖੀ ਪਹੁੰਚ ਆਦਿ।
ਸਮਾਗਮ ਨੂੰ ਸੰਬੋਧਨ ਕਰਦੇ ਹੋਏ ਮਾਣਯੋਗ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੇ ਪੰਜਾਬ ਕੇਂਦਰੀ ਯੂਨੀਵਰਸਿਟੀ ਨੂੰ ਨਵੇਂ ਬੁਨਿਆਦੀ ਢਾਂਚੇ ਦੇ ਨੀਂਹ ਪੱਥਰ ਰੱਖਣ ਅਤੇ ਰਾਸ਼ਟਰੀ ਸਿੱਖਿਆ ਨੀਤੀ 2020 ਦੀ ਪੰਜਵੀਂ ਵਰ੍ਹੇਗੰਢ ਦੀ ਸ਼ਾਨਦਾਰ ਪ੍ਰਾਪਤੀ 'ਤੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੂਰਦਰਸ਼ੀ ਅਗਵਾਈ ਹੇਠ ਸਿੱਖਿਆ ਭਾਰਤ ਦੀ ਵਿਕਾਸ ਯਾਤਰਾ ਦਾ ਮੂਲ ਕੇਂਦਰ ਬਣ ਚੁੱਕੀ ਹੈ। ਐਨਈਪੀ 2020 ਨੇ ਕਲਾਸਰੂਮ ਤੋਂ ਕੈਂਪਸ ਅਤੇ ਕਮਿਊਨਿਟੀ ਤੱਕ ਠੋਸ ਪ੍ਰਭਾਵ ਛੱਡੇ ਹਨ। ਉਨ੍ਹਾਂ ਨੇ ਉੱਚ ਸਿੱਖਿਆ ਸੰਸਥਾਵਾਂ ਦੀ ਸਰਗਰਮ ਭੂਮਿਕਾ ਦੀ ਪ੍ਰਸੰਸਾ ਕੀਤੀ ਜੋ ਬਹੁ-ਅਨੁਸ਼ਾਸਨੀ ਸਿੱਖਿਆ, ਡਿਜੀਟਲ ਪਹੁੰਚ, ਹੁਨਰ ਵਿਕਾਸ ਅਤੇ ਸਰਬਪੱਖੀ ਸਿੱਖਿਆ ਨੂੰ ਉਤਸ਼ਾਹਿਤ ਕਰ ਰਹੀਆਂ ਹਨ।
ਉਨ੍ਹਾਂ ਨੇ ਯੂਨੀਵਰਸਿਟੀ ਵੱਲੋਂ ਖੋਜ, ਨਵੀਨਤਾ ਅਤੇ ਬਹੁ-ਅਨੁਸ਼ਾਸਨੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਵਾਲੇ ਯਤਨਾਂ ਦੀ ਭਾਰੀ ਪ੍ਰਸੰਸਾ ਕੀਤੀ। ਉਨ੍ਹਾਂ ਨੇ ਡਿਜੀਟਲ ਸਮਾਵੇਸ਼, ਹੁਨਰ ਵਿਕਾਸ ਅਤੇ ਸਮਾਵੇਸ਼ੀ ਸਿੱਖਿਆ 'ਚ ਯੂਨੀਵਰਸਿਟੀ ਦੀ ਭੂਮਿਕਾ ਨੂੰ ਖਾਸ ਤੌਰ 'ਤੇ ਉਜਾਗਰ ਕੀਤਾ। ਉਨ੍ਹਾਂ ਨੇ ਨਿਪੁੰਨ ਭਾਰਤ ਮਿਸ਼ਨ ਵਰਗੀਆਂ ਪਹਿਲਕਦਮੀਆਂ ਰਾਹੀਂ ਪੇਂਡੂ ਸਿੱਖਿਆ ਦੇ ਨਤੀਜਿਆਂ ਵਿੱਚ ਹੋਏ ਮਹੱਤਵਪੂਰਨ ਸੁਧਾਰਾਂ ਨੂੰ ਉਜਾਗਰ ਕੀਤਾ ਅਤੇ ਜ਼ੋਰ ਦਿੱਤਾ ਕਿ ਇਹ ਤਰੱਕੀ ਅਧਿਆਪਕਾਂ, ਵਿਦਿਆਰਥੀਆਂ, ਸੰਸਥਾਵਾਂ ਅਤੇ ਰਾਜ ਸਰਕਾਰਾਂ ਦੇ ਸਮੂਹਿਕ ਯਤਨਾਂ ਦਾ ਨਤੀਜਾ ਹੈ।
ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਯੂਨੀਵਰਸਿਟੀ ਨੂੰ ਹੈਫਾ ਗ੍ਰਾਂਟ ਤੋਂ ਇਹ ਸਹਾਇਤਾ ਪ੍ਰਦਾਨ ਕਰਨ ਲਈ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮਾਣਯੋਗ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦਾ ਧੰਨਵਾਦ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਇਹ ਸਹਾਇਤਾ ਯੂਨੀਵਰਸਿਟੀ ਨੂੰ ਅਧਿਆਪਨ, ਖੋਜ ਅਤੇ ਵਿਦਿਆਰਥੀ ਭਲਾਈ ਦੇ ਖੇਤਰ ਵਿੱਚ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਇੱਕ ਵਿਸ਼ਵ ਪੱਧਰੀ ਸੰਸਥਾ ਵਿੱਚ ਬਦਲਣ ਵੱਲ ਮਦਦ ਕਰੇਗੀ।
ਇਹ ਨਵੀਨਤਾਕਾਰੀ ਪ੍ਰੋਜੈਕਟ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੂੰ ਮਿਆਰੀ ਉੱਚ ਸਿੱਖਿਆ ਪ੍ਰਦਾਨ ਕਰਨ ਲਈ ਯੂਨੀਵਰਸਿਟੀ ਦੀ ਸਮਰੱਥਾ ਨੂੰ ਵਧਾਉਣਗੇ। ਇਸ ਤੋਂ ਇਲਾਵਾ, ਇਹ ਪਹਿਲਕਦਮੀ ਸਥਿਰਤਾ, ਨਵੀਨਤਾ ਅਤੇ ਸੰਪੂਰਨ ਵਿਕਾਸ ਨੂੰ ਉਤਸ਼ਾਹਿਤ ਕਰਕੇ ਦੇਸ਼ ਦੇ ਚੋਟੀ ਦੇ ਵਿਦਿਅਕ ਅਦਾਰਿਆਂ ਵਿੱਚ ਪੰਜਾਬ ਕੇਂਦਰੀ ਯੂਨੀਵਰਸਿਟੀ ਦੀ ਸਥਿਤੀ ਨੂੰ ਹੋਰ ਮਜ਼ਬੂਤ ਕਰੇਗੀ।