ਇੰਟੈਲੀਜੈਂਸ ਦਫ਼ਤਰ ’ਚ ਧਮਾਕਾ ਮਾਮਲੇ ’ਚ ਮੁਲਜ਼ਮ ਨੂੰ ਪਟਿਆਲਾ ਜੇਲ੍ਹ ’ਚ ਤਬਦੀਲ ਕਰਨ ਦੇ ਹੁਕਮ

Monday, Jul 21, 2025 - 02:34 PM (IST)

ਇੰਟੈਲੀਜੈਂਸ ਦਫ਼ਤਰ ’ਚ ਧਮਾਕਾ ਮਾਮਲੇ ’ਚ ਮੁਲਜ਼ਮ ਨੂੰ ਪਟਿਆਲਾ ਜੇਲ੍ਹ ’ਚ ਤਬਦੀਲ ਕਰਨ ਦੇ ਹੁਕਮ

ਮੋਹਾਲੀ (ਜੱਸੀ) : 9 ਮਈ, 2022 ਦੀ ਦੇਰ ਸ਼ਾਮ ਨੂੰ ਮੋਹਾਲੀ ਵਿਚਲੇ ਸਟੇਟ ਪੁਲਸ ਇੰਟੈਲੀਜੈਂਸ ਦਫ਼ਤਰ ’ਚ ਧਮਾਕਾ ਕਰਨ ਦੇ ਮਾਮਲੇ ’ਚ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਦੀ ਅਦਾਲਤ ਨੇ ਮੁਲਜ਼ਮ ਦਿਵਿਆਂਸ਼ੂ ਨੂੰ ਦਿੱਲੀ ਦੀ ਤਿਹਾੜ ਜੇਲ੍ਹ ’ਚੋਂ ਪਟਿਆਲਾ ਜੇਲ੍ਹ ’ਚ ਤਬਦੀਲ ਕਰਨ ਦੇ ਹੁਕਮ ਦਿੱਤੇ ਹਨ। ਮੋਹਾਲੀ ਵਿਚਲੀ ਅਦਾਲਤ ’ਚ ਡਿਪਟੀ ਸੁਪਰਡੈਂਟ ਕੇਂਦਰੀ ਜੇਲ੍ਹ ਨੰਬਰ 5, ਤਿਹਾੜ (ਨਵੀਂ ਦਿੱਲੀ) ਵਲੋਂ ਇਕ ਅਰਜ਼ੀ ਭੇਜੀ ਗਈ ਹੈ ਕਿ ਇਸ ਮਾਮਲੇ ’ਚ ਮੁਲਜ਼ਮ ਦਿਵਿਆਂਸ਼ੂ ਨੂੰ ਦਿੱਲੀ ਦੇ ਸਾਰੇ ਮਾਮਲਿਆਂ ਵਿਚ ਜਾਂ ਤਾਂ ਬਰੀ ਕੀਤਾ ਗਿਆ ਹੈ ਜਾਂ ਉਹ ਜ਼ਮਾਨਤ ’ਤੇ ਹੈ ਅਤੇ ਦੋ ਮਾਮਲੇ ਪੰਜਾਬ ’ਚ ਵਿਚਾਰ ਅਧੀਨ ਹਨ, ਜਿਨ੍ਹਾਂ ’ਚੋਂ ਇਕ ਅੰਮ੍ਰਿਤਸਰ ਤੇ ਦੂਜਾ ਮੋਹਾਲੀ ’ਚ ਲਟਕਿਆ ਹੋਇਆ ਹੈ।

ਇਸ ਲਈ ਉਸ ਨੂੰ ਪੰਜਾਬ ਦੀ ਕਿਸੇ ਜੇਲ੍ਹ ’ਚ ਰੱਖਿਆ ਜਾਵੇ। ਉਧਰ ਅਦਾਲਤ ਵਲੋਂ ਇਸ ਮਾਮਲੇ ’ਚ ਨਾਮਜ਼ਦ ਗੁਰਪਿੰਦਰ ਸਿੰਘ ਉਰਫ਼ ਪਿੰਦਾ, ਨਿਸ਼ਾਨ ਸਿੰਘ, ਚੜ੍ਹਤ ਸਿੰਘ, ਵਿਕਾਸ ਕੁਮਾਰ ਅਤੇ ਬਲਜਿੰਦਰ ਸਿੰਘ ਰੈਂਬੋ ਨੂੰ ਜੇਲ੍ਹ ਅਧਿਕਾਰੀਆਂ ਵਲੋਂ ਅਦਾਲਤ ’ਚ ਪੇਸ਼ ਨਾ ਕਰਨ ’ਤੇ ਉਨ੍ਹਾਂ ਦੇ 19 ਅਗਸਤ ਲਈ ਪ੍ਰੋਡਕਸ਼ਨ ਵਾਰੰਟ ਜਾਰੀ ਕੀਤੇ ਗਏ ਹਨ।


author

Babita

Content Editor

Related News