ਬਠਿੰਡਾ ਜ਼ਿਲ੍ਹੇ ''ਚ ਪੰਚਾਂ ਦੀ ਚੋਣ ਲਈ ਭਲਕੇ ਹੋਵੇਗੀ ਵੋਟਿੰਗ, ਸ਼ਾਮ ਨੂੰ ਐਲਾਨੇ ਜਾਣਗੇ ਨਤੀਜੇ
Saturday, Jul 26, 2025 - 05:24 PM (IST)

ਬਠਿੰਡਾ (ਵਿਜੈ ਵਰਮਾ) : ਜ਼ਿਲ੍ਹੇ 'ਚ ਤਿੰਨ ਪੰਚ ਉਮੀਦਵਾਰਾਂ ਲਈ ਭਲਕੇ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਿੰਗ ਹੋਵੇਗੀ। ਇਨ੍ਹਾਂ ਉਮੀਦਵਾਰਾਂ 'ਚ ਬਲਾਕ ਫੂਲ ਦੇ ਪਿੰਡ ਟੱਲਵਾਲੀ ਦੇ ਵਾਰਡ ਨੰਬਰ-2, ਬਲਾਕ ਭਗਤਾ ਭਾਈਕਾ ਦੇ ਪਿੰਡ ਹਮੀਰਗੜ੍ਹ ਦੇ ਵਾਰਡ ਨੰਬਰ-3 ਅਤੇ ਬਲਾਕ ਬਠਿੰਡਾ ਦੇ ਪਿੰਡ ਦਿਉਣ ਦੇ ਵਾਰਡ ਨੰਬਰ-2 'ਤੇ ਵੋਟਿੰਗ ਹੋਵੇਗੀ ਅਤੇ ਇਸੇ ਦਿਨ ਹੀ ਵੋਟਿੰਗ ਉਪਰੰਤ ਨਤੀਜੇ ਐਲਾਨੇ ਜਾਣਗੇ। ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਨੇ ਸਾਂਝੀ ਕੀਤੀ।
ਜ਼ਿਲ੍ਹਾ ਚੋਣ ਅਫ਼ਸਰ ਨੇ ਅੱਗੇ ਦੱਸਿਆ ਕਿ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦੇ 46 ਵਾਰਡਾਂ 'ਚ ਪੰਚ ਦੀ ਚੋਣ ਹੋਣੀ ਸੀ, ਜਿਨ੍ਹਾਂ ਵਿੱਚੋਂ 4 ਵਾਰਡਾਂ (ਬਲਾਕ ਤਲਵੰਡੀ ਸਾਬੋ ਦੇ ਪਿੰਡ ਲੈਲੇਵਾਲਾ ਦੇ ਵਾਰਡ ਨੰਬਰ 3, ਬਲਾਕ ਨਥਾਣਾ ਦੇ ਪਿੰਡ ਚੱਕ ਬਖਤੂ ਦੇ ਵਾਰਡ ਨੰਬਰ 3, ਬਲਾਕ ਰਾਮਪੁਰਾ ਦੇ ਪਿੰਡ ਕੋਟੜਾ ਕੋੜਾ ਦੇ ਵਾਰਡ ਨੰਬਰ 4 ਅਤੇ ਰਾਮਪੁਰਾ ਦੇ ਹੀ ਪਿੰਡ ਭੂੰਦੜ ਦੇ ਵਾਰਡ ਨੰਬਰ 1) ਵਿਖੇ ਕਿਸੇ ਵੀ ਉਮੀਦਵਾਰ ਵੱਲੋਂ ਨਾਮਜ਼ਦਗੀ ਪੱਤਰ ਨਹੀਂ ਭਰੇ ਗਏ ਸਨ। ਉਨ੍ਹਾਂ ਅੱਗੇ ਦੱਸਿਆ ਕਿ ਬਾਕੀ ਰਹਿੰਦੇ 42 ਵਾਰਡਾਂ ਵਿੱਚੋਂ 39 ਵਾਰਡ ਅਜਿਹੇ ਸਨ, ਜਿੱਥੇ ਸਿਰਫ਼ ਇਕ-ਇਕ ਹੀ ਉਮੀਦਵਾਰ ਚੋਣ ਮੈਦਾਨ 'ਚ ਰਹਿ ਗਿਆ ਸੀ, ਜੋ ਕਿ ਸਾਰੇ 39 ਉਮੀਦਵਾਰ ਬਿਨ੍ਹਾਂ ਚੋਣ ਲੜੇ ਜੇਤੂ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਤਿੰਨ ਵਾਰਡਾਂ ਲਈ 874 ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ, ਜਿਨ੍ਹਾਂ ਵਿੱਚ 480 ਮਰਦ ਅਤੇ 394 ਔਰਤਾਂ ਸ਼ਾਮਲ ਹਨ।