ਕਿਸਾਨਾਂ ਦੇ ਹੱਕ 'ਚ ਸਿੱਧੂ ਮੂਸੇ ਵਾਲਾ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨ 'ਚ ਅਚਾਨਕ ਮਚੀ ਹਫੜਾ-ਦਫੜੀ, ਜਾਣੋ ਕਾਰਨ

Saturday, Sep 26, 2020 - 09:43 AM (IST)

ਕਿਸਾਨਾਂ ਦੇ ਹੱਕ 'ਚ ਸਿੱਧੂ ਮੂਸੇ ਵਾਲਾ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨ 'ਚ ਅਚਾਨਕ ਮਚੀ ਹਫੜਾ-ਦਫੜੀ, ਜਾਣੋ ਕਾਰਨ

ਮਾਨਸਾ (ਸੰਦੀਪ ਮਿੱਤਲ) - ਕੇਂਦਰ ਸਰਕਾਰ ਵਲੋਂ ਜਾਰੀ ਕੀਤੇ ਖੇਤੀ ਆਰਡੀਨੈਂਸਾਂ ਦੇ ਖਿਲਾਫ਼ ਪੰਜਾਬ ਦੀਆਂ 31 ਜਥੇਬੰਦੀਆਂ ਵਲੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਜਿੱਥੇ ਪੰਜਾਬੀਆਂ ਵਲੋਂ ਪੂਰਨ ਸਮਰਥਨ ਦਿੱਤਾ ਗਿਆ। ਸਥਾਨਕ ਰਮਦਿੱਤਾ ਕੈਂਚੀਆਂ ਵਿਖੇ ਪੰਜਾਬ ਦੇ ਪ੍ਰਸਿੱਧ ਗਾਇਕ ਸਿੱਧੂ ਮੂਸੇ ਵਾਲਾ, ਅੰਮ੍ਰਿਤ ਮਾਨ, ਕੋਰਾਲਾ ਮਾਨ, ਆਰ. ਨੇਤ ਅਤੇ ਹੋਰਨਾਂ ਕਲਾਕਾਰਾਂ ਵਲੋਂ ਕਿਸਾਨਾਂ ਦੇ ਹੱਕ ’ਚ ਕੇਂਦਰ ਸਰਕਾਰ ਵਿਰੁੱਧ ਕੀਤੇ ਪ੍ਰਦਰਸ਼ਨ ਦੌਰਾਨ ਇਕ ਵਿਅਕਤੀ ਦਾ ਪਿਸਤੌਲ ਚੋਰੀ ਹੋਣ ਦਾ ਸਮਾਚਾਰ ਮਿਲਿਆ ਹੈ ਅਤੇ ਕਈ ਹੋਰਾਂ ਦੇ ਪਰਸ ਅਤੇ ਮੋਬਾਇਲ ਵੀ ਗਾਇਬ ਹੋ ਗਏ।
PunjabKesari
ਜਾਣਕਾਰੀ ਮੁਤਾਬਕ ਕਿਸਾਨਾਂ ਦੇ ਹੱਕ ’ਚ ਕੀਤੇ ਜਾ ਰਹੇ ਪ੍ਰਦਰਸ਼ਨ ਦੌਰਾਨ ਸੁਖਪਾਲ ਸਿੰਘ ਪੁੱਤਰ ਨਿੱਕਾ ਸਿੰਘ ਪਿੰਡ ਕੋਟਦੁਨਾ ਜ਼ਿਲਾ ਬਰਨਾਲਾ ਵਿਸ਼ੇਸ਼ ਤੌਰ ’ਤੇ ਆਪਣੀ ਕਾਰ ਰਾਹੀਂ ਪਹੁੰਚਿਆ ਅਤੇ ਉਹ ਆਪਣਾ ਪਿਸਤੌਲ ਕਾਰ ’ਚ ਰੱਖ ਕੇ ਪ੍ਰਦਰਸ਼ਨ ’ਚ ਸ਼ਾਮਲ ਹੋ ਗਿਆ ਪਰ ਜਦੋਂ ਵਾਪਸ ਆਇਆ ਤਾਂ ਉਸ ਦਾ ਪਿਸਤੌਲ ਕਾਰ ’ਚੋਂ ਗਾਇਬ ਸੀ। ਇਸ ਤੋਂ ਬਾਅਦ ਚਾਰੇ ਪਾਸੇ  ਹਫੜਾ-ਦਫੜੀ ਮਚ ਗਈ। ਥਾਣਾ ਸਿਟੀ 1 ਮਾਨਸਾ ਦੀ ਪੁਲਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।

ਦੱਸਣਯੋਗ ਹੈ ਕਿ ਕਈ ਨਾਮੀ ਗਾਇਕਾਂ ਨੇ ਪਹੁੰਚ ਕੇ ਕਿਸਾਨਾਂ ਦੇ ਹੱਕ ’ਚ ਹਾਂ ਦਾ ਨਾਅਰਾ ਮਾਰਿਆ। ਇਸ ਮੌਕੇ ਉਮੜੇ ਲੋਕਾਂ ਦੇ ਜਨਸੈਲਾਬ ਨੂੰ ਸੰਬੋਧਨ ਕਰਦਿਆਂ ਕਲਾਕਾਰਾਂ ਨੇ ਰਾਸ਼ਟਰਪਤੀ ਤੋਂ ਮੰਗ ਕੀਤੀ ਕਿ ਉਹ ਇਨ੍ਹਾਂ ਬਿੱਲਾਂ ਨੂੰ ਤੁਰੰਤ ਰੱਦ ਕਰਨ। ਸਿੱਧੂ ਮੂਸੇ ਵਾਲਾ, ਅੰਮ੍ਰਿਤ ਮਾਨ, ਕੋਰਾਲਾ ਮਾਨ, ਆਰ. ਨੇਤ ਤੋਂ ਇਲਾਵਾ ਇਸ ਧਰਨੇ ’ਚ ਭਾਨਾ ਸਿੱਧੂ, ਬਲਕਾਰ ਅਣਖੀਲਾ, ਗੁਲਾਬ ਸਿੱਧੂ ਆਦਿ ਕਈ ਕਲਾਕਾਰਾਂ ਨੇ ਇੱਥੋਂ ਦੇ ਰਮਦਿੱਤਾ ਚੌਕ ਵਿਖੇ ਪਹੁੰਚ ਕੇ ਉਮੜੇ ਲੋਕਾਂ ਨੂੰ ਜਨਸੈਲਾਬ ਨੂੰ ਸੰਬੋਧਨ ਕੀਤਾ। ਇਸ ਮੌਕੇ ਕਲਾਕਾਰਾਂ ਨੇ ਇਕ ਸੁਰ ’ਚ ਕਿਹਾ ਕਿ ਜੇਕਰ ਇਹ ਬਿੱਲ ਵਾਪਸ ਨਾ ਲਏ ਗਏ ਤਾਂ ਉਹ ਕਿਸਾਨਾਂ ਦੇ ਹਰ ਸੰਘਰਸ਼ ’ਚ ਵਧ ਚੜ੍ਹ ਕੇ ਹਿੱਸਾ ਲੈਣਗੇ।


author

sunita

Content Editor

Related News