ਗੁਰਦੁਆਰਾ ਮੰਜੀ ਸਾਹਿਬ 'ਚ ਗੋਲੀਬਾਰੀ ਕਰਨ ਵਾਲੇ ਸ਼ੂਟਰ ਦੀ ਅਚਾਨਕ ਮੌਤ

Tuesday, Nov 03, 2026 - 09:40 PM (IST)

ਗੁਰਦੁਆਰਾ ਮੰਜੀ ਸਾਹਿਬ 'ਚ ਗੋਲੀਬਾਰੀ ਕਰਨ ਵਾਲੇ ਸ਼ੂਟਰ ਦੀ ਅਚਾਨਕ ਮੌਤ

ਲੁਧਿਆਣਾ/ਹਲਵਾਰਾ (ਰਾਜ, ਲਾਡੀ ਸਿੱਧੂ) : ਨੇੜਲੇ ਪਿੰਡ ਰਾਜੋਆਣਾ ਕਲਾਂ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਹੋਈ ਗੋਲੀਬਾਰੀ ਦੀ ਵਾਰਦਾਤ ਵਿਚ ਪੁਲਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਮੁੱਖ ਮੁਲਜ਼ਮ ਦੀ ਹਿਰਾਸਤ ਦੌਰਾਨ ਮੌਤ ਹੋਣ ਨਾਲ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ। ਮੁਲਜ਼ਮ ਰਾਜ ਸਿੰਘ ਉਰਫ਼ ਰਾਜੂ ਨੇ ਲੁਧਿਆਣਾ ਦੇ ਇਕ ਨਿੱਜੀ ਹਸਪਤਾਲ ਵਿਚ ਇਲਾਜ ਦੌਰਾਨ ਦਮ ਤੋੜ ਦਿੱਤਾ। ਉਸ ਦੀ ਮੌਤ ਦੇ ਕਾਰਨਾਂ ਨੂੰ ਲੈ ਕੇ ਅਜੇ ਸਥਿਤੀ ਸਪੱਸ਼ਟ ਨਹੀਂ ਹੋ ਸਕੀ। ਪੁਲਸ ਵੱਲੋਂ ਮਾਮਲੇ ਦੀ ਕਾਨੂੰਨੀ ਪ੍ਰਕਿਰਿਆ ਤਹਿਤ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਲੁਧਿਆਣਾ ਦਿਹਾਤੀ ਪੁਲਸ ਅਤੇ ਕਾਊਂਟਰ ਇੰਟੈਲੀਜੈਂਸ ਦੀਆਂ ਸਾਂਝੀਆਂ ਟੀਮਾਂ ਨੇ ਸੋਮਵਾਰ ਨੂੰ ਮੁੱਖ ਮੁਲਜ਼ਮ ਰਾਜ ਸਿੰਘ ਉਰਫ਼ ਰਾਜੂ ਨੂੰ ਗ੍ਰਿਫ਼ਤਾਰ ਕੀਤਾ ਸੀ। ਉਸ ਦੀ ਗ੍ਰਿਫ਼ਤਾਰੀ ਸਬੰਧੀ ਜ਼ਿਲ੍ਹਾ ਪੁਲਸ ਮੁਖੀ ਡਾ. ਅੰਕੁਰ ਗੁਪਤਾ ਵੱਲੋਂ ਪ੍ਰੈੱਸ ਕਾਨਫ਼ਰੰਸ ਕਰਕੇ ਜਾਣਕਾਰੀ ਵੀ ਸਾਂਝੀ ਕੀਤੀ ਗਈ ਸੀ। ਗ੍ਰਿਫ਼ਤਾਰੀ ਤੋਂ ਬਾਅਦ ਥਾਣਾ ਸੁਧਾਰ ਦੀ ਪੁਲਸ ਨੇ ਉਸ ਨੂੰ ਆਪਣੀ ਹਿਰਾਸਤ ਵਿਚ ਲੈ ਲਿਆ ਸੀ। 

ਇਹ ਵੀ ਪੜ੍ਹੋ : ਲੁਧਿਆਣਾ 'ਚ ਥਾਰ ਸਵਾਰ ਨੌਜਵਾਨ 'ਤੇ ਤਾਬੜਤੋੜ ਗੋਲੀਬਾਰੀ, ਫਟੇ ਟਾਇਰਾਂ ਨਾਲ ਭਜਾਈ ਗੱਡੀ

ਦੱਸਿਆ ਜਾਂਦਾ ਹੈ ਕਿ ਕੁਝ ਸਮੇਂ ਬਾਅਦ ਹੀ ਉਸ ਨੇ ਘਬਰਾਹਟ ਅਤੇ ਸਿਹਤ ਖ਼ਰਾਬ ਹੋਣ ਦੀ ਸ਼ਿਕਾਇਤ ਕੀਤੀ, ਜਿਸ ’ਤੇ ਪੁਲਸ ਉਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਸੁਧਾਰ ਲੈ ਕੇ ਪਹੁੰਚੀ। ਉੱਥੇ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਲੁਧਿਆਣਾ ਰੈਫ਼ਰ ਕਰ ਦਿੱਤਾ, ਜਿੱਥੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮੌਤ ਦੀ ਪੁਸ਼ਟੀ ਹੋਣ ਤੋਂ ਬਾਅਦ ਪੁਲਸ ਵਿਭਾਗ ਵਿਚ ਵੀ ਹਲਚਲ ਪੈਦਾ ਹੋ ਗਈ ਹੈ। ਪੁਲਸ ਵੱਲੋਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਉਧਰ ਮੌਤ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਡਿਊਟੀ ਮੈਜਿਸਟ੍ਰੇਟ ਦੀ ਮੌਜੂਦਗੀ ਵਿਚ ਅਤੇ ਪੂਰੀ ਵੀਡੀਓਗ੍ਰਾਫ਼ੀ ਕਰਵਾਉਂਦਿਆਂ ਪੋਸਟਮਾਰਟਮ ਕਰਵਾਇਆ ਜਾਵੇਗਾ। ਪੋਸਟਮਾਰਟਮ ਦੀ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਬਾਰੇ ਸਥਿਤੀ ਸਪੱਸ਼ਟ ਹੋ ਸਕੇਗੀ।

ਇਹ ਵੀ ਪੜ੍ਹੋ : Big Breaking: ਲੱਖਾ ਸਿਧਾਣਾ ਨੂੰ ਆਇਆ ਹਾਰਟ ਅਟੈਕ! ਅਦਾਲਤ ਤੋਂ ਮੰਗੀ ਮੈਡੀਕਲ ਸਹਾਇਤਾ

ਗੁਰਦੁਆਰਾ ਸਾਹਿਬ ਵਿਚ ਚਲਾਈਆਂ ਸਨ ਗੋਲੀਆਂ

ਜ਼ਿਕਰਯੋਗ ਹੈ ਕਿ ਬੀਤੀ 28 ਅਕਤੂਬਰ ਦੀ ਤੜਕਸਾਰ ਕਰੀਬ 3:10 ਵਜੇ ਮੋਟਰਸਾਈਕਲ ਸਵਾਰ ਦੋ ਨਕਾਬਪੋਸ਼ ਵਿਅਕਤੀਆਂ ਨੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੇ ਅੰਦਰ ਦਾਖ਼ਲ ਹੋ ਕੇ ਮੁੱਖ ਸੇਵਾਦਾਰ ਦੇ ਕਮਰੇ ਨੂੰ ਨਿਸ਼ਾਨਾ ਬਣਾਉਂਦਿਆਂ ਗੋਲੀਆਂ ਚਲਾਈਆਂ ਸਨ। ਇਸ ਘਟਨਾ ਦੌਰਾਨ ਕਮਰੇ ਦੇ ਸ਼ੀਸ਼ੇ ਟੁੱਟ ਗਏ ਸਨ ਅਤੇ ਕੰਧਾਂ ’ਤੇ ਗੋਲੀਆਂ ਦੇ ਨਿਸ਼ਾਨ ਵੀ ਮਿਲੇ ਸਨ। ਵਾਰਦਾਤ ਸਮੇਂ ਮੁੱਖ ਸੇਵਾਦਾਰ ਬਾਥਰੂਮ ਵਿਚ ਹੋਣ ਕਾਰਨ ਵਾਲ-ਵਾਲ ਬਚ ਗਏ ਸਨ। ਘਟਨਾ ਤੋਂ ਬਾਅਦ ਥਾਣਾ ਸੁਧਾਰ ਦੀ ਪੁਲਸ ਨੇ ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਸੀ।

ਇਹ ਵੀ ਪੜ੍ਹੋ : ਚੋਣਾਂ ਤੋਂ ਪਹਿਲਾਂ ਗਠਜੋੜ 'ਤੇ ਸਸਪੈਂਸ, ਸੁਖਬੀਰ ਬਾਦਲ ਨੇ ਦਿੱਤਾ ਵੱਡਾ ਬਿਆਨ

ਰਸਤੇ ਦੀ ਸੀਸੀਟੀਵੀ ਫੁਟੇਜ ਖੰਗਾਲ ਕੇ ਫੜਿਆ ਸੀ ਮੁੱਖ ਸ਼ੂਟਰ

ਪੁਲਸ ਜਾਂਚ ਦੌਰਾਨ ਕਰੀਬ 200 ਕਿਲੋਮੀਟਰ ਦੇ ਸੰਭਾਵਿਤ ਆਉਣ-ਜਾਣ ਵਾਲੇ ਰਸਤਿਆਂ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਗਈ ਸੀ। ਤਕਨੀਕੀ ਅਤੇ ਮਨੁੱਖੀ ਸੂਹ ਦੇ ਆਧਾਰ ’ਤੇ ਮੁਲਜ਼ਮ ਦੀ ਪਛਾਣ ਰਾਜ ਸਿੰਘ ਉਰਫ਼ ਰਾਜੂ ਵਾਸੀ ਨੂਰਪੁਰ ਮਾਛੀਵਾੜਾ, ਜ਼ਿਲ੍ਹਾ ਫਿਰੋਜ਼ਪੁਰ ਵਜੋਂ ਕੀਤੀ ਗਈ ਸੀ। ਪੁਲਸ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਮੁੱਢਲੀ ਪੁੱਛਗਿੱਛ ਦੌਰਾਨ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਨੂੰ ਧਮਕੀਆਂ ਦੇ ਕੇ ਬਲੈਕਮੇਲ ਕਰਨ ਦੇ ਮਕਸਦ ਨਾਲ ਗੋਲੀਬਾਰੀ ਕਰਵਾਉਣ ਦੀ ਗੱਲ ਸਾਹਮਣੇ ਆਈ ਸੀ। ਇਸ ਵਾਰਦਾਤ ਵਿਚ ਸ਼ਾਮਲ ਦੂਜੇ ਸ਼ੂਟਰ ਅਤੇ ਇਸ ਪਿੱਛੇ ਕੰਮ ਕਰ ਰਹੇ ਹੋਰ ਵਿਅਕਤੀਆਂ ਦੀ ਭੂਮਿਕਾ ਦੀ ਜਾਂਚ ਵੀ ਜਾਰੀ ਸੀ।

ਇਹ ਵੀ ਪੜ੍ਹੋ : ਪੰਜਾਬ ਦੇ 7 ਜ਼ਿਲਿਆਂ ਨੂੰ ਲੈ ਕੇ ਕੇਂਦਰ ਦਾ ਵੱਡਾ ਫ਼ੈਸਲਾ, ਅਧਿਕਾਰੀਆਂ ਨੂੰ ਜਾਰੀ ਹੋਏ ਹੁਕਮ

ਵੱਖ-ਵੱਖ ਥਾਣਿਆਂ ਵਿਚ ਸੱਤ ਅਪਰਾਧਿਕ ਮਾਮਲੇ ਸਨ ਦਰਜ

ਪੁਲਸ ਰਿਕਾਰਡ ਅਨੁਸਾਰ ਮ੍ਰਿਤਕ ਰਾਜ ਸਿੰਘ ਉਰਫ਼ ਰਾਜੂ ਖ਼ਿਲਾਫ਼ ਵੱਖ-ਵੱਖ ਜ਼ਿਲ੍ਹਿਆਂ ਦੇ ਥਾਣਿਆਂ ਵਿੱਚ ਲੁੱਟ-ਖੋਹ, ਨਸ਼ਾ ਤਸਕਰੀ, ਅਸਲਾ ਐਕਟ ਅਤੇ ਹੋਰ ਅਪਰਾਧਿਕ ਗਤੀਵਿਧੀਆਂ ਨਾਲ ਸਬੰਧਤ ਸੱਤ ਮੁਕੱਦਮੇ ਦਰਜ ਸਨ। ਪੁਲਸ ਸੂਤਰਾਂ ਅਨੁਸਾਰ ਉਹ ਪਿਛਲੇ ਕਾਫ਼ੀ ਸਮੇਂ ਤੋਂ ਬਿਮਾਰ ਸੀ ਅਤੇ ਗੁਰਦਿਆਂ ਦੀ ਬਿਮਾਰੀ ਤੋਂ ਵੀ ਪੀੜਤ ਦੱਸਿਆ ਜਾ ਰਿਹਾ ਸੀ। ਹਾਲਾਂਕਿ ਉਸ ਦੀ ਮੌਤ ਦਾ ਅਸਲ ਕਾਰਨ ਪੋਸਟਮਾਰਟਮ ਅਤੇ ਡਾਕਟਰੀ ਜਾਂਚ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਸਾਹਮਣੇ ਆਵੇਗਾ। ਇਸ ਘਟਨਾਕ੍ਰਮ ਤੋਂ ਬਾਅਦ ਗੁਰਦੁਆਰਾ ਸਾਹਿਬ ਵਿੱਚ ਹੋਈ ਗੋਲੀਬਾਰੀ ਦੀ ਸਾਜ਼ਿਸ਼, ਮੁਲਜ਼ਮਾਂ ਦੇ ਹੋਰ ਸਾਥੀਆਂ ਅਤੇ ਵਾਰਦਾਤ ਪਿੱਛੇ ਅਸਲ ਮਕਸਦ ਨੂੰ ਲੈ ਕੇ ਪੁਲੀਸ ਜਾਂਚ ਵੀ ਪ੍ਰਭਾਵਿਤ ਹੋ ਸਕਦੀ ਹੈ। ਫਿਲਹਾਲ ਪੁਲਸ ਅਧਿਕਾਰੀਆਂ ਵੱਲੋਂ ਮੌਤ ਸਬੰਧੀ ਵਿਸਥਾਰਤ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News