ਮਾਨਸਾ ਧਰਨੇ ''ਚ ਜਾ ਰਿਹਾ ਸੀ ਨਸ਼ੇ ਕਾਰਨ ਮਰੇ ਮੁੰਡੇ ਦਾ ਪਰਿਵਾਰ, ਪੁਲਸ ਨੇ ਕਬਜ਼ੇ ''ਚ ਲੈ ਲਈ ਲਾਸ਼, ਜ਼ਬਰਦਸਤ ਹੰਗਾਮਾ

Tuesday, Oct 27, 2026 - 06:15 PM (IST)

ਮਾਨਸਾ ਧਰਨੇ ''ਚ ਜਾ ਰਿਹਾ ਸੀ ਨਸ਼ੇ ਕਾਰਨ ਮਰੇ ਮੁੰਡੇ ਦਾ ਪਰਿਵਾਰ, ਪੁਲਸ ਨੇ ਕਬਜ਼ੇ ''ਚ ਲੈ ਲਈ ਲਾਸ਼, ਜ਼ਬਰਦਸਤ ਹੰਗਾਮਾ

ਮਾਨਸਾ ,(ਵੈੱਬ ਡੈਸਕ)-ਮਾਨਸਾ ਜ਼ਿਲ੍ਹੇ ਦੇ ਪਿੰਡ ਭੰਮੇ ਕਲਾ ਵਿੱਚ ਅਣਪਛਾਤੇ ਨੌਜਵਾਨਾਂ ਨੇ 32 ਸਾਲਾ ਨੌਜਵਾਨ ਦਲਜੀਤ ਸਿੰਘ ਨੂੰ ਪਿੰਡ ਦੇ ਨੇੜੇ ਇੱਕ ਕਾਰ ਵਿੱਚ ਸੁੱਟ ਦਿੱਤਾ। ਇਸ ਉਪਰੰਤ ਜਦੋਂ ਪਰਿਵਾਰ ਨੇ ਨੌਜਵਾਨ ਨੂੰ ਦੇਖਿਆ ਤਾਂ ਉਹ ਮ੍ਰਿਤ ਸੀ। ਇਸ ਸਬੰਧੀ ਪਰਿਵਾਰ ਨੇ ਦੋਸ਼ ਲਾਇਆ ਕਿ ਉਨ੍ਹਾਂ ਦੇ ਮੁੰਡੇ ਦੀ ਮੌਤ ਨਸ਼ੇ ਕਾਰਨ ਹੋਈ ਹੈ। ਮ੍ਰਿਤਕ ਦੀ ਪਤਨੀ ਨੇ ਕਿਹਾ ਕਿ ਉਸ ਦੇ ਪਤੀ ਨੇ 20-25 ਦਿਨਾਂ ਤੋਂ ਨਸ਼ਾ ਛੱਡਿਆ ਹੋਇਆ ਸੀ ਪਰ ਬੀਤੀ ਦਿਨੀਂ ਕੁਝ ਨੌਜਵਾਨ ਉਸ ਨੂੰ ਲੈ ਗਏ ਜਿਸ ਤੋਂ ਬਾਅਦ ਇਹ ਘਟਨਾ ਵਾਪਰ ਗਈ। ਨੌਜਵਾਨ ਦੀ ਮੌਤ ਮਗਰੋਂ ਪਰਿਵਾਰ ਨੇ ਰੋਸ ਵਜੋਂ ਧਰਨਾ ਲਗਾ ਦਿੱਤਾ ਅਤੇ ਹੋਰ ਜਥੇਬੰਦੀਆਂ ਨਾਲ ਪਰਵਿੰਦਰ ਸਿੰਘ ਝੋਟਾ ਵਾਲੇ ਧਰਨਾ ਸਥਾਨ 'ਤੇ ਨੌਜਵਾਨ ਦੀ ਲਾਸ਼ ਲੈ ਕੇ ਜਾਣ ਦੀ ਤਿਆਰੀ ਕੀਤੀ ਗਈ। ਜਦੋਂ ਲਾਸ਼ ਨੂੰ ਲਿਜਾਇਆ ਜਾ ਰਿਹਾ ਸੀ ਤਾਂ ਪੁਲਸ ਨੇ ਉਨ੍ਹਾਂ ਨੂੰ ਰਸਤੇ 'ਚ ਹੀ ਰੋਕ ਲਿਆ।

ਪੁਲਸ ਤੇ ਪ੍ਰਦਰਸ਼ਨਕਾਰੀ ਆਹਮੋ-ਸਾਹਮਣੇ ਹੋ ਗਏ। ਇਸ ਦਰਮਿਆਨ ਪ੍ਰਦਰਸ਼ਨਕਾਰੀਆਂ ਨੇ ਜੰਮ ਕੇ ਹੰਗਾਮਾ ਕੀਤਾ। ਜਿਸ ਮਗਰੋਂ ਘਟਨਾ ਸਥਾਨ 'ਤੇ ਕਾਫੀ ਤਣਾਅ ਪੈਦਾ ਹੋ ਗਿਆ। ਪਤਾ ਲੱਗਾ ਹੈ ਕਿ ਪੁਲਸ ਨੇ ਪ੍ਰਦਰਸ਼ਨਕਾਰੀਆਂ ਨੂੰ ਜ਼ਬਰਨ ਧਰਨੇ ਤੋਂ ਖਦੇੜਿਆ ਮ੍ਰਿਤਕ ਦੀ ਲਾਸ਼ ਕਬਜ਼ੇ ਵਿਚ ਲੈ ਲਈ।  
ਇਸ ਸਬੰਧੀ ਮਾਨਸਾ ਦੇ ਐੱਸਐੱਸਪੀ ਵੈਭਵ ਚੌਧਰੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਪਰਿਵਾਰ ਵੱਲੋਂ ਕੋਈ ਬਿਆਨ ਦਰਜ ਨਹੀਂ ਕਰਵਾਇਆ ਗਿਆ ਹੈ ਪਰ ਪੋਸਟਮਾਰਟਮ ਵਿੱਚ ਜੋ ਵੀ ਸਾਹਮਣੇ ਆਵੇਗਾ, ਉਸ ਅਨੁਸਾਰ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਫਿਲਹਾਲ ਇਸਨੂੰ ਨਸ਼ੇ ਦਾ ਮਾਮਲਾ ਨਹੀਂ ਕਿਹਾ ਜਾ ਸਕਦਾ ਕਿਉਂਕਿ ਡਾਕਟਰਾਂ ਵੱਲੋਂ ਇਸਦੀ ਪੁਸ਼ਟੀ ਨਹੀਂ ਕੀਤੀ ਗਈ ਹੈ। ਜਾਂਚ ਤੋਂ ਬਾਅਦ ਮਾਮਲਾ ਦਰਜ ਕੀਤਾ ਜਾਵੇਗਾ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Shubam Kumar

Content Editor

Related News