ਪੰਜਾਬ ''ਚ ਰੋਜ਼ਾਨਾ ਹੋ ਰਹੇ ਕਤਲਾਂ ''ਤੇ ਮਜੀਠੀਆ ਨੇ ਖੜ੍ਹੇ ਕੀਤੇ ਸਵਾਲ, ਸੂਬਾ ਸਰਕਾਰ ''ਤੇ ਸਾਧਿਆ ਨਿਸ਼ਾਨਾ
Tuesday, Oct 27, 2026 - 03:38 PM (IST)
ਚੰਡੀਗੜ੍ਹ (ਵੈੱਬ ਡੈਸਕ, ਅੰਕੁਰ ਤਾਂਗੜੀ) : ਪੰਜਾਬ 'ਚ ਵਿਗੜ ਰਹੀ ਕਾਨੂੰਨ ਵਿਵਸਥਾ ਅਤੇ ਲਗਾਤਾਰ ਵਾਪਰ ਰਹੀਆਂ ਗੋਲੀਬਾਰੀ ਅਤੇ ਕਤਲ ਦੀਆਂ ਘਟਨਾਵਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਭਗਵੰਤ ਮਾਨ ਸਰਕਾਰ ’ਤੇ ਤਿੱਖਾ ਹਮਲਾ ਕੀਤਾ ਹੈ। ਉਨ੍ਹਾਂ ਨੇ ਅੰਮ੍ਰਿਤਸਰ ਦੇ ਚੀਤੇ ਕਲਾਂ 'ਚ ਸਰਪੰਚ ਦੇ ਭਰਾ ਤੀਰਥ ਦੀ ਗੋਲੀਆਂ ਮਾਰ ਕੇ ਕੀਤੀ ਗਈ ਹੱਤਿਆ ਦਾ ਹਵਾਲਾ ਦਿੰਦਿਆਂ ਸੂਬੇ ਦੀ ਕਾਨੂੰਨ ਵਿਵਸਥਾ ’ਤੇ ਸਵਾਲ ਚੁੱਕੇ। ਮਜੀਠੀਆ ਨੇ ਕਿਹਾ ਕਿ ਪੰਜਾਬ 'ਚ ਹਰ ਰੋਜ਼ ਹੋ ਰਹੀਆਂ ਕਤਲ ਦੀਆਂ ਘਟਨਾਵਾਂ ਕਾਰਨ ਪਰਿਵਾਰ ਉੱਜੜ ਰਹੇ ਹਨ ਅਤੇ ਔਰਤਾਂ ਵਿਧਵਾ ਹੋ ਰਹੀਆਂ ਹਨ। ਉਨ੍ਹਾਂ ਸਵਾਲ ਕੀਤਾ ਕਿ ਇਨ੍ਹਾਂ ਘਟਨਾਵਾਂ ਦੀ ਜ਼ਿੰਮੇਵਾਰੀ ਕੌਣ ਲਵੇਗਾ ਅਤੇ ਲੋਕਾਂ ਨੂੰ ਸੁਰੱਖਿਆ ਦੇਣ 'ਚ ਨਾਕਾਮ ਰਹਿਣ ਲਈ ਸਰਕਾਰ ਜਵਾਬਦੇਹ ਕਿਉਂ ਨਹੀਂ ਹੈ। ਅੰਮ੍ਰਿਤਸਰ ਦਿਹਾਤੀ ਪੁਲਸ ਦੀ ਕਾਰਗੁਜ਼ਾਰੀ ’ਤੇ ਨਿਸ਼ਾਨਾ ਸਾਧਦਿਆਂ ਮਜੀਠੀਆ ਨੇ ਦੋਸ਼ ਲਾਇਆ ਕਿ ਜ਼ਿਲ੍ਹੇ 'ਚ ਕਾਨੂੰਨ ਵਿਵਸਥਾ ਦੀ ਸਥਿਤੀ ਚਿੰਤਾਜਨਕ ਹੋ ਗਈ ਹੈ। ਉਨ੍ਹਾਂ ਅੰਮ੍ਰਿਤਸਰ ਦਿਹਾਤੀ ਦੇ ਐੱਸ. ਐੱਸ. ਪੀ. ਦੀ ਕਾਰਗੁਜ਼ਾਰੀ ’ਤੇ ਵੀ ਸਵਾਲ ਚੁੱਕੇ ਅਤੇ ਦੋਸ਼ ਲਾਇਆ ਕਿ ਪੁਲਸ ਦਾ ਧਿਆਨ ਕਾਨੂੰਨ ਵਿਵਸਥਾ ਕਾਇਮ ਰੱਖਣ ਦੀ ਬਜਾਏ ਸਿਆਸੀ ਛਾਵਾਂ ਦੀ ਪੂਰਤੀ ਵੱਲ ਹੈ।

ਮਜੀਠੀਆ ਨੇ ਕਿਹਾ ਕਿ ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਜ਼ਿਲ੍ਹੇ 'ਚ ਗੋਲੀਬਾਰੀ ਦੀਆਂ ਘਟਨਾਵਾਂ ਕਾਰਨ ਲੋਕਾਂ 'ਚ ਡਰ ਦਾ ਮਾਹੌਲ ਹੈ। ਉਨ੍ਹਾਂ ਦਾਅਵਾ ਕੀਤਾ ਕਿ ਅਜਿਹੀਆਂ ਘਟਨਾਵਾਂ ਵਿੱਚ ਕਿਸੇ ਮਾਂ ਦਾ ਪੁੱਤ, ਕਿਸੇ ਭੈਣ ਦਾ ਭਰਾ ਅਤੇ ਕਿਸੇ ਪਤਨੀ ਦਾ ਸੁਹਾਗ ਉੱਜੜ ਰਿਹਾ ਹੈ। ਉਨ੍ਹਾਂ ਗੁਰਦੁਆਰੇ 'ਚ ਮੱਥਾ ਟੇਕਣ ਗਏ ਵਿਅਕਤੀ ਦੇ ਕਤਲ ਦਾ ਜ਼ਿਕਰ ਕਰਦਿਆਂ ਸੂਬੇ 'ਚ ਆਮ ਲੋਕਾਂ ਦੀ ਸੁਰੱਖਿਆ ’ਤੇ ਵੀ ਸਵਾਲ ਖੜ੍ਹੇ ਕੀਤੇ। ਅਕਾਲੀ ਆਗੂ ਨੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਦੋਸ਼ ਲਾਇਆ ਕਿ ਉਹ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਦੀ ਬਜਾਏ ਦਿੱਲੀ ਦੇ ਆਗੂਆਂ ਦੀ ਰਾਜਨੀਤੀ ਨੂੰ ਤਰਜ਼ੀਹ ਦੇ ਰਹੇ ਹਨ। ਉਨ੍ਹਾਂ ਤਿੱਖੇ ਸ਼ਬਦਾਂ ਵਿੱਚ ਕਿਹਾ ਕਿ ਮੁੱਖ ਮੰਤਰੀ ਦਾ ਧਿਆਨ ਆਪਣੀ ਕੁਰਸੀ ਸੁਰੱਖਿਅਤ ਰੱਖਣ ’ਤੇ ਹੈ, ਜਦਕਿ ਪੰਜਾਬ 'ਚ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਹਨ। ਮਜੀਠੀਆ ਨੇ ਸਰਕਾਰ ਤੋਂ ਸੂਬੇ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਬਾਰੇ ਜਵਾਬ ਮੰਗਦਿਆਂ ਕਿਹਾ ਕਿ ਲਗਾਤਾਰ ਵਾਪਰ ਰਹੀਆਂ ਅਪਰਾਧਿਕ ਘਟਨਾਵਾਂ ’ਤੇ ਰੋਕ ਲਗਾਉਣਾ ਅਤੇ ਲੋਕਾਂ ਦੀ ਜਾਨ-ਮਾਲ ਦੀ ਰਾਖੀ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੈ।
