ਮੂਸੇਵਾਲਾ ਨੂੰ ਲੈ ਕੇ ਜੈਨੀ ਜੌਹਲ ਵਲੋਂ ਕੱਢਿਆ ਗਿਆ ਗੀਤ 'Letter To CM' ਯੂਟਿਊਬ ਤੋਂ ਕੀਤਾ ਗਿਆ ਡਿਲੀਟ

Sunday, Oct 09, 2022 - 02:02 PM (IST)

ਜਲੰਧਰ (ਬਿਊਰੋ) : ਬੀਤੇ ਦਿਨੀਂ ਪੰਜਾਬੀ ਗਾਇਕ ਜੈਨੀ ਜੌਹਲ ਦਾ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਇਨਸਾਫ਼ ਨੂੰ ਲੈ ਕੇ ਇਕ ਗੀਤ ਰਿਲੀਜ਼ ਹੋਇਆ ਸੀ, ਜਿਸ ਨੂੰ ਲੈ ਕੇ ਹੁਣ ਹਰ ਪਾਸੇ ਚਰਚਾ ਹੋ ਰਹੀ ਹੈ। ਦਰਅਸਲ, ਜੈਨੀ ਜੌਹਲ ਦੇ ਗੀਤ ਦਾ ਨਾਂ 'ਲੈਟਰ ਟੂ ਸੀ. ਐੱਮ.' ਸੀ, ਜਿਸ 'ਚ ਉਸ ਵਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਤਿੱਖੇ ਨਿਸ਼ਾਨੇ ਵਿੰਨ੍ਹੇ ਗਏ ਸਨ। ਇਸ ਗੀਤ ਰਾਹੀਂ ਜੈਨੀ ਜੌਹਲ ਨੇ ਮੂਸੇਵਾਲਾ ਦੇ ਕਤਲ ਨੂੰ ਲੈ ਕੇ ਆਵਾਜ਼ ਬੁਲੰਦ ਕੀਤੀ ਸੀ। 

ਯੂਟਿਊਬ ਤੋਂ ਗੁੰਮ ਹੈ ਜੈਨੀ ਜੌਹਲ ਦਾ ਗੀਤ
ਹਾਲਾਂਕਿ ਹੁਣ ਖ਼ਬਰ ਆ ਰਹੀ ਹੈ ਕਿ ਗਾਇਕਾ ਦਾ ਇਹ ਗੀਤ ਯੂਟਿਊਬ ਤੋਂ ਹਟਾ ਦਿੱਤਾ ਗਿਆ ਹੈ। ਇਸ ਗੀਤ ਰਾਹੀਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ 'ਚ ਇਨਸਾਫ਼ ਦੀ ਮੰਗ ਕੀਤੀ ਗਈ ਸੀ। ਇਹ ਗੀਤ ਸ਼ਨੀਵਾਰ ਨੂੰ ਰਿਲੀਜ਼ ਹੋਇਆ ਸੀ। ਰਿਲੀਜ਼ ਹੁੰਦਿਆਂ ਹੀ ਇਹ ਗੀਤ ਸੁਰਖੀਆਂ 'ਚ ਆ ਗਿਆ ਸੀ ਪਰ ਅੱਜ ਇਹ ਗੀਤ ਯੂਟਿਊਬ ਤੋਂ ਗਾਇਬ ਹੈ। 
ਦੱਸ ਦਈਏ ਕਿ ਸਿੱਧੂ ਮੂਸੇਵਾਲਾ ਕਤਲ ਕੇਸ 'ਚ ਇਨਸਾਫ਼ ਦੀ ਮੰਗ ਕਰਦਿਆਂ ਗਾਇਕਾ ਜੈਨੀ ਜੌਹਲ ਦੇ ਨਵੇਂ ਗੀਤ ਨੇ ਸਿਆਸਤ 'ਚ ਹਲਚਲ ਮਚਾ ਦਿੱਤੀ ਹੈ। ਇਸ ਗੀਤ ਰਾਹੀਂ ਜੈਨੀ ਜੌਹਲ ਨੇ ਭਗਵੰਤ ਮਾਨ ਨੂੰ ਸਿੱਧਾ ਸਵਾਲ ਕੀਤਾ ਹੈ ਕਿ ਸਿੱਧੂ ਦੇ ਕਤਲ ਨੂੰ 4 ਮਹੀਨੇ ਬੀਤ ਚੁੱਕੇ ਹਨ, ਦੱਸੋ ਇਨਸਾਫ਼ ਕਿੱਥੇ ਹੈ?

ਮੂਸੇਵਾਲਾ ਕਤਲ ਕਾਂਡ 'ਚ ਘੇਰਿਆ ਮੁੱਖ ਮੰਤਰੀ ਭਗਵੰਤ ਮਾਨ
ਜੈਨੀ ਜੌਹਲ ਦੇ ਇਸ ਨਵੇਂ ਗੀਤ ਦੇ ਬੋਲ ਹਨ - 'ਸਾਡੇ ਘਰ ਉਜੜ ਗਏ, ਤੁਹਾਡੇ ਘਰ ਗੂੰਜਣ ਸ਼ਹਿਨਾਈਆਂ।' ਇਸ ਤੋਂ ਇਲਾਵਾ ਇਸ ਗੀਤ 'ਚ ਗਾਇਕਾ ਨੇ ਮੂਸੇਵਾਲਾ ਦੀ ਸੁਰੱਖਿਆ ਘੱਟ ਕੀਤੇ ਜਾਣ ਦੀਆਂ ਖ਼ਬਰਾਂ ਨੂੰ ਮੀਡੀਆ 'ਚ ਲੀਕ ਕੀਤੇ ਜਾਣ ਦਾ ਮਾਮਲਾ ਵੀ ਚੁੱਕਿਆ ਹੈ ਅਤੇ ਪੰਜਾਬ ਵਿਧਾਨ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਦੀ ਰਿਕਾਰਡਤੋੜ ਜਿੱਤ ਦਾ ਜ਼ਿਕਰ ਕੀਤਾ ਗਿਆ ਹੈ। 

PunjabKesari

ਚਿਹਰੇ ਬਦਲੇ ਹਨ, ਰਾਜ਼ ਉਹੀ, ਲੋਕਾਂ ਦੇ ਸੁਫ਼ਨੇ ਮਿਲ ਗਏ ਮਿੱਟੀ 'ਚ 
ਜੈਨੀ ਜੌਹਲ ਦਾ ਕਹਿਣਾ ਹੈ ਕਿ 92 ਵਿਧਾਇਕ ਬਦਲਾਅ ਦੇ ਇਰਾਦੇ ਨਾਲ ਜਿੱਤੇ ਪਰ ਲੋਕਾਂ ਦੇ ਸੁਫ਼ਨੇ ਮਿੱਟੀ 'ਚ ਮਿਲ ਗਏ ਹਨ। ਸਿਰਫ਼ ਚਿਹਰੇ ਬਦਲੇ ਹਨ, ਰਾਜ਼ ਉਹੀ ਹੈ। ਉਸ ਨੇ ਗੀਤ 'ਚ ਸਵਾਲ ਕੀਤਾ ਹੈ ਕਿ ਤਾੜੀਆਂ ਲੁੱਟਣ ਲਈ ਸੁਰੱਖਿਆ ਘਟਾ ਕੇ ਸਿੱਧੂ ਦੀ ਸੂਚੀ ਜਨਤਕ ਕਰਨ ਵਾਲਿਆਂ ਦਾ ਅਜੇ ਤੱਕ ਖੁਲਾਸਾ ਕਿਉਂ ਨਹੀਂ ਕੀਤਾ ਗਿਆ? ਗੀਤ 'ਚ ਸਿੱਧੂ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਦੀ ਸਿਹਤ ਅਤੇ ਸੁਰੱਖਿਆ ਬਾਰੇ ਵੀ ਗੱਲ ਕੀਤੀ ਗਈ ਹੈ। ਗੈਂਗਸਟਰ ਲਾਰੈਂਸ ਦੇ ਸਾਥੀ ਅਤੇ ਮੂਸੇਵਾਲਾ ਦੇ ਕਤਲ 'ਚ ਸ਼ਾਮਲ ਗੈਂਗਸਟਰ ਦੀਪਕ ਟੀਨੂੰ ਦੇ ਪੁਲਸ ਹਿਰਾਸਤ 'ਚੋਂ ਫਰਾਰ ਹੋਣ ਕਾਰਨ ਪੰਜਾਬ ਸਰਕਾਰ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ।

PunjabKesari

ਪੁੱਤਰ ਦੇ ਇਨਸਾਫ਼ ਲਈ ਮਾਪੇ ਖਾ ਰਹੇ ਨੇ ਦਰ-ਦਰ ਦੀਆਂ ਠੋਕਰਾਂ
ਮੂਸੇਵਾਲਾ ਦੇ ਕਤਲ ਨੂੰ 4 ਮਹੀਨੇ ਬੀਤ ਚੁੱਕੇ ਹਨ ਪਰ ਉਸ ਨੂੰ ਹਾਲੇ ਤੱਕ ਇਨਸਾਫ਼ ਨਹੀਂ ਮਿਲਿਆ। ਸਿੱਧੂ ਦੇ ਇਨਸਾਫ਼ ਲਈ ਜਿੱਥੇ ਉਸ ਦਾ ਪਰਿਵਾਰ ਥਾਂ-ਥਾਂ ਠੋਕਰਾਂ ਖਾ ਰਿਹਾ ਹੈ, ਉਥੇ ਹੀ ਪੰਜਾਬੀ ਕਲਾਕਾਰ ਵੀ ਉਸ ਦੇ ਇਨਸਾਫ਼ ਦੀ ਮੰਗ ਕਰ ਰਹੇ ਹਨ। ਜੈਨੀ ਜੌਹਲ ਦਾ ਇਹ ਗੀਤ ਨੂੰ ਸੁਣਨ ਤੋਂ ਬਾਅਦ ਮੂਸੇਵਾਲਾ ਦੇ ਫੈਨਜ਼ ਕੁਮੈਂਟ ਕਰਕੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਲਈ ਇਨਸਾਫ਼ ਦੀ ਮੰਗ ਕਰ ਰਹੇ ਹਨ।


ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News