ਪੰਜਾਬੀ ਗਾਇਕ ਦੇ ਭਰਾ ਦੀ ਜਰਮਨੀ ''ਚ ਮੌਤ ਤੋਂ ਬਾਅਦ ਲਾਸ਼ ਲੈਣ ਲਈ ਖੱਜਲ-ਖੁਆਰ ਹੋਇਆ ਪਰਿਵਾਰ

07/26/2016 7:56:26 PM

ਅੰਮ੍ਰਿਤਸਰ : ਪਿਛਲੇ ਦਿਨੀਂ ਜਰਮਨੀ ''ਚ ਲਾਪਤਾ ਅਤੇ ਗਾਇਕ ਗੁਰਸ਼ਬਦ ਦੇ ਭਰਾ ਜੁਗਰਾਜ ਦੀ ਕੁਝ ਦਿਨਾਂ ਪਿੱਛੋਂ ਲਾਸ਼ ਮਿਲਣ ਨਾਲ ਪਰਿਵਾਰ ''ਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਗੁਰਸ਼ਬਦ ਦਾ ਭਰਾ ਜੁਗਰਾਜ 14 ਜੁਲਾਈ ਨੂੰ ਜਰਮਨੀ ਵਿਚ ਲਾਪਤਾ ਹੋ ਗਿਆ ਸੀ, ਜਿਸ ਦੀ ਲਾਸ਼ 18 ਜੁਲਾਈ ਨੂੰ ਜਰਮਨੀ ਦੇ ਸ਼ਹਿਰ ਡੁਸੇਲਡੋਰਫ ਦੀ ਨਹਿਰ ''ਚੋਂ ਬਰਾਮਦ ਹੋਈ ਸੀ। ਪਰਿਵਾਰ ਦਾ ਦੁੱਖ ਉਸ ਵੇਲੇ ਹੋਰ ਵਧ ਗਿਆ ਜਦੋਂ ਪਰਿਵਾਰ ਨੂੰ ਆਪਣੇ ਜਵਾਨ ਪੁੱਤ ਦੀ ਲਾਸ਼ ਲੈਣ ਲਈ ਖੱਜਲ-ਖੁਆਰ ਹੋਣਾ ਪਿਆ।

ਦਰਅਸਲ 18 ਜੁਲਾਈ ਨੂੰ ਜੁਗਰਾਜ ਸਿੰਘ ਦੀ ਲਾਸ਼ ਬਰਾਮਦ ਹੋਈ ਸੀ। 25 ਜੁਲਾਈ ਨੂੰ ਲਾਸ਼ ਦਿੱਲੀ ਏਅਰਪੋਰਟ ''ਤੇ ਸੇਵੇਰ 3 ਵਜੇ ਪਹੁੰਚ ਗਈ, ਜਿਥੇ ਪਹਿਲਾਂ ਤੋਂ ਮੌਜੂਦ ਪਰਿਵਾਰਕ ਮੈਂਬਰਾਂ ਨੂੰ ਆਪਣੇ ਪੁੱਤ ਦੀ ਲਾਸ਼ ਲਈ ਕਈ ਘੰਟੇ ਦੀ ਉਡੀਕ ਕਰਨੀ ਪਈ। ਜਿਸ ਸਮੇਂ ਲਾਸ਼ ਦਿੱਲੀ ਏਅਰਪੋਰਟ ''ਤੇ ਪਹੁੰਚੀ ਤਾਂ ਉਥੇ ਐੱਨ. ਓ. ਸੀ. ਦੇਣ ਵਾਲੇ ਅਧਿਕਾਰੀ ਸੁੱਤੇ ਪਏ ਸਨ, ਜਿਸ ਕਰਕੇ ਪਰਿਵਾਰ ਨੂੰ ਪੰਜ ਘੰਟੇ ਖੱਜਲ-ਖੁਆਰ ਹੋਣਾ ਪਿਆ। ਇਸ ਤੋਂ ਪਹਿਲਾਂ ਆਬੂ ਧਾਬੀ ਏਅਰਪੋਰਟ ''ਤੇ ਵੀ ਕਾਗਜ਼ੀ ਕਾਰਵਾਈ ਪੂਰੀ ਹੋਣ ਦੇ ਬਾਵਜੂਦ 28 ਘੰਟਿਆਂ ਤਕ ਲਾਸ਼ ਨੂੰ 50 ਡਿਗਰੀ ਸੈਲਸੀਅਸ ਤਾਪਮਾਨ ''ਤੇ ਰੱਖਿਆ ਗਿਆ, ਜਦਕਿ ਮਿੱਥੇ ਮਿਆਰ ਮੁਤਾਬਕ ਤਾਪਮਾਨ 20 ਡਿਗਰੀ ਹੋਣਾ ਚਾਹੀਦਾ ਹੈ। ਲਾਸ਼ ਮਿਲਣ ਤੋਂ ਬਾਅਦ 25 ਜੁਲਾਈ ਨੂੰ ਅੰਮ੍ਰਿਤਸਰ ਵਿਚ ਜੁਗਰਾਜ ਦਾ ਸਸਕਾਰ ਕੀਤਾ ਗਿਆ। ਜੁਗਰਾਜ ਦੀ ਅੰਤਿਮ ਅਰਦਾਸ ਸੰਤ ਭੂਰੀਵਾਲਿਆਂ ਦੇ ਡੇਰੇ ਤਰਨਤਾਰਨ ਰੋਡ ''ਤੇ 12.30 ਵਜੇ ਦਿਨ ਵੀਰਵਾਰ ਨੂੰ ਹੋਵੇਗੀ।


Gurminder Singh

Content Editor

Related News