ਆਸਟਰੇਲੀਆ ਆਉਣ ਦੀ ਉਡੀਕ ''ਚ ਪਿਛਲੇ 4 ਸਾਲ ਤੋਂ ਹਿਰਾਸਤ ''ਚ ਹਨ ਪੰਜਾਬੀ ਮੁੰਡੇ
Saturday, Nov 11, 2017 - 02:51 AM (IST)
ਸਿਡਨੀ— ਚੰਗੇ ਭਵਿੱਖ ਲਈ ਆਸਟਰੇਲੀਆ ਆਉਣ ਦੀ ਝਾਕ ਵਿੱਚ ਪੰਜਾਬ ਤੋਂ ਚੱਲੇ ਪੰਜਾਬੀ ਮੂਲ ਦੇ ਰਵਿੰਦਰ ਸਿੰਘ ਅਤੇ ਮਨਜੀਤ ਸਿੰਘ ਚਾਰ ਸਾਲਾਂ ਤੋਂ ਅਜੇ ਤੱਕ 'ਮਾਨੁਸ ਆਈਲੈਂਡ 'ਚ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਹਨ। ਜ਼ਿਕਰਯੋਗ ਹੈ ਕਿ ਬੇੜੀਆਂ ਰਾਹੀਆਂ ਅਤੇ ਗੈਰ ਕਾਨੂੰਨੀ ਤਰੀਕੇ ਨਾਲ ਆਸਟਰੇਲੀਆ 'ਚ ਵੜਨ ਅਤੇ ਰਿਫਊਜੀ ਰਿਹਾਇਸ਼ ਲਈ ਇਹ ਲੋਕ ਕ੍ਰਿਸਮਸ ਆਈਲੈਂਡ ਆਉਂਦੇ ਹਨ। ਇਹ ਆਈਲੈਂਡ ਆਸਟਰੇਲੀਆ ਦੇ ਨਾਲ ਲੱਗਦਾ ਹੈ। ਇਥੋਂ ਇਨ੍ਹਾਂ ਤਸਕਰ ਹੋਏ ਲੋਕਾਂ ਨੂੰ ਮਾਨੁਸ ਡਿਟੈਨਸ਼ਨ ਸੈਂਟਰ ਭੇਜ ਦਿੱਤਾ ਜਾਂਦਾ ਹੈ। ਮਾਨੁਸ 'ਚ 600 ਦੇ ਕਰੀਬ ਇਹ ਗੈਰ ਕਾਨੂੰਨੀ ਲੋਕ ਹਨ, ਜਿਨ੍ਹਾਂ ਨੂੰ ਆਸਟਰੇਲੀਆ ਨੇ ਉਸ ਦੇਸ਼ 'ਚ ਆਉਣ ਦੀ ਆਗਿਆ ਦੇਣ ਤੋਂ ਨਾਂਹ ਕਰ ਦਿੱਤੀ ਹੈ ਤੇ ਨਿਊਜ਼ੀਲੈਂਡ ਨੂੰ ਦੇਣ ਤੋਂ ਵੀ ਨਾਂਹ ਕੀਤੀ ਹੈ। 28 ਸਾਲ ਅਤੇ 29 ਸਾਲ ਦੇ ਰਵਿੰਦਰ ਸਿੰਘ ਤੇ ਮਨਜੀਤ ਸਿੰਘ ਨੇ ਦੱਸਿਆ ਕਿ 15-16 ਦੇਸ਼ਾਂ ਦੇ ਲੋਕ ਇਥੇ ਹਨ।
ਰਵਿੰਦਰ ਨੇ ਦੱਸਿਆ ਕਿ 23 ਜੁਲਾਈ 2013 ਨੂੰ ਉਹ ਇਥੇ ਆਇਆ ਸੀ। ਪੀ.ਐਨ.ਜੀ. ਸੁਪਰੀਮ ਕੋਰਟ ਨੇ ਇਨ੍ਹਾਂ ਦੀ ਅਰਜ਼ੀ ਖਾਰਜ ਕਰ ਦਿੱਤੀ ਹੈ। ਪਿਛਲੇ ਪੰਜ ਦਿਨਾਂ ਤੋਂ ਪਾਣੀ ਤੇ ਖਾਣ ਦਾ ਪ੍ਰਬੰਧ ਬੰਦ ਕਰ ਦਿੱਤਾ ਹੈ, ਜਿਸ ਕਰਕੇ ਇਥੇ ਨਜ਼ਰਬੰਦ ਲੋਕ ਟੋਆ ਪੁੱਟ ਕੇ ਗੰਦਾ ਪਾਣੀ ਪੀ ਰਹੇ ਹਨ। ਰਵਿੰਦਰ ਦੇ ਅਨੁਸਾਰ ਕਈ ਲੋਕ ਬਿਮਾਰ ਹੋ ਰਹੇ ਹਨ। ਇਥੇ ਇਹ ਸਰਕਾਰ ਦੇ ਵਿਰੁੱਧ ਪ੍ਰਦਰਸ਼ਨ ਵੀ ਕਰ ਰਹੇ ਹਨ, ਪਰ ਆਸ ਦੀ ਕਿਰਨ ਨਜ਼ਰ ਨਹੀਂ ਆਉਂਦੀ। ਰਵਿੰਦਰ ਸਿੰਘ ਨੇ ਦੱਸਿਆ ਕਿ ਮੇਰੇ ਸਾਰੇ ਵੀਰ ਭਰਾਵਾਂ ਨੂੰ ਇਹੀ ਸੁਨੇਹਾ ਹੈ ਕਿ ਗੈਰ ਕਾਨੂੰਨੀ ਤਰੀਕੇ ਨਾਲ ਕੋਈ ਨਾ ਆਓ, ਮੇਰੇ ਵਾਂਗ ਆਪਣੀ ਜਵਾਨੀ ਰਾਹਾਂ ਤੇ ਜੇਲਾਂ 'ਚ ਨਾ ਗਵਾਓ। ਦੂਸਰੇ ਪਾਸੇ ਇੰਮੀਗ੍ਰੇਸ਼ਨ ਮੰਤਰੀ ਪੀਟਰ ਡਟਨ ਦਾ ਕਹਿਣਾ ਹੈ ਕਿ ਮਾਨੁਸ ਆਈਲੈਂਡ ਸੈਂਟਰ ਬੰਦ ਕਰ ਦੇਣਾ ਹੈ। ਉਨ੍ਹਾਂ ਕਿਹਾ ਕਿ ਜੇ ਇਨ੍ਹਾਂ ਲੋਕਾਂ ਲਈ ਰਾਹ ਖੋਲ੍ਹਦੇ ਹਾਂ ਤਾਂ ਮਨੁੱਖੀ ਤਸਕਰਾਂ ਨੂੰ ਤਸਕਰੀ ਲਈ ਉਤਸ਼ਾਹਿਤ ਕਰੇਗਾ।