ਜਾਣੋ ਕੀ ਹੈ ਹਲਕਾ ਡੇਰਾ ਬਾਬਾ ਨਾਨਕ ਦਾ ਪਿਛਲੇ 25 ਸਾਲ ਦਾ ਇਤਿਹਾਸ

Monday, Nov 04, 2024 - 12:54 PM (IST)

ਜਲੰਧਰ/ਗੁਰਦਾਸਪੁਰ (ਵੈੱਬ ਡੈਸਕ) : ਪੰਜਾਬ ਵਿੱਚ ਡੇਰਾ ਬਾਬਾ ਨਾਨਕ, ਬਰਨਾਲਾ, ਗਿੱਦੜਬਾਹਾ ਅਤੇ ਚੱਬੇਵਾਲ 'ਚ ਵਿਧਾਨ ਸਭਾ ਜ਼ਿਮਨੀ ਚੋਣਾਂ ਲਈ ਸਿਆਸੀ ਜੰਗ ਕਾਫੀ ਦਿਲਚਸਪ ਹੋ ਗਈ ਹੈ। ਇਨ੍ਹਾਂ ਚਾਰੇ ਸੀਟਾਂ 'ਤੇ ਜ਼ਿਮਨੀ ਚੋਣ ਲਈ ਵੋਟਾਂ 13 ਨਵੰਬਰ 2024 ਨੂੰ ਪੈਣੀਆਂ ਹਨ ਅਤੇ ਨਤੀਜੇ 23 ਨਵੰਬਰ ਨੂੰ ਐਲਾਨੇ ਜਾਣੇ ਹਨ। ਜ਼ਿਮਨੀ ਚੋਣਾਂ ਲਈ ਨਾਮਜ਼ਦਗੀ ਦੀ ਆਖ਼ਰੀ ਤਰੀਕ 25 ਅਕਤੂਬਰ ਹੈ। ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਚਾਰ ਸੀਟਾਂ ਅਤੇ ਭਾਜਪਾ ਨੇ ਵੀ ਚਾਰ ਸੀਟਾਂ ਉੱਤੇ ਆਪਣੇ-ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ।

ਇੱਥੇ ਦੱਸ ਦੇਈਏ ਕਿ ਡੇਰਾ ਬਾਬਾ ਨਾਨਕ ਵਿਧਾਨ ਸਭਾ ਹਲਕਾ ਸਾਲ 2008 'ਚ ਹੋਈ ਹੱਦਬੰਦੀ ਦੌਰਾਨ ਹੋਂਦ 'ਚ ਆਇਆ, ਜੋ ਕਿ ਪਹਿਲਾਂ ਹਲਕਾ ਧਾਰੀਵਾਲ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਪਿਛਲੀਆਂ 5 ਵਿਧਾਨ ਸਭਾ ਚੋਣਾਂ ਦੌਰਾਨ ਇਸ ਹਲਕੇ 'ਚ 1 ਵਾਰ ਅਕਾਲੀ ਦਲ, 2 ਵਾਰ ਕਾਂਗਰਸ ਅਤੇ ਇਕ ਵਾਰ ਆਜ਼ਾਦ ਉਮੀਦਵਾਰ ਨੇ ਜਿੱਤ ਹਾਸਲ ਕੀਤੀ।

2002
ਸਾਲ 2002 'ਚ ਇਸ ਸੀਟ 'ਤੇ ਸੁੱਚਾ ਸਿੰਘ ਛੋਟੇਪੁਰ ਨੇ ਆਜ਼ਾਦ ਉਮੀਦਵਾਰ ਵੱਜੋਂ ਜਿੱਤ ਹਾਸਲ ਕੀਤੀ। ਉਨ੍ਹਾਂ ਨੇ 32,442 ਵੋਟਾਂ ਹਾਸਲ ਕਰਕੇ ਅਕਾਲੀ ਦਲ ਦੇ ਸੁੱਚਾ ਸਿੰਘ ਲੰਗਾਹ ਨੂੰ 80 ਵੋਟਾਂ ਦੇ ਫ਼ਰਕ ਨਾਲ ਹਰਾ ਦਿੱਤਾ।

2007
ਸਾਲ 2007 'ਚ ਅਕਾਲੀ ਦਲ ਨੇ ਮੁੜ ਇਸ ਸੀਟ 'ਤੇ ਕਬਜ਼ਾ ਕਰ ਲਿਆ। ਅਕਾਲੀ ਦਲ ਦੇ ਸੁੱਚਾ ਸਿੰਘ ਲੰਗਾਹ ਨੇ 52,134 ਵੋਟਾਂ ਹਾਸਲ ਕਰਕੇ ਜਿੱਤ ਦਾ ਝੰਡਾ ਗੱਡਿਆ। ਸੁੱਚਾ ਸਿੰਘ ਲੰਗਾਹ ਨੇ ਆਜ਼ਾਦ ਉਮਦੀਵਾਰ ਸੁੱਚਾ ਸਿੰਘ ਛੋਟੇਪੁਰ ਨੂੰ 13950 ਵੋਟਾਂ ਦੇ ਫ਼ਰਕ ਨਾਲ ਮਾਤ ਦਿੱਤੀ। ਸਾਲ 2008 ਦੀ ਨਵੀਂ ਹੱਦਬੰਦੀ ਦੌਰਾਨ ਧਾਰੀਵਾਲ ਸੀਟ ਦਾ ਨਾਂ ਹਟਾ ਕੇ ਡੇਰਾ ਬਾਬਾ ਨਾਨਕ ਕਰ ਦਿੱਤਾ ਗਿਆ।

2012
ਸਾਲ 2012 'ਚ ਇਸ ਸੀਟ ਤੋਂ ਕਾਂਗਰਸ ਦੇ ਸੁਖਜਿੰਦਰ ਸਿੰਘ ਰੰਧਾਵਾ ਨੇ 66,294 ਵੋਟਾਂ ਹਾਸਲ ਕਰਕੇ ਜਿੱਤ ਪ੍ਰਾਪਤ ਕੀਤੀ। ਉਨ੍ਹਾਂ ਨੇ ਅਕਾਲੀ ਦਲ ਦੇ ਸੁੱਚਾ ਸਿੰਘ ਲੰਗਾਹ ਨੂੰ 2940 ਵੋਟਾਂ ਦੇ ਫ਼ਰਕ ਨਾਲ ਹਰਾ ਦਿੱਤਾ। 

2017
ਸਾਲ 2017 'ਚ ਵੀ ਕਾਂਗਰਸ ਦੇ ਸੁਖਜਿੰਦਰ ਸਿੰਘ ਰੰਧਾਵਾ ਇਸ ਸੀਟ ਤੋਂ ਜੇਤੂ ਰਹੇ, ਜੋ ਉਸ ਸਮੇਂ 'ਚ ਸੂਬੇ ਦੇ ਉਪ ਮੁੱਖ ਮੰਤਰੀ ਰਹੇ। ਸੁਖਜਿੰਦਰ ਸਿੰਘ ਰੰਧਾਵਾ ਨੇ ਚੋਣਾਂ ਦੌਰਾਨ 60,385 ਵੋਟਾਂ ਹਾਸਲ ਕੀਤੀਆਂ। ਉਨ੍ਹਾਂ ਨੇ ਅਕਾਲੀ ਦਲ ਦੇ ਸੁੱਚਾ ਸਿੰਘ ਲੰਗਾਹ ਨੂੰ 1194 ਵੋਟਾਂ ਦੇ ਫ਼ਰਕ ਨਾਲ ਮਾਤ ਦਿੱਤੀ। 2017 ਵਿੱਚ ਆਪ ਦੇ ਉਮੀਦਵਾਰ ਗੁਰਪਰਤਾਪ ਸਿੰਘ ਨੂੰ 17222 ਵੋਟਾਂ ਮਿਲੀਆਂ।

2022
ਸਾਲ 2022 'ਚ ਕਾਂਗਰਸ ਵੱਲੋਂ ਸੁਖਜਿੰਦਰ ਸਿੰਘ ਰੰਧਾਵਾ ਨੇ ਜਿੱਤ ਹਾਸਲ ਕੀਤੀ। ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਰਵੀਕਰਨ ਸਿੰਘ ਕਾਹਲੋਂ ਅਤੇ ਆਮ ਆਦਮੀ ਪਾਰਟੀ ਵੱਲੋਂ ਗੁਰਦੀਪ ਸਿੰਘ ਰੰਧਾਵਾ ਨੂੰ ਉਮੀਦਵਾਰ ਐਲਾਨਿਆ ਗਿਆ ਸੀ। ਇਸ ਤੋਂ ਇਲਾਵਾ ਭਾਜਪਾ ਵੱਲੋਂ ਕੁਲਦੀਪ ਸਿੰਘ ਕਾਹਲੋਂ ਅਤੇ ਸੰਯੁਕਤ ਸਮਾਜ ਵੱਲੋਂ ਜਗਜੀਤ ਸਿੰਘ ਕਲਾਨੌਰ  ਨੂੰ ਉਮੀਦਵਾਰ ਐਲਾਨਿਆ ਗਿਆ ਸੀ। ਦੱਸ ਦੇਈਏ ਸੁਖਜਿੰਦਰ ਸਿੰਘ ਰੰਧਾਵਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਵੀਕਰਨ ਸਿੰਘ ਕਾਹਲੋਂ ਨੂੰ 466 ਫ਼ਰਕ ਨਾਲ ਹਰਾਇਆ। ਸੁਖਜਿੰਦਰ ਰੰਧਾਵਾਂ ਨੇ ਚੋਣਾਂ ਦੌਰਾਨ 52,555 ਵੋਟਾਂ ਹਾਸਲ ਕੀਤੀਆਂ, ਜਦ ਕਿ ਸ਼੍ਰੋਮਣੀ ਅਕਾਲੀ ਦਲ ਦੇ ਰਵੀਕਰਨ ਸਿੰਘ ਕਾਹਲੋਂ ਨੂੰ 52,089 ਵੋਟਾਂ ਮਿਲੀਆਂ।

ਸਾਲ ਜੇਤੂ  ਪਾਰਟੀ ਕੁੱਲ ਵੋਟਾਂ
2002 ਸੁੱਚਾ ਸਿੰਘ ਛੋਟਪੁਰ ਆਜ਼ਾਦ 32,442
2007 ਸੁੱਚਾ ਸਿੰਘ ਲੰਗਾਹ ਅਕਾਲੀ ਦਲ 52,134
2012 ਸੁਖਜਿੰਦਰ  ਸਿੰਘ ਰੰਧਾਵਾ ਕਾਂਗਰਸ 66,294
2017 ਸੁਖਜਿੰਦਰ  ਸਿੰਘ ਰੰਧਾਵਾ ਕਾਂਗਰਸ 60,385
2022 ਸੁਖਜਿੰਦਰ  ਸਿੰਘ ਰੰਧਾਵਾ ਕਾਂਗਰਸ 52,555

ਕਾਂਗਰਸ ਨੇ ਮੌਜੂਦਾ ਗੁਰਦਾਸਪੁਰ ਤੋਂ ਸੰਸਦ ਮੈਂਬਰ ਅਤੇ ਸਾਬਕਾ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਦੀ ਪਤਨੀ ਜਤਿੰਦਰ ਕੌਰ ਰੰਧਾਵਾ ਨੂੰ ਟਿਕਟ ਦਿੱਤੀ ਹੈ। ਉੱਥੇ ਹੀ ਆਮ ਆਦਮੀ ਪਾਰਟੀ ਨੇ ਗੁਰਦੀਪ ਸਿੰਘ ਰੰਧਾਵਾ ਅਤੇ ਭਾਜਪਾ ਨੇ ਰਵੀ ਕਰਨ ਕਾਹਲੋਂ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Shivani Bassan

Content Editor

Related News