ਪੰਜਾਬੀ ਮੁੰਡੇ ਨੇ ਵੇਖਿਆ ਸੀ ਫ਼ੌਜ ''ਚ ਭਰਤੀ ਹੋਣ ਦਾ ਸੁਫ਼ਨਾ! ਪਰ ਮਿਹਨਤ ਕਰਦਿਆਂ-ਕਰਦਿਆਂ...
Tuesday, Aug 05, 2025 - 02:39 PM (IST)

ਜੋਧਾਂ (ਜ. ਬ.)- ਸ਼ਹੀਦ ਸਰਾਭਾ ਮਾਰਗ ’ਤੇ ਰਿਸ਼ਬ ਮਿੱਲਜ਼ ਕੋਲ ਸੜਕ ’ਤੇ ਦੌੜ ਲਗਾ ਰਹੇ ਬਲਕਰਨ ਸਿੰਘ ਨਾਂ ਦੇ ਨੌਜਵਾਨ ਨੂੰ ਅਣਪਛਾਤੇ ਵਾਹਨ ਨੇ ਮਗਰੋਂ ਟੱਕਰ ਮਾਰ ਦਿੱਤੀ, ਜਿਸ ਨਾਲ ਉਸ ਨੌਜਵਾਨ ਦੀ ਮੌਤ ਹੋ ਗਈ। ਪੁਲਸ ਨੂੰ ਦਿੱਤੇ ਬਿਆਨਾਂ ’ਚ ਲੜਕੇ ਦੇ ਪਿਤਾ ਚਮਕੌਰ ਸਿੰਘ ਪੁੱਤਰ ਹੁਸ਼ਿਆਰ ਸਿੰਘ ਵਾਸੀ ਜੋਧਾਂ ਨੇ ਦੱਸਿਆ ਕਿ ਉਸ ਦਾ ਪੁੱਤਰ ਬਲਕਰਨ ਸਿੰਘ ਫੌਜ ’ਚ ਭਰਤੀ ਹੋਣ ਲਈ ਤਿਆਰੀ ਕਰ ਰਿਹਾ ਸੀ, ਉਹ ਹਰ ਰੋਜ਼ ਹੀ ਤੜਕਸਾਰ ਸੜਕ ’ਤੇ ਦੌੜਨ ਜਾਂਦਾ ਸੀ।
ਬੀਤੀ 2 ਅਗਸਤ ਨੂੰ ਵੀ ਉਹ ਸਵੇਰੇ ਸ਼ਹੀਦ ਸਰਾਭਾ ਮਾਰਗ ’ਤੇ ਦੌੜ ਲਗਾ ਰਿਹਾ ਸੀ, ਮੈਂ ਸਾਈਕਲ ’ਤੇ ਉਸ ਦੇ ਮਗਰ ਜਾ ਰਿਹਾ ਸੀ। ਜਦ ਉਹ ਰਿਸ਼ਭ ਮਿੱਲਜ਼ ਤੋਂ ਕੁਝ ਅੱਗੇ ਗਿਆ ਤਾਂ ਜੋਧਾਂ ਤੋਂ ਸਰਾਭਾ ਵੱਲ ਨੂੰ ਜਾ ਰਹੇ ਇਕ ਅਣਪਛਾਤੇ ਵਾਹਨ ਨੇ ਉਸ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ, ਜਿਸ ਕਾਰਨ ਬਲਕਰਨ ਸਿੰਘ ਅੱਗੇ ਨੂੰ ਡਿੱਗ ਪਿਆ।
ਜਦੋਂ ਅਸੀਂ ਉਸ ਨੂੰ ਇਲਾਜ ਲਈ ਡੀ. ਐੱਮ. ਸੀ. ਹਸਪਤਾਲ ਲੈ ਕੇ ਗਏ ਤਾਂ ਉਥੇ ਉਸ ਦੀ ਮੌਤ ਹੋ ਗਈ। ਜਾਂਚ ਅਧਿਕਾਰੀ ਏ. ਐੱਸ. ਆਈ. ਗੁਰਚਰਨ ਸਿੰਘ ਨੇ ਦੱਸਿਆ ਕਿ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।