ਸਾਊਦੀ ਅਰਬ ''ਚ ਗੜ੍ਹਦੀਵਾਲਾ ਦੇ ਨੌਜਵਾਨ ਦੀ ਮੌਤ ਬਣੀ ਬੁਝਾਰਤ, ਨਾ ਮਿਲੀ ਲਾਸ਼, ਨਾ ਕੰਪਨੀ ਦੇ ਰਹੀ ਕੋਈ ਜਵਾਬ
Wednesday, Oct 05, 2022 - 10:15 PM (IST)

ਗੜ੍ਹਦੀਵਾਲਾ (ਭੱਟੀ) : ਗੜ੍ਹਦੀਵਾਲਾ ਦੇ ਨਜ਼ਦੀਕ ਪੈਂਦੇ ਪਿੰਡ ਰੂਪੋਵਾਲ ਦੇ ਸਾਊਦੀ ਅਰਬ ਵਿਚ ਰੋਜ਼ੀ ਰੋਟੀ ਕਮਾਉਣ ਗਏ ਨੌਜਵਾਨ ਹਰਜੋਤ ਸਿੰਘ (32) ਦੀ ਮੌਤ ਦੀ ਮਿਲੀ ਜਾਣਕਾਰੀ ਅਣਸੁਲਝੀ ਬੁਝਾਰਤ ਬਣੀ ਹੋਈ ਹੈ। ਹਰਜੋਤ ਸਿੰਘ ਬਾਰੇ ਕਿਸੇ ਵਿਅਕਤੀ ਨੇ ਫੋਨ 'ਤੇ ਦੱਸਿਆ ਸੀ ਕਿ ਉਸਦੀ ਟਰਾਲੇ ਨੂੰ ਅੱਗ ਲੱਗਣ ਕਾਰਨ ਮੌਤ ਹੋ ਗਈ ਹੈ ਤੇ ਸਰੀਰ ਦਾ ਕੋਈ ਅੰਗ ਨਹੀਂ ਬਚਿਆ। ਹਰਜੋਤ ਸਿੰਘ ਦੇ ਮਾਂ-ਪਿਓ ਤੋਂ ਇਲਾਵਾ ਉਸ ਦੀ ਪਤਨੀ ਪ੍ਰਿੰਕਾ, ਉਸਦੀਆਂ 11 ਤੇ 10 ਸਾਲਾਂ ਦੀਆਂ 2 ਧੀਆਂ ਅਤੇ 4 ਸਾਲ ਦਾ ਇਕ ਪੁੱਤਰ ਹੈ। ਇਸ ਘਟਨਾ ਦੇ ਪਤਾ ਲੱਗਣ ਕਾਰਨ ਜਿੱਥੇ ਪਰਿਵਾਰ ਸਦਮੇ ਵਿਚ ਹੈ, ਉੱਥੇ ਇਲਾਕੇ ਵਿਚ ਵੀ ਸੋਗ ਪਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਹੁਣ ਇਸ ਮਾਮਲੇ 'ਚ ਕਾਂਗਰਸੀਆਂ 'ਤੇ ਸ਼ਿਕੰਜਾ ਕੱਸਣ ਦੀ ਤਿਆਰੀ ,ਹਰਜੋਤ ਬੈਂਸ ਦਾ ਦਾਅਵਾ- ਰਿਪੋਰਟ ਕਰੇਗੀ ਵੱਡਾ ਧਮਾਕਾ
ਇਸ ਸਬੰਧੀ ਨਮ ਅੱਖਾਂ ਨਾਲ ਜਾਣਕਾਰੀ ਦਿੰਦਿਆਂ ਹਰਜੋਤ ਸਿੰਘ ਦੇ ਪਿਤਾ ਇੰਦਰਜੀਤ ਅਤੇ ਮਾਤਾ ਬਲਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਹਰਜੋਤ ਸਿੰਘ 12 ਜਨਵਰੀ 2022 ਨੂੰ ਰੋਜ਼ੀ ਰੋਟੀ ਕਮਾਉਣ ਲਈ ਸਾਊਦੀ ਅਰਬ ਗਿਆ ਸੀ ਅਤੇ ਉਹ ਉੱਥੇ ਟਰਾਲਾ ਚਲਾਉਂਦਾ ਸੀ।ਉਨ੍ਹਾਂ ਦੱਸਿਆ ਕਿ ਪੰਜਾਬ ਤੋਂ ਸਾਊਦੀ ਅਰਬ ਗਏ ਇਕ ਵਿਅਕਤੀ ਦਾ 30 ਸਤੰਬਰ ਨੂੰ ਹਰਜੋਤ ਸਿੰਘ ਬਾਰੇ ਫੋਨ ਆਇਆ ਕਿ ਉਨ੍ਹਾਂ ਦੇ ਪੁੱਤਰ ਦੀ ਟਰਾਲੇ ਨੂੰ ਅੱਗ ਲੱਗਣ ਨਾਲ ਮੌਤ ਹੋ ਗਈ। ਜਿਸ ਵਿਚ ਉਸਦਾ ਇਕ ਅੰਗ ਤੱਕ ਨਹੀਂ ਬਚਿਆ। ਹਰਜੋਤ ਸਿੰਘ ਦੀ ਮ੍ਰਿਤਕ ਦੇਹ ਨਾ ਮਿਲਣ ਅਤੇ ਅੱਗ ਦੀ ਲਪੇਟ ਵਿਚ ਆਏ ਟਰਾਲੇ ਦੀਆਂ ਤਸਵੀਰਾਂ ਵਿਚ ਮੌਤ ਦਾ ਕੋਈ ਸੁਰਾਗ ਨਾ ਮਿਲਣ ਕਾਰਨ ਇਹ ਘਟਨਾ ਅਣਸੁਲਝੀ ਬੁਝਾਰਤ ਬਣੀ ਹੋਈ ਹੈ। ਹਰਜੋਤ ਦੇ ਪਿਤਾ ਨੇ ਕਿਹਾ ਕਿ ਇਸ ਸਬੰਧੀ ਉਨ੍ਹਾਂ ਨੂੰ ਨਾ ਹੀ ਕੰਪਨੀ ਵੱਲੋਂ ਕੋਈ ਸਹੀ ਜਾਣਕਾਰੀ ਮਿਲ ਰਹੀ ਹੈ ਅਤੇ ਉਨ੍ਹਾਂ ਨੂੰ ਸ਼ੱਕ ਹੈ ਕਿ ਉਨ੍ਹਾਂ ਦੇ ਪੁੱਤਰ ਬਾਰੇ ਗ਼ਲਤ ਸੂਚਨਾ ਦਿੱਤੀ ਗਈ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਾਊਦੀ ਅਰਬ ਦੀ ਸਰਕਾਰ ਨਾਲ ਗੱਲਬਾਤ ਕਰ ਕੇ ਇਸ ਘਟਨਾ ਦੀ ਜਾਂਚ ਕਰਵਾਈ ਜਾਵੇ।
ਇਹ ਵੀ ਪੜ੍ਹੋ: ਕੈਦੀਆਂ ਨੂੰ ਦੁਸਹਿਰੇ ਦਾ ਤੋਹਫ਼ਾ; ਨਵ-ਵਿਆਹੁਤਾ ਕੈਦੀ ਪਤੀਆਂ ਨਾਲ ਜੇਲ੍ਹ ’ਚ ਬਿਤਾ ਸਕਣਗੀਆਂ ਖ਼ੁਸ਼ੀ ਦੇ ਪਲ
ਪਰਿਵਾਰ ਵੱਲੋਂ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਯੂਥ ਵਿੰਗ ਦੇ ਪ੍ਰਧਾਨ ਚੌਧਰੀ ਰਾਜਵਿੰਦਰ ਸਿੰਘ ਰਾਜਾ ਨਾਲ ਦਫ਼ਤਰ ਵਿਖੇ ਇਸ ਘਟਨਾ ਸਬੰਧੀ ਗੱਲਬਾਤ ਕੀਤੀ ਗਈ ਅਤੇ ਚੌਧਰੀ ਰਾਜਾ ਵੱਲੋਂ ਹਲਕਾ ਵਿਧਾਇਕ ਨਾਲ ਰਾਬਤਾ ਕਾਇਮ ਕਰਵਾਇਆ ਗਿਆ।ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਨੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਵੱਲੋਂ ਇਨਸਾਫ਼ ਦਿਵਾਉਣ ਵਿਚ ਕੋਈ ਕਸਰ ਨਹੀਂ ਛੱਡੀ ਜਾਵੇਗੀ।
ਇਹ ਵੀ ਪੜ੍ਹੋ: ਭਾਜਪਾ ਨੂੰ ਜੇ ਆਪਣੀ ਤਾਕਤ ’ਤੇ ਗਰੂਰ ਤਾਂ 'ਆਪ' ਨੂੰ ਆਪਣੇ ਰਾਸ਼ਟਰਵਾਦ ’ਤੇ : ਮੰਤਰੀ ਧਾਲੀਵਾਲ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ