ਅਕਾਲੀਆਂ ਦੇ ਰਾਹ ''ਤੇ ਕੈਪਟਨ ਸਰਕਾਰ, ਇਸ ਸੂਬੇ ਤੋਂ ਬਿਜਲੀ ਖਰੀਦੇਗਾ ਪੰਜਾਬ

06/30/2017 4:26:14 PM

ਬਠਿੰਡਾ— ਬਿਜਲੀ ਦੇ ਮੁੱਦੇ 'ਤੇ ਕੈਪਟਨ ਸਰਕਾਰ ਵੀ ਅਕਾਲੀਆਂ ਦੇ ਰਾਹ 'ਤੇ ਤੁਰ ਪਈ ਹੈ। ਸੂਬੇ 'ਚ ਬਿਜਲੀ ਸਰਪਲੱਸ ਕਰਨ ਦੇ ਨਾਂ 'ਤੇ ਪ੍ਰਾਈਵੇਟ ਖੇਤਰ ਦੀਆਂ ਕੰਪਨੀਆਂ ਨਾਲ ਪੰਜਾਬ 'ਚ ਥਰਮਲ ਪਲਾਂਟ ਲਗਾਉਣ ਲਈ ਅਕਾਲੀ ਦਲ ਵੱਲੋਂ ਕੀਤੇ ਸਮਝੌਤਿਆਂ ਦਾ ਵਿਰੋਧ ਕਰਨ ਵਾਲੀ ਕਾਂਗਰਸ ਸਰਕਾਰ ਵੀ ਕੁਝ ਅਜਿਹਾ ਕਰਨ ਜਾ ਰਹੀ ਹੈ। ਸੂਤਰਾਂ ਅਨੁਸਾਰ ਪਿਛਲੇ ਦਿਨੀਂ ਕੈਪਟਨ ਸਰਕਾਰ ਨੇ ਗੁਜਰਾਤ ਦੀ ਇਕ ਪ੍ਰਾਈਵੇਟ ਪਾਵਰ ਕੰਪਨੀ ਨਾਲ ਇਕ ਹਜ਼ਾਰ ਮੈਗਾਵਾਟ ਬਿਜਲੀ ਖਰੀਦਣ ਲਈ ਸਮਝੌਤਾ ਕੀਤਾ ਹੈ। 
ਦੂਜੇ ਪਾਸੇ, ਜਨਤਕ ਖੇਤਰ ਦੇ ਗੁਰੂ ਨਾਨਕ ਦੇਵ ਥਰਮਲ ਪਲਾਂਟ ਅਤੇ ਰੋਪੜ ਥਰਮਲ ਪਲਾਂਟ ਦੇ ਦੋ-ਦੋ ਯੂਨਿਟਾਂ ਨੂੰ ਪੱਕੇ ਤੌਰ 'ਤੇ ਬੰਦ ਕਰਨ ਲਈ ਕਾਰਪੋਰੇਸ਼ਨ ਦੇ ਬੋਰਡ ਆਫ਼ ਡਾਇਰੈਕਟਰਜ਼ ਦੀ ਮੀਟਿੰਗ ਦੌਰਾਨ ਮਤਾ ਲਿਆਂਦਾ ਜਾ ਰਿਹਾ ਹੈ। ਇਸ ਮਤੇ ਨੂੰ ਪਾਸ ਕਰਵਾਉਣ ਪਿੱਛੇ ਸਰਕਾਰ ਵੱਲੋਂ ਉਕਤ ਯੂਨਿਟਾਂ ਦੇ ਪੁਰਾਣੇ ਹੋਣ ਕਾਰਨ ਬਿਜਲੀ ਉਤਪਾਦਨ ਦੇ ਮਹਿੰਗਾ ਹੋਣ ਦਾ ਤਰਕ ਦਿੱਤਾ ਜਾ ਰਿਹਾ ਹੈ ਹਾਲਾਂਕਿ ਬਠਿੰਡਾ ਦੇ ਥਰਮਲ ਪਲਾਂਟ ਦੇ ਦੋ ਯੂਨਿਟਾਂ ਦੇ ਨਵੀਨੀਕਰਨ ਦੇ ਨਾਮ 'ਤੇ ਵੀ ਪਿਛਲੇ ਸਮੇਂ ਦੌਰਾਨ ਕਰੋੜਾਂ ਰੁਪਏ ਲਾਏ ਗਏ ਹਨ। ਜਨਤਕ ਸੈਕਟਰ ਦੇ ਬਠਿੰਡਾ, ਰੋਪੜ ਤੇ ਲਹਿਰਾ ਮੁਹੱਬਤ ਦੇ 14 ਯੂਨਿਟਾਂ 'ਤੇ ਕੁਲ 2640 ਮੈਗਾਵਾਟ ਦਾ ਉਤਪਾਦਨ ਕੀਤਾ ਜਾਂਦਾ ਹੈ।  ਪਿਛਲੀ ਅਕਾਲੀ-ਭਾਜਪਾ ਸਰਕਾਰ ਵੇਲੇ ਬਿਜਲੀ ਦਾ ਉਤਪਾਦਨ ਵਧਾਉਣ ਦੇ ਨਾਂ 'ਤੇ ਸੂਬੇ 'ਚ ਲਗਾਏ ਗਏ ਵਣਵਾਲਾ(ਤਲਵੰਡੀ ਸਾਬੋ), ਰਾਜਪੁਰਾ ਤੇ ਗੋਇੰਦਵਾਲ ਸਾਹਿਬ ਦੇ ਥਰਮਲ ਪਲਾਟਾਂ ਨੂੰ ਚਲਾਉਣ ਵਾਲੀਆਂ ਕੰਪਨੀਆਂ ਨਾਲ ਹੋਏ ਸਮਝੌਤੇ ਤਹਿਤ ਇਨ੍ਹ੍ਹਾਂ ਨੂੰ ਤੈਅਸ਼ੁਦਾ 1 ਰੁਪਏ 40 ਪੈਸੇ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਪੰਜਾਬ ਸਰਕਾਰ ਨੂੰ ਦੇਣੇ ਪੈ ਰਹੇ ਹਨ। 
ਗੁਜਰਾਤ ਸਮਝੌਤੇ ਕਾਰਨ ਪਾਵਰਕਾਮ ਨੂੰ ਅਪਣੇ ਥੀਨ ਡੈਮ ਦੇ ਤਿੰਨਾਂ ਹਾਈਡਲਾਂ ਵਿਚੋਂ ਦੋ ਨੂੰ ਬੰਦ ਕਰਨਾ ਪਿਆ ਹੈ ਜਦਕਿ ਹਾਈਡਲਾਂ ਦੀ ਬਿਜਲੀ ਜ਼ੀਰੋ ਪੈਸੇ ਪ੍ਰਤੀ ਯੂਨਿਟ ਪੈਂਦੀ ਹੈ। ਉਂਜ ਸੂਬੇ 'ਚ ਇਨ੍ਹੀ ਦਿਨੀਂ ਹੋ ਰਹੀ ਭਾਰੀ ਬਾਰਸ਼ ਕਾਰਨ ਜਨਤਕ ਖੇਤਰ ਦੇ ਸਾਰੇ ਯੂਨਿਟ ਬੰਦ ਕੀਤੇ ਹੋਏ ਹਨ। ਸਰਕਾਰ ਦੇ ਇਨ੍ਹਾਂ ਫ਼ੈਸਲਿਆਂ ਦਾ ਵਿਰੋਧ ਕਰਦਿਆਂ ਗੁਰੂ ਨਾਨਕ ਦੇਵ ਥਰਮਲ ਪਲਾਂਟ ਇੰਪਲਾਈਜ਼ ਫ਼ੈਡਰੇਸ਼ਨ ਦੀ ਜਨਰਲ ਕੌਂਸਲ ਕਮੇਟੀ ਨੇ ਭਲਕ ਤੋਂ ਸੰਘਰਸ਼ ਵਿੱਢਣ ਦਾ ਫ਼ੈਸਲਾ ਕੀਤਾ ਹੈ। ਫ਼ੈਡਰੇਸ਼ਨ ਦੇ ਪ੍ਰਧਾਨ ਗੁਰਸੇਵਕ ਸਿੰਘ ਨੇ ਦਾਅਵਾ ਕੀਤਾ ਕਿ ਮੀਂਹ ਪੈਣ ਨਾਲ ਪਾਵਰਕਾਮ ਨੂੰ ਕੋਈ ਰਾਹਤ ਨਹੀਂ ਮਿਲੀ ਹੈ ਸਗੋਂ ਪੰਜਾਬ ਵਿਚ ਲੱਗੇ ਪ੍ਰਾਈਵੇਟ ਥਰਮਲਾਂ ਦੇ ਮਾਲਕਾਂ ਅਤੇ ਗੁਜਰਾਤ ਕੰਪਨੀ ਨੂੰ ਹੀ ਰਾਹਤ ਮਿਲੀ ਹੈ ਕਿਉਂਕਿ ਉਨ੍ਹਾਂ ਨੂੰ ਘੱਟ ਫ਼ਿਊਲ ਬਾਲ ਕੇ (ਘੱਟ ਕੋਲਾ ਖਪਤ ਕਰ ਕੇ) ਪੂਰੀ ਵਸੂਲੀ ਹੋ ਰਹੀ ਹੈ। ਮੀਂਹ ਪੈਣ ਨਾਲ ਗੁਜਰਾਤ ਤੋਂ ਖਰੀਦੀ ਬਿਜਲੀ ਅਜਾਈਂ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜੇ ਗੁਜਰਾਤ ਸਮਝੌਤਾ ਨਾ ਕਰ ਕੇ ਸੂਬੇ ਦੀ ਬਿਜਲੀ ਲੋੜ ਨੂੰ ਪੂਰੀ ਕਰਨ ਲਈ ਅਪਣੇ ਸਰਕਾਰੀ ਥਰਮਲਾਂ ਦੇ ਯੂਨਿਟ ਚਲਾਏ ਹੁੰਦੇ ਤਾ ਮੀਂਹ ਪੈਣ 'ਤੇ ਬੰਦ ਕਰ ਕੇ ਪਾਵਰਕਾਮ ਇਸ ਕੁਦਰਤੀ ਤੋਹਫ਼ੇ ਦਾ ਲਾਭ ਉਠਾ ਸਕਦਾ ਸੀ।


Kulvinder Mahi

News Editor

Related News