ਸੂਰਿਆ ਐਨਕਲੇਵ ਸਮੇਤ ਦਰਜਨਾਂ ਥਾਵਾਂ ’ਤੇ ਛਾਪੇਮਾਰੀ: ਬਿਜਲੀ ਚੋਰੀ ਦੇ 14 ਕੇਸ ਫੜੇ, 7 ਲੱਖ ਜੁਰਮਾਨਾ
Sunday, Jun 23, 2024 - 10:44 AM (IST)
ਜਲੰਧਰ (ਪੁਨੀਤ)-ਬਿਜਲੀ ਦੀ ਗਲਤ ਵਰਤੋਂ ਨੂੰ ਰੋਕਣ ਲਈ ਪਾਵਰਕਾਮ ਵੱਲੋਂ ਚਲਾਈ ਜਾ ਰਹੀ ਮੁਹਿੰਮ ’ਚ ਤੇਜ਼ੀ ਵੇਖਣ ਨੂੰ ਮਿਲ ਰਹੀ ਹੈ। ਇਸੇ ਲੜੀ ਅਧੀਨ ਐਨਫੋਰਸਮੈਂਟ ਵਿੰਗ ਵੱਲੋਂ ਸਵੇਰੇ ਤੜਕੇ ਨਾਰਥ ਜ਼ੋਨ ਅਧੀਨ ਆਉਂਦੇ ਹੁਸ਼ਿਆਰਪੁਰ, ਕਪੂਰਥਲਾ, ਜਲੰਧਰ ਅਤੇ ਨਵਾਂਸ਼ਹਿਰ ਸਰਕਲਾਂ ’ਚ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਬਿਜਲੀ ਚੋਰੀ ਦੇ ਕੁੱਲ੍ਹ 14 ਕੇਸ ਫੜੇ ਗਏ ਅਤੇ ਸਬੰਧਤ ਖ਼ਪਤਕਾਰਾਂ ਨੂੰ 7 ਲੱਖ ਰੁਪਏ ਦੇ ਲਗਭਗ ਜੁਰਮਾਨਾ ਠੋਕਿਆ ਗਿਆ। ਮੌਕੇ ’ਤੇ ਬਿਜਲੀ ਕੁਨੈਕਸ਼ਨ ਕੱਟ ਦਿੱਤੇ ਗਏ ਹਨ ਤੇ ਪਾਵਰਕਾਮ ਅਧੀਨ ਆਉਂਦੇ ਪੁਲਸ ਥਾਣੇ ਨੂੰ ਕੇਸ ਭੇਜ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਵੱਖ-ਵੱਖ ਟੀਮਾਂ ਵੱਲੋਂ ਗੁਪਤ ਸੂਚਨਾ ਦੇ ਆਧਾਰ ’ਤੇ ਸੂਰਿਆ ਐਨਕਲੇਵ ਸਮੇਤ ਦਰਜਨਾਂ ਥਾਵਾਂ ’ਚ ਛਾਪੇਮਾਰੀ ਕਰਵਾਈ ਗਈ।
ਇਹ ਵੀ ਪੜ੍ਹੋ-ਗਰਮੀ ਫਿਰ ਤੋਂ ਵਰ੍ਹਾਉਣ ਲੱਗੀ ਕਹਿਰ, ਇਸ ਤਾਰੀਖ਼ ਤੋਂ ਹੋਵੇਗੀ ਪ੍ਰੀ-ਮਾਨਸੂਨ ਦੀ ਸ਼ੁਰੂਆਤ, ਜਾਣੋ Weather Update
ਉੱਥੇ ਹੀ ਸੁਭਾਨਪੁਰ ਸਮੇਤ ਆਸ-ਪਾਸ ਦੇ ਇਲਾਕੇ ’ਚ ਵੀ ਦਬਿਸ਼ ਕੀਤੀ ਗਈ। ਇਸ ਕਾਰਵਾਈ ’ਚ ਬਿਜਲੀ ਚੋਰੀ ਦੇ 3 ਕੇਸ ਫੜੇ ਗਏ। ਸਬੰਧਤ ਖ਼ਪਤਕਾਰਾਂ ਦੇ ਇੱਥੇ ਘਰੇਲੂ ਕੁਨੈਕਸ਼ਨ ਚੱਲ ਰਹੇ ਸਨ ਪਰ ਇਸ ਦੇ ਬਾਵਜੂਦ ਅੰਦਰ ਆਉਣ ਵਾਲੀ ਤਾਰ ’ਚ ਕੁੰਡੀ ਲਾ ਕੇ ਸਿੱਧੀ ਬਿਜਲੀ ਚਲਾਈ ਜਾ ਰਹੀ ਸੀ। ਨਵਾਂਸ਼ਹਿਰ ਦੇ ਬਲਾਚੌਰ ਇਲਾਕੇ ’ਚ 2 ਕੇਸ ਸਾਹਮਣੇ ਆਏ ਹਨ। ਇਸ ’ਚ ਮੀਟਰ ਨੂੰ ਬਾਈਪਾਸ ਕਰ ਕੇ ਸਿੱਧੇ ਤੌਰ ’ਤੇ ਬਿਜਲੀ ਚੋਰੀ ਕੀਤੀ ਜਾ ਰਹੀ ਸੀ। ਇਸੇ ਤਰ੍ਹਾਂ ਫਗਵਾੜਾ ਦੇ ਨੇੜੇ ਪੈਂਦੇ ਪਿੰਡ ਪੁਆਦੜਾ ’ਚ ਵੱਡਾ ਕੇਸ ਫੜਿਆ ਗਿਆ ਹੈ। ਇਸ ਖ਼ਪਤਕਾਰ ਦਾ ਸੈਂਕਸ਼ਨ ਲੋਡ 7.5 ਕਿਲੋਵਾਟ ਸੀ ਪਰ ਮੀਟਰ ਦੇ ਨਾਲ ਆ ਰਹੀ ਸਪਲਾਈ ਨੂੰ ਕ੍ਰੈਕ ਕਰ ਕੇ ਬਿਜਲੀ ਚੋਰੀ ਕੀਤੀ ਜਾ ਰਹੀ ਸੀ। ਇਸ ਖਪਤਕਾਰ ਨੂੰ 1.26 ਲੱਖ ਜੁਰਮਾਨਾ ਕੀਤਾ ਗਿਆ ਹੈ।
ਕਪੂਰਥਲਾ ’ਚ ਫੜੇ ਗਏ ਇਕ ਕੇਸ ’ਚ ਸਬ-ਕੁਨੈਕਸ਼ਨ ਦੇ ਅੰਦਰ ਬਿਜਲੀ ਚੋਰੀ ਲਈ ਵੱਖਰੀਆਂ ਤਾਰਾਂ ਪਾਈਆਂ ਗਈਆਂ ਸਨ। ਵਿਭਾਗ ਨੇ ਮੌਕੇ ’ਤੇ ਬਿਜਲੀ ਚੋਰੀ ਕਰਨ ਲਈ ਵਰਤਿਆ ਜਾਣ ਵਾਲਾ ਸਾਮਾਨ ਜ਼ਬਤ ਕੀਤਾ ਹੈ। ਹੁਸ਼ਿਆਰਪੁਰ ਅਧੀਨ ਆਉਂਦੇ ਭਾਨੀ ਮਿਰਜਾਖਾਨ ਤੇ ਘੋਗਰਾ ਪਿੰਡ ’ਚ ਚੋਰੀ ਦੇ 7 ਕੇਸ ਫੜੇ ਗਏ। ਇੱਥੋਂ ਖ਼ਪਤਕਾਰਾਂ ਵੱਲੋਂ ਟ੍ਰਾਂਸਫਾਰਮਰ ਦੇ ਫਿਊਜ਼ ਯੂਨਿਟ ਨਾਲ ਲੱਕੜ ਦੇ ਡੰਡੇ ਦੇ ਸਹਾਰੇ ਕੁੰਡੀ ਪਾਈ ਗਈ ਸੀ। ਇਸ ਤਰ੍ਹਾਂ ਵਿਭਾਗ ਵੱਲੋਂ ਇਨ੍ਹਾਂ ਕੇਸਾਂ ਨੂੰ ਕੁੱਲ੍ਹ 7 ਲੱਖ ਦੇ ਲਗਭਗ ਜੁਰਮਾਨਾ ਠੋਕਿਆ ਗਿਆ ਹੈ ਅਤੇ ਕਾਰਵਾਈ ਜਾਰੀ ਹੈ।
ਇਹ ਵੀ ਪੜ੍ਹੋ- ਪ੍ਰਤਾਪ ਸਿੰਘ ਬਾਜਵਾ ਦਾ ਅਹਿਮ ਬਿਆਨ, ਕਿਹਾ-‘ਨਸ਼ੇ ਤੇ ਸੱਟੇ ਦਾ ਅੱਡਾ ਹੈ ਜਲੰਧਰ ਵੈਸਟ’
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।