ਪੰਜਾਬ ਦੇ ਵਾਹਨ ਚਾਲਕ ਸਾਵਧਾਨ! ਰੋਜ਼ ਕੱਟੇ ਜਾਣਗੇ ਹਜ਼ਾਰਾਂ ਚਾਲਾਨ, ਲੱਗ ਗਿਆ ਨਵਾਂ ਸਿਸਟਮ
Friday, Mar 07, 2025 - 09:37 AM (IST)

ਮੋਹਾਲੀ (ਰਣਬੀਰ): ਚੰਡੀਗੜ੍ਹ ਤੋਂ ਬਾਅਦ ਹੁਣ ਮੋਹਾਲੀ ’ਚ ਈ-ਚਲਾਨ ਦੀ ਸ਼ੁਰੂਆਤ ਹੋ ਗਈ ਹੈ। ਟ੍ਰੈਫਿਕ ਨਿਯਮ ਤੋੜਨ ’ਤੇ ਚਲਾਨ ਘਰ-ਘਰ ਭੇਜੇ ਜਾਣਗੇ ਜਿਸ ’ਚ ਵਾਹਨ ਤੇ ਉਸ ਦੇ ਚਾਲਕ ਦੀ ਫੋਟੋ ਵੀ ਹੋਵੇਗੀ। ਪੂਰਾ ਸਿਸਟਮ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਰਾਹੀਂ ਚੱਲੇਗਾ ਭਾਵ ਜ਼ਮੀਨੀ ਪੱਧਰ ’ਤੇ ਪੁਲਸ ਮੁਲਾਜ਼ਮਾਂ ਦੀ ਲੋੜ ਨਹੀਂ ਹੋਵੇਗੀ। ਵੀਰਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ 21.60 ਕਰੋੜ ਦੀ ਲਾਗਤ ਨਾਲ ਸਿਟੀ ਸਰਵੀਲੈਂਸ ਤੇ ਟ੍ਰੈਫਿਕ ਮੈਨੇਜਮੈਂਟ ਸਿਸਟਮ (ਫੇਜ਼-1) ਦਾ ਉਦਘਾਟਨ ਕੀਤਾ। ਸਿਸਟਮ ਚਾਲੂ ਹੋਣ ਦੇ ਪਹਿਲੇ 6 ਘੰਟਿਆਂ ਅੰਦਰ ਹੀ ਸ਼ਹਿਰ ਵਿਚ 3 ਹਜ਼ਾਰ ਦੇ ਕਰੀਬ ਚਾਲਾਨ ਕੱਟੇ ਗਏ।
ਇਹ ਖ਼ਬਰ ਵੀ ਪੜ੍ਹੋ - ਮੁਲਾਜ਼ਮਾਂ ਦੀ ਆਵੇਗੀ ਸ਼ਾਮਤ! ਸਵੇਰੇ-ਸਵੇਰੇ ਵੱਜ ਗਿਆ 'ਛਾਪਾ'
ਸਿਸਟਮ ਦੀ ਸਮੁੱਚੀ ਨਿਗਰਾਨੀ ਲਈ ਸੈਕਟਰ 79 ਵਿਖੇ ਸਥਿਤ ਸੋਹਾਣਾ ਥਾਣੇ ਦੀ ਨਵੀਂ ਬਿਲਡਿੰਗ ’ਚ ਕੰਟਰੋਲ ਰੂਮ ਸਥਾਪਿਤ ਕੀਤਾ ਹੈ ਜਿੱਥੋਂ 24 ਘੰਟੇ ਨਜ਼ਰ ਰੱਖੀ ਜਾ ਰਹੀ ਹੈ। ਪਹਿਲੇ ਪੜਾਅ ’ਚ ਸ਼ਹਿਰ ਦੇ 17 ਪ੍ਰਮੁੱਖ ਪੁਆਇੰਟਸ ’ਤੇ 351 ਹਾਈ-ਰੈਜ਼ੋਲਿਊਸ਼ਨ ਸੀ.ਸੀ.ਟੀ.ਵੀ. ਕੈਮਰੇ ਲਾਏ ਗਏ ਹਨ। ਨਵੀਂ ਵਿਵਸਥਾ ਨਾਲ ਪੁਲਸ ਨੂੰ ਇਹ ਫਾਇਦਾ ਹੋਵੇਗਾ ਕਿ ਇਨ੍ਹਾਂ ਪੁਆਇੰਟ ਤੋਂ ਲੰਘਣ ਵਾਲੀ ਹਰ ਇਕ ਗੱਡੀ ਦਾ ਨੰਬਰ ਪੁਲਸ ਕੋਲ ਰਹੇਗਾ। ਇਥੋਂ ਤੱਕ ਕਿ ਗੱਡੀ ’ਚ ਬੈਠੇ ਵਿਅਕਤੀ ਦੇ ਚਿਹਰੇ ਦੀ ਫੋਟੋ ਵੀ ਆ ਜਾਵੱਗੀ। ਇਸ ਤੋਂ ਇਲਾਵਾ ਕਿਹੜੀ ਸੜਕ ’ਤੇ ਬਾਹਰੀ (ਦੂਜੇ ਰਾਜਾਂ ਦਾ) ਵਾਹਨ ਹੈ ਉਸ ਬਾਰੇ ਵੀ ਪਤਾ ਲੱਗ ਜਾਵੇਗਾ। ਜੇ ਜਾਮ ਲੱਗਾ ਹੈ ਤਾਂ ਉਸ ਸੜਕ ’ਤੇ ਹਾਲਾਤ ਸੰਭਾਲਣ ’ਚ ਮਦਦ ਮਿਲੇਗੀ। ਜੇਕਰ ਕਿਸੇ ਪੁਆਇੰਟ ’ਤੇ ਇਕ ਸਾਈਡ ਟ੍ਰੈਫਿਕ ਨਹੀਂ ਹੈ ਪਰ ਉੱਥੇ ਰੈਡ ਲਾਈਟ ਹੈ ਤਾਂ ਮੌਕਾ ਵੇਖ ਵਧੇਰੇ ਭੀੜ ਵਾਲੇ ਪਾਸਿਓਂ ਟ੍ਰੈਫਿਕ ਨੂੰ ਕਲੀਅਰ ਕਰਨ ’ਚ ਸਿਸਟਮ ਮਦਦਗਾਰ ਸਾਬਤ ਹੋਵੇਗਾ। ਨਵੀਂ ਤਕਨੀਕ ਨਾਲ ਕ੍ਰਾਈਮ ਗ੍ਰਾਫ਼ ’ਤੇ ਕਾਫ਼ੀ ਹੱਦ ਤੱਕ ਕਮੀ ਆਉਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਕੈਮਰਿਆਂ ਨਾਲ ਜਿੱਥੇ ਟ੍ਰੈਫਿਕ ਪ੍ਰਬੰਧਨ ’ਚ ਮਦਦ ਮਿਲੇਗੀ ਉੱਥੇ ਹੀ ਵਾਰਦਾਤਾਂ ਵੀ ਟ੍ਰੇਸ ਹੋ ਸਕਣਗੀਆਂ।
ਮਾਨ ਨੇ ਦੱਸੀ ਕੈਮਰਿਆਂ ਦੀ ਖ਼ਾਸੀਅਤ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਪ੍ਰਾਜੈਕਟ ਸ਼ਹਿਰੀ ਨਿਗਰਾਨੀ ਤੇ ਟ੍ਰੈਫਿਕ ਪ੍ਰਬੰਧਨ ਨੂੰ ਹੋਰ ਪੁਖ਼ਤਾ ਕਰਨ ਵੱਲ ਅਹਿਮ ਕਦਮ ਹੈ। ਏ.ਆਈ. ਨਾਲ ਲੈਸ ਇਸ ਅਤਿ-ਆਧੁਨਿਕ ਪ੍ਰਣਾਲੀ ਦਾ ਉਦੇਸ਼ ਜਨਤਕ ਸੁਰੱਖਿਆ ਨੂੰ ਬਿਹਤਰ ਬਣਾਉਣਾ, ਟ੍ਰੈਫਿਕ ਉਲੰਘਣਾਵਾਂ ਨੂੰ ਰੋਕਣਾ ਤੇ ਪ੍ਰਭਾਵਸ਼ਾਲੀ ਕਾਨੂੰਨ ਨੂੰ ਯਕੀਨੀ ਬਣਾਉਣਾ ਹੈ। ਸਿਸਟਮ ’ਚ 175 ਆਟੋਮੈਟਿਕ ਨੰਬਰ ਪਲੇਟ ਸ਼ਨਾਖ਼ਤ (ਏ.ਐਨ.ਪੀ.ਆਰ.) ਕੈਮਰੇ, 50 ਲਾਲ ਬੱਤੀ ਉਲੰਘਣਾ ਡਿਟੈਕਸ਼ਨ (ਆਰ.ਐਲ.ਵੀ.ਡੀ.) ਕੈਮਰੇ, ਆਮ ਨਿਗਰਾਨੀ ਲਈ 92 ਬੁਲੇਟ ਕੈਮਰੇ, ਵਧੇਰੇ ਚੌਕਸੀ ਲਈ 18 ਪੀ.ਟੀ.ਜ਼ੈੱਡ (ਪੈਨ, ਟਿਲਟ ਅਤੇ ਜ਼ੂਮ) ਕੈਮਰੇ ਤੇ ਦੋ ਮੁੱਖ ਸਥਾਨਾਂ ’ਤੇ ਸਪੀਡ ਉਲੰਘਣਾ ਡਿਟੈਕਸ਼ਨ ਲਈ 16 ਕੈਮਰੇ ਹਨ। ਪਹਿਲਕਦਮੀ ਦੀ ਮੁੱਖ ਵਿਸ਼ੇਸ਼ਤਾ ਆਟੋਮੇਟਿਡ ਈ-ਚਲਾਨ ਸਿਸਟਮ ਨੂੰ ਲਾਗੂ ਕਰਨਾ ਹੈ, ਜੋ ਅੱਗੇ ਐਨ.ਆਈ.ਸੀ. ਦੇ ਵਾਹਨ ਤੇ ਸਾਰਥੀ ਡੇਟਾਬੇਸ ਨਾਲ ਏਕੀਕ੍ਰਿਤ ਹੋਵੇਗਾ।
ਪ੍ਰਤੀ ਦਿਨ ਔਸਤਨ 5,000 ਤੋਂ 6,000 ਚਲਾਨ
ਪ੍ਰਾਜੈਕਟ ਤਹਿਤ ਰੈੱਡ ਲਾਈਟ ਜੰਪ, ਓਵਰਸਪੀਡ, ਟ੍ਰਿਪਲ ਰਾਈਡ, ਗ਼ਲਤ ਸਾਈਡ ਡਰਾਈਵਿੰਗ, ਬਿਨਾਂ ਹੈਲਮੇਟ ਸਵਾਰੀ ਤੇ ਸਟਾਪ ਲਾਈਨ/ਜ਼ੈਬਰਾ ਕਰਾਸਿੰਗ ਜਿਹੀਆਂ ਉਲੰਘਣਾਵਾਂ ਲਈ ਈ-ਚਲਾਨ ਆਟੋਮੈਟਿਕ ਜੈਨਰੇਟ ਹੋਵੇਗਾ। ਪ੍ਰਤੀ ਦਿਨ ਔਸਤਨ 5,000 ਤੋਂ 6,000 ਚਲਾਨ ਹੋਣਗੇ ਜਿਸ ਨਾਲ ਟ੍ਰੈਫਿਕ ਨਿਯਮਾਂ ’ਚ ਕਾਫ਼ੀ ਸੁਧਾਰ ਹੋਵੇਗਾ। ਪਹਿਲੇ ਪੜਾਅ ਦੀ ਸਫਲਤਾ ਤੋਂ ਬਾਅਦ ਹੁਣ ਸਰਕਾਰ ਜ਼ਿਲ੍ਹੇ ਭਰ ’ਚ ਹੋਰ ਥਾਵਾਂ ਨੂੰ ਕਵਰ ਕਰਨ ਵਾਲੇ ਦੂਜੇ ਪੜਾਅ ਦੀ ਯੋਜਨਾ ਬਣਾ ਰਹੀ ਹੈ ਤਾਂ ਜੋ ਨੈੱਟਵਰਕ ’ਚ ਹੋਰ ਵਾਧਾ ਕੀਤਾ ਜਾ ਸਕੇ। ਪ੍ਰਾਜੈਕਟ ਤਹਿਤ ਇਸ ਗੱਲ ’ਤੇ ਖ਼ਾਸ ਤਵੱਜੋ ਦਿੱਤੀ ਗਈ ਹੈ ਕਿ ਅਹਿਮ ਰਣਨੀਤਕ ਥਾਵਾਂ ਨੂੰ ਐਡਵਾਂਸ ਸੀ.ਸੀ.ਟੀ.ਵੀ. ਨਿਗਰਾਨੀ, ਪ੍ਰਮੁੱਖ ਟ੍ਰੈਫਿਕ ਜੰਕਸ਼ਨਾਂ ’ਤੇ ਅਡੈਪਟਿਵ ਟ੍ਰੈਫਿਕ ਕੰਟਰੋਲ ਸਿਸਟਮ (ਏ.ਟੀ.ਸੀ.ਐੱਸ.) ਅਤੇ ਵਾਹਨ ਐਕਚੂਏਟਿਡ ਕੰਟਰੋਲ (ਵੀ.ਏ.ਸੀ.) ਨੂੰ ਏ.ਆਈ. ਸੰਚਾਲਿਤ ਪ੍ਰਣਾਲੀ ਨਾਲ ਲੈਸ ਕੀਤਾ ਜਾਵੇ।
ਸਮਾਰਟ ਟ੍ਰੈਫਿਕ ਲਾਈਟਾਂ ਵੀ ਹੋਣਗੀਆਂ ਸ਼ੁਰੂ
ਸਮਾਰਟ ਟ੍ਰੈਫਿਕ ਲਾਈਟਾਂ ਵੀ ਸ਼ੁਰੂ ਕੀਤੀਆਂ ਜਾਣਗੀਆਂ, ਜੋ ਵਾਹਨਾਂ ਦੀ ਆਵਾਜਾਈ ਤੇ ਭੀੜ ਨੂੰ ਘਟਾਉਣ ਲਈ ਅਸਲ ਸਮੇਂ ਦੇ ਟ੍ਰੈਫਿਕ ਦਬਾਅ ਦੇ ਅਨੁਕੂਲ ਹੋਣਗੀਆਂ। ਮਾਨ ਨੇ ਕਿਹਾ ਕਿ ਏਕੀਕ੍ਰਿਤ ਟ੍ਰੈਫਿਕ ਕੋਰੀਡੋਰ ਵੀ ਬਣਾਏ ਜਾਣਗੇ, ਜਿਸ ਨਾਲ ਮੋਹਾਲੀ, ਖਰੜ, ਜ਼ੀਰਕਪੁਰ ਤੇ ਡੇਰਾਬਸੀ ਵਿੱਚ ਸੁਚਾਰੂ ਆਵਾਜਾਈ ਨੂੰ ਯਕੀਨੀ ਬਣਾਇਆ ਜਾਵੇਗਾ। ਆਈ.ਸੀ.ਸੀ.ਸੀ. ਪ੍ਰਾਜੈਕਟ ਸ਼ਹਿਰੀ ਸੁਰੱਖਿਆ ਤੇ ਸਮਾਰਟ ਟ੍ਰੈਫਿਕ ਪ੍ਰਬੰਧਨ ’ਚ ਵੱਡਾ ਮੀਲ ਪੱਥਰ ਹੈ। ਮੋਹਾਲੀ ਦੇ ਵਪਾਰਕ, ਆਈ.ਟੀ. ਤੇ ਰਿਹਾਇਸ਼ੀ ਹੱਬ ਵਜੋਂ ਤੇਜ਼ੀ ਨਾਲ ਵਿਸਥਾਰ ਦੇ ਮੱਦੇਨਜ਼ਰ ਇਹ ਉਪਰਾਲਾ ਕਾਨੂੰਨ ਵਿਵਸਥਾ ਬਣਾਈ ਰੱਖਣ, ਨਿਰਵਿਘਨ ਟ੍ਰੈਫਿਕ ਪ੍ਰਵਾਹ ਯਕੀਨੀ ਬਣਾਉਣ ਤੇ ਜਨਤਕ ਸੁਰੱਖਿਆ ਨੂੰ ਵਧਾਉਣ ’ਚ ਅਹਿਮ ਭੂਮਿਕਾ ਨਿਭਾਵੇਗਾ। ਸਰਕਾਰ ਸੁਰੱਖਿਅਤ ਤੇ ਸਮਾਰਟ ਸ਼ਹਿਰਾਂ ਦੇ ਨਿਰਮਾਣ ਲਈ ਅਤਿ-ਆਧੁਨਿਕ ਤਕਨਾਲੌਜੀ ਦੀ ਵਰਤੋਂ ਕਰਨ ਲਈ ਵਚਨਬੱਧ ਹੈ।
ਇਹ ਖ਼ਬਰ ਵੀ ਪੜ੍ਹੋ - ਤੜਕਸਾਰ ਪੰਜਾਬ ਪੁਲਸ ਦਾ ਵੱਡਾ ਐਕਸ਼ਨ! UP ਤੋਂ ਫੜਿਆ 'ਬੱਬਰ ਖ਼ਾਲਸਾ' ਦਾ ਅੱਤਵਾਦੀ, ਗ੍ਰਨੇਡ ਤੇ ਹਥਿਆਰ ਬਰਾਮਦ
ਇਹ ਥਾਵਾਂ ’ਤੇ ਹੁਣ ਤੀਜੀ ਅੱਖ ਦੀ ਨਜ਼ਰ
- ਚਾਵਲਾ ਚੌਂਕ ਕਰਾਸਿੰਗ
- ਫੇਜ਼ 3-5 ਕਰਾਸਿੰਗ
-ਮਾਈਕਰੋ ਟਾਵਰ ਫੇਜ਼ 2 /3 ਏ ਕਰਾਸਿੰਗ
-ਮੈਕਸ ਹਸਪਤਾਲ
- ਸੰਨੀ ਇਨਕਲੇਵ
- ਆਈ.ਆਈ.ਐੱਸ.ਈ.ਆਈ.ਆਰ. ਚੌਂਕ
- ਏਅਰਪੋਰਟ ਚੌਂਕ
- ਚੀਮਾ ਬੌਇਲਰ ਚੌਂਕ
- ਲਾਂਡਰਾਂ ਚੌਂਕ
- ਸੈਕਟਰ 105/106 ਡਿਵਾਇਡਿੰਗ ਰੋਡ
- ਦੈੜੀ ਟੀ ਪੁਆਇੰਟ ਲਾਂਡਰਾ-ਬਨੋੜ ਰੋਡ
- ਪੂਰਬ ਅਪਾਰਟਮੈਂਟ ਕਰਾਸਿੰਗ
- ਟੀ ਪੁਆਇੰਟ ਸੈਕਟਰ 90 ਫੇਜ਼ 8 ਬੀ
- ਫੇਜ਼ -7 ਕਰਾਸਿੰਗ
- ਟੀ.ਡੀ.ਆਈ.- ਗਿਲਕੋ ਦੇ ਨੇੜੇ - ਫਰੈਂਕੋ ਚੌਂਕ
- ਜ਼ੀਰਕਪੁਰ ਰੋਡ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8