ਪੰਜਾਬ: ''ਮੈਂ ਪੇਪਰਾਂ ਦੀ ਤਿਆਰੀ ਕਰਨੀ ਐ...'' ਆਖ਼ 7ਵੀਂ ਦੇ ਵਿਦਿਆਰਥੀ ਨੇ ਚੁੱਕ ਲਿਆ ਖ਼ੌਫ਼ਨਾਕ ਕਦਮ

Wednesday, May 13, 2026 - 02:15 PM (IST)

ਪੰਜਾਬ: ''ਮੈਂ ਪੇਪਰਾਂ ਦੀ ਤਿਆਰੀ ਕਰਨੀ ਐ...'' ਆਖ਼ 7ਵੀਂ ਦੇ ਵਿਦਿਆਰਥੀ ਨੇ ਚੁੱਕ ਲਿਆ ਖ਼ੌਫ਼ਨਾਕ ਕਦਮ

ਲੁਧਿਆਣਾ (ਰਾਜ)- ਟਿੱਬਾ ਰੋਡ ਸਥਿਤ ਰਾਇਲ ਕਾਲੋਨੀ ’ਚ ਇਕ 13 ਸਾਲਾ ਮਾਸੂਮ ਵੱਲੋਂ ਸ਼ੱਕੀ ਹਾਲਤ ’ਚ ਖੁਦਕੁਸ਼ੀ ਕਰਨ ਦਾ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਰਵੀ ਵਜੋਂ ਹੋਈ ਹੈ, ਜੋ ਜੈਨ ਪਬਲਿਕ ਸਕੂਲ ’ਚ 7ਵੀਂ ਜਮਾਤ ਦਾ ਵਿਦਿਆਰਥੀ ਸੀ। 4 ਭਰਾਵਾਂ ’ਚੋਂ ਸਭ ਤੋਂ ਛੋਟਾ ਰਵੀ ਪੜ੍ਹਾਈ ’ਚ ਕਾਫੀ ਹੋਣਹਾਰ ਸੀ।

ਮ੍ਰਿਤਕ ਦੇ ਪਿਤਾ ਗੰਗਾਰਾਮ, ਜੋ ਸਟੀਮ ਪ੍ਰੈੱਸ ਦਾ ਕੰਮ ਕਰਦੇ ਹਨ, ਨੇ ਦੱਸਿਆ ਕਿ ਸੋਮਵਾਰ ਰਾਤ ਕਰੀਬ 11 ਵਜੇ ਜਦੋਂ ਉਹ ਕੰਮ ਤੋਂ ਪਰਤੇ ਤਾਂ ਰਵੀ ਬਾਹਰ ਖੇਡ ਰਿਹਾ ਸੀ। ਉਸ ਸਮੇਂ ਰਵੀ ਨੇ ਆਪਣੇ ਮੋਬਾਈਲ ਦੇ ਖਰਾਬ ਹੋਣ ਬਾਰੇ ਵੀ ਗੱਲ ਕੀਤੀ ਸੀ। ਜਦੋਂ ਪਿਤਾ ਕੁਝ ਦੇਰ ਲਈ ਬਾਹਰ ਗਏ, ਤਾਂ ਪਿੱਛੋਂ ਰਵੀ ਨੇ ਕਮਰੇ ’ਚ ਫਾਹਾ ਲੈ ਲਿਆ। ਵਾਪਸ ਆਉਣ ’ਤੇ ਜਦੋਂ ਦਰਵਾਜ਼ਾ ਤੋੜਿਆ ਗਿਆ ਤਾਂ ਅੰਦਰ ਰਵੀ ਦੀ ਲਾਸ਼ ਲਟਕ ਰਹੀ ਸੀ। ਡੂੰਘੇ ਸਦਮੇ ਕਾਰਨ ਪਿਤਾ ਰਾਤ ਭਰ ਬੇਟੇ ਦੀ ਲਾਸ਼ ਕੋਲ ਬੈਠੇ ਰਹੇ ਅਤੇ ਸਵੇਰੇ ਪੁਲਸ ਨੂੰ ਸੂਚਨਾ ਦਿੱਤੀ।

ਪਰਿਵਾਰ ਨੇ ਦੱਸਿਆ ਕਿ ਰਵੀ ਦੀ ਮਾਂ ਕੁਝ ਦਿਨ ਪਹਿਲਾਂ ਪਿੰਡ ਗਈ ਸੀ। ਰਵੀ ਨੇ ਪੇਪਰਾਂ ਦੀ ਤਿਆਰੀ ਦਾ ਹਵਾਲਾ ਦੇ ਕੇ ਨਾਲ ਜਾਣ ਤੋਂ ਮਨ੍ਹਾ ਕਰ ਦਿੱਤਾ ਸੀ। ਜੋ ਬੱਚਾ ਪੜ੍ਹਾਈ ਪ੍ਰਤੀ ਇੰਨਾ ਗੰਭੀਰ ਸੀ, ਉਸ ਵੱਲੋਂ ਅਜਿਹਾ ਕਦਮ ਚੁੱਕਣਾ ਸਭ ਨੂੰ ਹੈਰਾਨ ਕਰ ਰਿਹਾ ਹੈ। ਪੁਲਸ ਨੇ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀ ਹੈ। ਜਾਂਚ ਅਧਿਕਾਰੀ ਮੁਤਾਬਕ ਮੌਕੇ ਤੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ ਅਤੇ ਮਾਮਲੇ ਦੀ ਬਾਰੀਕੀ ਨਾਲ ਤਫਤੀਸ਼ ਕੀਤੀ ਜਾ ਰਹੀ ਹੈ।
 


author

Anmol Tagra

Content Editor

Related News