ਨਿਹੰਗ ਸਿੰਘਾਂ ਨੇ ਘੇਰ ਲਿਆ ਸ਼ਿਵ ਸੈਨਾ ਆਗੂ! ਭਿਆਨਕ ਬਣੇ ਹਾਲਾਤ (ਵੀਡੀਓ)
Monday, Jun 22, 2026 - 07:05 PM (IST)
ਲੁਧਿਆਣਾ: ਲੁਧਿਆਣਾ ਵਿਚ ਅੱਜ ਸਵੇਰੇ ਸਥਿਤੀ ਤਣਾਅਪੂਰਨ ਹੋ ਗਈ, ਜਦੋਂ ਕੁਝ ਨਿਹੰਗ ਸਿੰਘਾਂ ਵੱਲੋਂ ਸ਼ਿਵ ਸੈਨਾ ਪੰਜਾਬ ਦੇ ਚੇਅਰਮੈਨ ਰਾਜੀਵ ਟੰਡਨ ਦੀ ਗੱਡੀ ਨੂੰ ਰੋਕ ਕੇ ਘੇਰਾ ਪਾ ਲਿਆ। ਰਾਜੀਵ ਟੰਡਨ ਪੁਲਸ ਦੇ ਨਾਲ ਪਾਇਲਟ ਗੱਡੀ ਵਿਚ ਬੈਠ ਕੇ ਕਿੱਧਰੇ ਜਾ ਰਹੇ ਸਨ, ਜਦੋਂ ਨਿਹੰਗ ਸਿੰਘਾਂ ਨੇ ਉਨ੍ਹਾਂ ਦੀ ਗੱਡੀ ਰੋਕ ਲਈ ਤੇ ਇਸ ਦੌਰਾਨ ਗੱਡੀ ਦਾ ਸ਼ੀਸ਼ਾ ਵੀ ਭੰਨ੍ਹ ਦਿੱਤਾ ਗਿਆ। ਇਸ ਦੌਰਾਨ ਪੁਲਸ ਸੁਰੱਖਿਆ ਹੇਠ ਰਾਜੀਵ ਟੰਡਨ ਨੂੰ ਉਸ ਜਗ੍ਹਾ ਤੋਂ ਸੁਰੱਖਿਆ ਲਿਜਾਇਆ ਗਿਆ।
ਜਾਣਕਾਰੀ ਮੁਤਾਬਕ, ਅੱਜ ਫਿਰੋਜ਼ਪੁਰ ਰੋਡ 'ਤੇ ਨਿਹੰਗ ਸਿੰਘਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਇਸ ਦੌਰਾਨ ਜਦੋਂ ਰਾਜੀਵ ਟੰਡਨ ਪਾਇਲਟ ਗੱਡੀ ਵਿਚ ਬੈਠ ਕੇ ਉੱਥੋਂ ਲੰਘਣ ਲੱਗੇ ਤਾਂ ਨਿਹੰਗ ਸਿੰਘਾਂ ਨੇ ਗੱਡੀ ਰੋਕ ਲਈ ਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਰਾਜੀਵ ਟੰਡਨ ਨੇ ਸੋਸ਼ਲ ਮੀਡੀਆ ਰਾਹੀਂ ਕਿਰਪਾਨ 'ਤੇ ਪਾਬੰਦੀ ਲਗਾਉਣ ਦੀ ਮੰਗ ਚੁੱਕੀ ਸੀ, ਜਿਸ ਮਗਰੋਂ ਨਿਹੰਗ ਸਿੰਘਾਂ ਵੱਲੋਂ ਉਨ੍ਹਾਂ ਦਾ ਵਿਰੋਧ ਕੀਤਾ ਗਿਆ। ਇਸ ਦੌਰਾਨ ਪਾਇਲਟ ਗੱਡੀ ਦਾ ਸ਼ੀਸ਼ਾ ਭੰਨ੍ਹਣ ਵਾਲੇ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ।
ਰਾਜੀਵ ਟੰਡਨ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਜੇਕਰ ਪੁਲਸ ਸਮੇਂ ਸਿਰ ਦਖ਼ਲ ਨਾ ਦਿੰਦੀ ਤਾਂ ਸਥਿਤੀ ਹੋਰ ਵਿਗੜ ਸਕਦੀ ਸੀ। ਇਸ ਮਗਰੋਂ ਸ਼ਿਵ ਸੈਨਾ ਵੱਲੋਂ ਪੁਲਸ ਕਮਿਸ਼ਨਰ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ।
